DT
PT
Subscribe To Print Edition About The Punjabi Tribune Code Of Ethics Download App Advertise with us Classifieds
Grand Independence Day Sale
search-icon-img
search-icon-img
Advertisement

ਦੋ ਘੰਟੇ ਪਏ ਭਰਵੇਂ ਮੀਂਹ ਮਗਰੋਂ ਲੁਧਿਆਣਾ ਜਲ-ਥਲ

ਸੜਕਾਂ ਦਰਿਆ ਬਣੀਆਂ; ਕਈ ਥਾੲੀਂ ਹਾਦਸੇ ਵਾਪਰੇ; ਘਰਾਂ ਤੇ ਦੁਕਾਨਾਂ ’ਚ ਪਾਣੀ ਵਡ਼ਿਆ

  • fb
  • twitter
  • whatsapp
  • whatsapp
featured-img featured-img
ਲੁਧਿਆਣਾ ਦੇ ਗੁਰਦੇਵ ਨਗਰ ਵਿੱਚ ਵੀਰਵਾਰ ਨੂੰ ਮੀਂਹ ਮਗਰੋਂ ਧਸੀ ਸੜਕ ਕਾਰਨ ਖੱਡੇ ’ਚ ਡਿੱਗੀ ਕਾਰ ਨੂੰ ਦੇਖਦੇ ਹੋਏ ਲੋਕ। -ਫੋਟੋ: ਹਿਮਾਂਸ਼ੂ ਮਹਾਜਨ
Advertisement

ਸਮਾਰਟ ਸਿਟੀ ਲੁਧਿਆਣਾ ਨੂੰ ਪਾਣੀ ਦੀ ਨਿਕਾਸੀ ਵਜੋਂ ਸਮਾਰਟ ਬਣਾਉਣ ਦੇ ਨਗਰ ਨਿਗਮ ਦੇ ਵੱਡੇ-ਵੱਡੇ ਦਾਅਵੇ ਅੱਜ ਸਵੇਰੇ ਦੋ ਘੰਟੇ ਦੇ ਮੀਂਹ ਨੇ ਪਾਣੀ ਵਿੱਚ ਰੋੜ੍ਹ ਦਿੱਤੇ। ਸਮਾਰਟ ਸਿਟੀ ਦੀਆਂ ਸੜਕਾਂ ਦੇ ਹਾਲਾਤ ਦਰਿਆ ਵਰਗੇ ਹੋ ਗਏ। ਸ਼ਹਿਰ ਦੀਆਂ ਜ਼ਿਆਦਾਤਰ ਸੜਕਾਂ ਜਲਥਲ ਹੋ ਗਈਆਂ, ਜਿਸ ਕਾਰਨ ਲੋਕਾਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ।

ਨਿਕਾਸੀ ਨਾ ਹੋਣ ਕਾਰਨ ਮੀਂਹ ਦਾ ਪਾਣੀ ਲੋਕਾਂ ਦੇ ਘਰਾਂ ਅਤੇ ਦੁਕਾਨਾਂ ਵਿੱਚ ਵੜ੍ਹ ਗਿਆ, ਜਿਸ ਨਾਲ ਕਾਰੋਬਾਰੀਆਂ ਦਾ ਨੁਕਸਾਨ ਹੋਇਆ। ਉਧਰ, ਸ਼ਹਿਰ ਦੀਆਂ ਕਈ ਸੜਕਾਂ ਬੈਠ ਗਈਆਂ, ਕਈ ਥਾਂ ’ਤੇ ਲੋਕਾਂ ਦੀਆਂ ਗੱਡੀਆਂ, ਈ-ਰਿਕਸ਼ੇ ਫੱਸੇ ਰਹੇ। ਕਈ ਇਲਾਕਿਆਂ ਵਿੱਚ ਈ-ਰਿਕਸ਼ੇ ਤੇ ਦੋਪਹੀਆ ਵਾਹਨ ਸੜਕਾਂ ’ਤੇ ਪਏ ਟੋਇਆਂ ਕਾਰਨ ਡਿੱਗਦੇ ਰਹੇ ਤੇ ਲੋਕਾਂ ਨੂੰ ਸੱਟਾਂ ਵੀ ਲੱਗੀਆਂ।

