ਸਨਅਤੀ ਸ਼ਹਿਰ ਲੁਧਿਆਣਾ ਵਿੱਚ ਮੌਨਸੂਨ ਦੀ ਦੂਜੀ ਬਰਸਾਤ ਨੇ ਆਮ ਜਨ-ਜੀਵਨ ਬੁਰੀ ਤਰ੍ਹਾਂ ਪ੍ਰਭਾਵਿਤ ਕਰ ਦਿੱਤਾ ਹੈ। ਅੱਜ ਲਗਾਤਾਰ ਦੂਜੇ ਦਿਨ ਵੀ ਦੁਪਹਿਰ ਬਾਅਦ ਪਏ ਕੁੱਝ ਕੁ ਮਿੰਟਾਂ ਦੇ ਤੇਜ਼ ਮੀਂਹ ਨੇ ਸ਼ਹਿਰ ਦੇ ਕਈ ਹਿੱਸਿਆਂ ਨੂੰ ਜਲ-ਥਲ ਕਰ ਦਿੱਤਾ। ਸਵੇਰ ਵੇਲੇ ਨਿੱਕਲੀ ਤਿੱਖੀ ਧੁੱਪ ਅਤੇ ਹੁੰਮਸ ਭਰੀ ਤਪਸ਼ ਕਾਰਨ ਲੋਕ ਬੇਚੈਨ ਸਨ, ਪਰ ਦੁਪਹਿਰ ਬਾਅਦ ਲਗਪਗ 3 ਵਜੇ ਅਚਾਨਕ ਅਸਮਾਨ ਵਿੱਚ ਕਾਲੇ ਬੱਦਲ ਛਾ ਗਏ ਅਤੇ ਤੇਜ਼ ਹਨੇਰੀ ਦੇ ਨਾਲ ਮੀਂਹ ਸ਼ੁਰੂ ਹੋ ਗਿਆ। ਤੇਜ਼ ਹਨੇਰੀ ਅਤੇ ਅਚਾਨਕ ਆਏ ਇਸ ਮੀਂਹ ਨੇ ਰਾਹਗੀਰਾਂ ਨੂੰ ਸੰਭਲਣ ਜਾਂ ਸੁਰੱਖਿਅਤ ਥਾਵਾਂ ਤੱਕ ਪਹੁੰਚਣ ਦਾ ਮੌਕਾ ਵੀ ਨਹੀਂ ਦਿੱਤਾ। ਅੱਧੇ ਤੋਂ ਪੌਣੇ ਘੰਟੇ ਦੀ ਇਸ ਬਾਰਸ਼ ਕਾਰਨ ਲੁਧਿਆਣਾ ਦੇ ਅਹਿਮ ਹਿੱਸਿਆਂ ਜਿਵੇਂ ਗਿੱਲ ਰੋਡ, ਹੈਬੋਵਾਲ, ਚੌੜਾ ਬਾਜ਼ਾਰ, ਟਰਾਂਸਪੋਰਟ ਨਗਰ, ਸਮਰਾਲਾ ਚੌਕ ਅਤੇ ਜਲੰਧਰ ਬਾਈਪਾਸ ਦੀਆਂ ਸੜਕਾਂ ’ਤੇ ਗੋਡੇ-ਗੋਡੇ ਪਾਣੀ ਜਮ੍ਹਾਂ ਹੋ ਗਿਆ। ਸੜਕਾਂ ’ਤੇ ਪਾਣੀ ਭਰਨ ਕਾਰਨ ਹਾਦਸਿਆਂ ਦੇ ਡਰੋਂ ਵਾਹਨ ਚਾਲਕਾਂ ਨੂੰ ਗੱਡੀਆਂ ਕੀੜੀ ਦੀ ਚਾਲ ਚਲਾਉਣੀਆਂ ਪਈਆਂ। ਇਸ ਤਰ੍ਹਾਂ ਕਈ ਮੁੱਖ ਮਾਰਗਾਂ ’ਤੇ ਘੰਟਿਆਂਬੱਧੀ ਲੰਮਾ ਜਾਮ ਲੱਗਿਆ ਰਿਹਾ। ਮੌਸਮ ਮਾਹਿਰਾਂ ਅਨੁਸਾਰ ਅੱਜ ਸ਼ਹਿਰ ਦਾ ਵੱਧ ਤੋਂ ਵੱਧ ਤਾਪਮਾਨ 36 ਡਿਗਰੀ ਅਤੇ ਘੱਟ ਤੋਂ ਘੱਟ 28 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਮੌਸਮ ਵਿਭਾਗ ਨੇ ਪੇਸ਼ੀਨਗੋਈ ਕੀਤੀ ਹੈ ਕਿ ਆਉਣ ਵਾਲੇ ਦਿਨਾਂ ਵਿੱਚ ਵੀ ਮੌਸਮ ਦਾ ਮਿਜ਼ਾਜ ਅਜਿਹਾ ਹੀ ਬਣਿਆ ਰਹੇਗਾ। ਐਤਵਾਰ 5 ਜੁਲਾਈ ਤੋਂ 12 ਜੁਲਾਈ ਤੱਕ ਪਾਰਾ ਡਿੱਗ ਕੇ 31 ਤੋਂ 34 ਡਿਗਰੀ ਸੈਲਸੀਅਸ ਦੇ ਵਿਚਕਾਰ ਰਹਿਣ ਦੀ ਉਮੀਦ ਹੈ। ਇਸ ਦੇ ਨਾਲ ਹੀ ਸੋਮਵਾਰ ਅਤੇ ਮੰਗਲਵਾਰ ਨੂੰ ਸ਼ਹਿਰ ਅਤੇ ਆਸ-ਪਾਸ ਦੇ ਇਲਾਕਿਆਂ ਵਿੱਚ ਭਾਰੀ ਮੀਂਹ ਪੈਣ ਦੀ ਚਿਤਾਵਨੀ ਵੀ ਜਾਰੀ ਕੀਤੀ ਗਈ ਹੈ।
ਹਲਵਾਰਾ ਹਵਾਈ ਅੱਡੇ ਦਾ ਬੁਨਿਆਦੀ ਢਾਂਚਾ ਮੁੜ ਬਹਾਲ
ਗੁਰੂਸਰ ਸੁਧਾਰ (ਸੰਤੋਖ ਗਿੱਲ): ਕੁਝ ਸਮਾਂ ਪਹਿਲਾਂ ਆਏ ਭਾਰੀ ਮੀਂਹ ਅਤੇ ਝੱਖੜ ਕਾਰਨ ਕੌਮਾਂਤਰੀ ਹਵਾਈ ਅੱਡਾ ਹਲਵਾਰਾ ਦੇ ਸਿਵਲ ਟਰਮੀਨਲ ਦੇ ਜਿਸ ਹਿੱਸੇ ਦਾ ਨੁਕਸਾਨ ਹੋਇਆ ਸੀ, ਉਸ ਦੇ ਮੁਰੰਮਤ ਅਤੇ ਰੱਖ-ਰਖਾਅ ਦੇ ਸਾਰੇ ਕਾਰਜ ਸਫਲਤਾਪੂਰਵਕ ਪੂਰੇ ਕਰ ਲੈਣ ਦਾ ਦਾਅਵਾ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਕੀਤਾ ਗਿਆ ਹੈ। ਵਧੀਕ ਡਿਪਟੀ ਕਮਿਸ਼ਨਰ ਜਗਰਾਉਂ ਮਨਜੀਤ ਸਿੰਘ ਚੀਮਾ ਅਨੁਸਾਰ ਹਵਾਈ ਅੱਡੇ ਦੇ ਕੁਝ ਹਿੱਸੇ ਨੂੰ ਹੋਏ ਨੁਕਸਾਨ ਦਾ ਸਬੰਧਤ ਵਿਭਾਗਾਂ ਅਤੇ ਏਜੰਸੀਆਂ ਨੇ ਆਪਸੀ ਤਾਲਮੇਲ ਨਾਲ ਸਮਾਂਬੱਧ ਤਰੀਕੇ ਨਾਲ ਪੂਰਾ ਕੀਤਾ ਹੈ। ਇਸ ਤਰ੍ਹਾਂ ਹਵਾਈ ਅੱਡੇ ਦੇ ਜ਼ਰੂਰੀ ਬੁਨਿਆਦੀ ਢਾਂਚੇ ਨੂੰ ਮੁੜ ਪੂਰੀ ਤਰ੍ਹਾਂ ਕਾਰਜਸ਼ੀਲ ਅਤੇ ਸੁਰੱਖਿਅਤ ਹਾਲਤ ਵਿੱਚ ਬਹਾਲ ਕਰ ਦਿੱਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਸਬੰਧਤ ਵਿਭਾਗਾਂ ਨੇ ਹਵਾਈ ਅੱਡੇ ਦਾ ਹਰ ਮਹੱਤਵਪੂਰਨ ਹਿੱਸਾ ਤੈਅ ਸੁਰੱਖਿਆ ਅਤੇ ਸੰਚਾਲਨ ਮਾਪਦੰਡਾਂ ਅਨੁਸਾਰ ਪੂਰੀ ਤਰ੍ਹਾਂ ਤਿਆਰ ਕੀਤਾ ਗਿਆ ਹੈ, ਤਾਂ ਜੋ ਹਵਾਈ ਸੇਵਾਵਾਂ ਦੇ ਸੰਚਾਲਨ ਵਿੱਚ ਕਿਸੇ ਵੀ ਤਰ੍ਹਾਂ ਦੀ ਰੁਕਾਵਟ ਨਾ ਆਵੇ। ਪ੍ਰਸ਼ਾਸਨ ਵੱਲੋਂ ਕੰਮਾਂ ਦੀ ਸਮੇਂ-ਸਿਰ ਸਮੀਖਿਆ ਕੀਤੀ ਗਈ, ਜਿਸ ਨਾਲ ਸਾਰੇ ਕੰਮ ਤੈਅ ਗੁਣਵੱਤਾ ਮਾਪਦੰਡਾਂ ਅਤੇ ਸੁਰੱਖਿਆ ਮਾਪਦੰਡਾਂ ਦੀ ਪਾਲਣਾ ਕਰਦਿਆਂ ਪੂਰੇ ਕੀਤੇ ਗਏ ਹਨ। ਕੌਮਾਂਤਰੀ ਹਵਾਈ ਅੱਡਾ ਹਲਵਾਰਾ ਪੰਜਾਬ ਵਿੱਚ ਖੇਤਰੀ ਹਵਾਈ ਸੰਪਰਕ ਨੂੰ ਮਜ਼ਬੂਤ ਕਰਨ ਦੇ ਨਾਲ-ਨਾਲ ਉਦਯੋਗ, ਵਪਾਰ ਅਤੇ ਆਰਥਿਕ ਵਿਕਾਸ ਲਈ ਮਹੱਤਵਪੂਰਨ ਬੁਨਿਆਦੀ ਢਾਂਚਾ ਹੈ। ਹਵਾਈ ਅੱਡੇ ਦੀ ਪੂਰੀ ਬਹਾਲੀ ਨਾਲ ਯਾਤਰੀਆਂ ਨੂੰ ਸੁਰੱਖਿਅਤ, ਸੁਚਾਰੂ ਅਤੇ ਕੁਸ਼ਲ ਹਵਾਈ ਸੇਵਾਵਾਂ ਉਪਲੱਬਧ ਕਰਵਾਉਣ ਦਾ ਰਾਹ ਮਜ਼ਬੂਤ ਹੋ ਗਿਆ ਹੈ। ਉਨ੍ਹਾਂ ਕਿਹਾ ਕਿ ਪ੍ਰਸ਼ਾਸਨ ਯਾਤਰੀਆਂ ਦੀ ਸੁਰੱਖਿਆ, ਹਵਾਈ ਅੱਡੇ ਦੀ ਨਿਰਵਿਘਨ ਕਾਰਗੁਜ਼ਾਰੀ ਅਤੇ ਉੱਚ-ਗੁਣਵੱਤਾ ਵਾਲੀਆਂ ਸੇਵਾਵਾਂ ਨੂੰ ਯਕੀਨੀ ਬਣਾਉਣ ਲਈ ਪੂਰੀ ਤਰ੍ਹਾਂ ਵਚਨਬੱਧ ਹੈ।