Advertisement

ਸਵੇਰੇ ਸੱਤ ਵਜੇ ਸ਼ੁਰੂ ਹੋਇਆ ਮੀਂਹ ਲਗਾਤਾਰ ਦੋ ਘੰਟੇ ਪੈਂਦਾ ਰਿਹਾ। ਸ਼ਹਿਰ ਦੇ ਮੁੱਖ ਇਲਾਕੇ, ਚੰਡੀਗੜ੍ਹ ਰੋਡ, ਸ਼ਿੰਗਾਰ ਸਿਨੇਮਾ ਰੋਡ, ਕੇਸਰਗੰਜ ਮੰਡੀ, ਬੂਟੇਸ਼ਾਹ ਮੰਡੀ, ਸੁੰਦਰ ਨਗਰ, ਬਸਤੀ ਜੋਧੇਵਾਲ, ਸੁਭਾਸ਼ ਨਗਰ, ਟਿੱਬਾ ਰੋਡ, ਮਾਧੋਪੁਰੀ, ਸ਼ਿਵਾਜੀ ਨਗਰ, ਧਰਮਪੁਰਾ, ਅਮਰਪੁਰਾ, ਸੁਭਾਣੀ ਬਿਲਡਿੰਗ ਰੋਡ, ਨੀਮ ਵਾਲਾ ਚੌਕ ਅਤੇ ਹੈਬੋਵਾਲ ਵਿੱਚ ਗੋਡੇ-ਗੋਡੇ ਪਾਣੀ ਭਰ ਗਿਆ। ਬੁੱਢੇ ਦਰਿਆ ਨਾਲ ਲੱਗਦੇ ਇਲਾਕਿਆਂ ਵਿੱਚ ਪਾਣੀ ਭਰਨ ਕਾਰਨ ਲੋਕਾਂ ਦਾ ਲੰਘਣਾ ਮੁਸ਼ਕਲ ਹੋ ਗਿਆ। ਮੌਸਮ ਵਿਭਾਗ ਨੇ ਆਉਂਦੇ ਦੋ ਦਿਨਾਂ ਲਈ ਹੋਰ ਭਾਰੀ ਬਾਰਿਸ਼ ਦੀ ਚਿਤਾਵਨੀ ਜਾਰੀ ਕੀਤੀ ਹੈ।

Advertisement

ਸ਼ਹਿਰ ਦੀ ਬਦਹਾਲੀ ’ਤੇ ਸਾਬਕਾ ਕੇਂਦਰੀ ਮੰਤਰੀ ਰਵਨੀਤ ਸਿੰਘ ਬਿੱਟੂ ਨੇ ਸੂਬਾ ਸਰਕਾਰ ’ਤੇ ਤਿੱਖਾ ਹਮਲਾ ਬੋਲਿਆ। ਸੋਸ਼ਲ ਮੀਡੀਆ ’ਤੇ ਵੀਡੀਓ ਸਾਂਝੀ ਕਰਦਿਆਂ ਉਨ੍ਹਾਂ ਤਨਜ਼ ਕੱਸਿਆ ਕਿ ਇਸ਼ਤਿਹਾਰਾਂ ਵਿੱਚ ਦਿਖਾਇਆ ਜਾ ਰਿਹਾ ‘ਰੰਗਲਾ ਪੰਜਾਬ’ ਅੱਜ ਪਾਣੀ ਵਿੱਚ ਡੁੱਬ ਚੁੱਕਾ ਹੈ। ਉੱਥੇ ਹੀ ਸਥਾਨਕ ਕੌਂਸਲਰ ਗੌਰਵਜੀਤ ਗੋਰਾ ਨੇ ਵੀ ਪਾਣੀ ਵਿੱਚ ਖੜ੍ਹੇ ਹੋ ਕੇ ਪ੍ਰਸ਼ਾਸਨਿਕ ਨਾਕਾਮੀ ’ਤੇ ਰੋਸ ਪ੍ਰਗਟਾਇਆ।

ਮੈਨਹੋਲ ’ਚ ਬਜ਼ੁਰਗ ਡਿੱਗਿਆ; ਧਸੀ ਸੜਕ ’ਚ ਪਲਟੀ ਕਾਰ

ਮੀਂਹ ਦੌਰਾਨ ਕੋਟ ਮੰਗਲ ਸਿੰਘ ਨਗਰ ਦਾ ਇੱਕ ਬਜ਼ੁਰਗ ਸਾਈਕਲ ਸਣੇ ਖੁੱਲ੍ਹੇ ਪਏ ਮੈਨਹੋਲ ਵਿੱਚ ਡਿੱਗ ਗਿਆ। ਉਸ ਨੇ ਗਟਰ ਅੰਦਰ ਲੱਗੇ ਲੋਹੇ ਦੇ ਸਰੀਆਂ ਨੂੰ ਫੜ ਕੇ ਆਪਣੀ ਜਾਨ ਬਚਾਈ। ਦੂਜੇ ਪਾਸੇ ਗੁਰਦੇਵ ਨਗਰ ਵਿੱਚ ਹੀਰੋ ਬੇਕਰੀ ਪਿੱਛੇ ਸੜਕ ਧਸਣ ਕਾਰਨ ਇੱਕ ਕੱਪੜਾ ਉਦਯੋਗਪਤੀ ਦੀ ਕਾਰ ਪਲਟ ਗਈ। ਇਸ ਤੋਂ ਇਲਾਵਾ ਮਾਡਲ ਟਾਊਨ ਮਾਰਗ ’ਤੇ ਦੀਪ ਹਸਪਤਾਲ ਨੇੜੇ ਪਾਣੀ ਭਰਨ ਕਾਰਨ ਖੱਡਾ ਨਾ ਦਿਸਣ ਕਰ ਕੇ ਪੰਜ ਈ-ਰਿਕਸ਼ਾ ਪਲਟ ਗਏ। ਗੁਰਦੇਵ ਨਗਰ ਇਲਾਕੇ ਵਿੱਚ ਮੀਂਹ ਦੌਰਾਨ ਇੱਕ ਵਪਾਰੀ ਸੜਕ ’ਤੇ ਆਪਣੀ ਗੱਡੀ ਵਿੱਚ ਬੈਠਾ ਸੀ, ਇਸ ਦੌਰਾਨ ਉਸ ਦੀ ਕਾਰ ਥੱਲੇ ਹੋਣ ਲੱਗੀ, ਉਸ ਨੇ ਜਦੋਂ ਬਾਹਰ ਆ ਕੇ ਦੇਖਿਆ ਤਾਂ ਕੁੱਝ ਹੀ ਮਿੰਟਾਂ ਵਿੱਚ ਉਸ ਦਾ ਕਾਰ ਦੇ ਥੱਲੇ ਦੀ ਸੜਕ ਬੈਠ ਗਈ ਤੇ ਉਸ ਦੀ ਕਾਰ ਉਸ ਟੋਏ ਵਿੱਚ ਡਿੱਗ ਗਈ। ਇਸ ਮਗਰੋਂ ਨਗਰ ਨਿਗਮ ਦੇ ਮੁਲਾਜ਼ਮਾਂ ਨੇ ਕਰੇਨ ਮੰਗਵਾ ਕੇ ਕਾਰ ਨੂੰ ਬਾਹਰ ਕੱਢਿਆ। ਇਸੇ ਤਰ੍ਹਾਂ ਇਸੇ ਵਾਰਡ ਦੇ ਦੂਜੇ ਇਲਾਕੇ ਸਰਗੋਧਾ ਕਲੋਨੀ ਵਿੱਚ ਸੀਵਰੇਜ ਲਈ ਸੜਕਾਂ ਪੁੱਟੀਆਂ ਹੋਈਆਂ ਸਨ, ਜਿਸ ਕਰ ਕੇ ਉੱਥੇ ਮੀਂਹ ਤੋਂ ਬਾਅਦ ਲੋਕਾਂ ਦੀਆਂ ਗੱਡੀਆਂ ਚਿੱਕੜ ਵਿੱਚ ਫਸ ਗਈਆਂ, ਉਥੇ ਵੀ ਕਰੇਨ ਮੰਗਵਾ ਕੇ ਲੋਕਾਂ ਦੀਆਂ ਗੱਡੀਆਂ ਬਾਹਰ ਕੱਢਣੀਆਂ ਪਈਆਂ।

Advertisement
×