ਇੰਟੈਲੀਜੈਂਟ ਟਰੈਫਿਕ ਸਿਸਟਮ ਅਪਣਾਉਣ ਵਾਲਾ ਲੁਧਿਆਣਾ ਤੀਜਾ ਸ਼ਹਿਰ
ਡੀ ਜੀ ਪੀ ਗੌਰਵ ਯਾਦਵ ਨੇ ਅਤਿ-ਆਧੁਨਿਕ ਇੰਟੀਗ੍ਰੇਟਿਡ ਕਮਾਂਡ ਐਂਡ ਕੰਟਰੋਲ ਸੈਂਟਰ ਦਾ ਉਦਘਾਟਨ ਕੀਤਾ
ਜਲੰਧਰ ਅਤੇ ਮੁਹਾਲੀ ਮਗਰੋਂ ਹੁਣ ਲੁਧਿਆਣਾ ਸੂਬੇ ਦਾ ਤੀਜਾ ਅਜਿਹਾ ਸ਼ਹਿਰ ਬਣ ਗਿਆ ਹੈ, ਜਿੱਥੇ ਇੰਟੈਲੀਜੈਂਟ ਟਰੈਫਿਕ ਮੈਨੇਜਮੈਂਟ ਸਿਸਟਮ (ਆਈ ਟੀ ਐੱਮ ਐੱਸ) ਸਥਾਪਤ ਕੀਤਾ ਗਿਆ ਹੈ। ਡਾਇਰੈਕਟਰ ਜਨਰਲ ਆਫ ਪੁਲੀਸ (ਡੀ ਜੀ ਪੀ) ਪੰਜਾਬ ਗੌਰਵ ਯਾਦਵ ਨੇ ਅੱਜ ਭਵਿੱਖਮੁਖੀ ਇੰਟੀਗ੍ਰੇਟਿਡ ਕਮਾਂਡ ਐਂਡ ਕੰਟਰੋਲ ਸੈਂਟਰ (ਆਈ ਸੀ ਸੀ ਸੀ) ਦਾ ਉਦਘਾਟਨ ਕੀਤਾ। ਡੀ ਜੀ ਪੀ ਨੇ ਦੱਸਿਆ ਕਿ ਆਈ ਸੀ ਸੀ ਸੀ ਪ੍ਰਾਜੈਕਟ ਤਹਿਤ ਸ਼ਹਿਰ ਦੀ ਨਿਗਰਾਨੀ ਨੂੰ ਹੋਰ ਮਜ਼ਬੂਤ ਕਰਨ ਲਈ 259 ਥਾਵਾਂ ’ਤੇ 1,700 ਹਾਈ-ਰੈਜ਼ੋਲਿਊਸ਼ਨ ਕੈਮਰੇ ਲਗਾਏ ਗਏ ਹਨ। ਸ਼ਹਿਰ ਭਰ ਵਿੱਚ 46 ਥਾਵਾਂ ’ਤੇ ਸਥਾਪਿਤ ਕੀਤਾ ਗਿਆ ਇਹ ਆਈ ਟੀ ਐੱਮ ਐੱਸ 9 ਟਰੈਫਿਕ ਉਲੰਘਣਾਵਾਂ ਦਾ ਪਤਾ ਲਗਾ ਸਕਦਾ ਹੈ, ਜਿਸ ਵਿੱਚ ਲਾਲ ਬੱਤੀ ਦੀ ਉਲੰਘਣਾ, ਸਟਾਪ ਲਾਈਨ ਦੀ ਉਲੰਘਣਾ, ਹੈਲਮੇਟ ਤੋਂ ਬਿਨਾਂ ਵਾਹਨ ਚਲਾਉਣਾ, ਪਿੱਛੇ ਬੈਠਣ ਵਾਲੇ ਯਾਤਰੀ ਵੱਲੋਂ ਹੈਲਮੇਟ ਨਾ ਪਹਿਨਣਾ, ਤਿੰਨ ਸਵਾਰੀਆਂ, ਓਵਰਸਪੀਡਿੰਗ, ਜ਼ੈਬਰਾ ਕਰਾਸਿੰਗ ਦੀ ਉਲੰਘਣਾ, ਗ਼ਲਤ ਸਾਈਡ ਡਰਾਈਵਿੰਗ ਅਤੇ ਗ਼ਲਤ ਪਾਰਕਿੰਗ ਸ਼ਾਮਲ ਹਨ। ਡੀ ਜੀ ਪੀ ਗੌਰਵ ਯਾਦਵ ਨੇ ਲੁਧਿਆਣਾ ਵਿੱਚ ਅਪਗਰੇਡ ਕੀਤੇ ਅਤਿ-ਆਧੁਨਿਕ ਆਈ ਸੀ ਸੀ ਸੀ ਨੂੰ ਇਹਤਿਆਤੀ ਪੁਲੀਸਿੰਗ ਵੱਲ ਅਹਿਮ ਕਦਮ ਦੱਸਿਆ। ਉਨ੍ਹਾਂ ਕਿਹਾ ਕਿ ਨਵੇਂ ਉਦਘਾਟਨ ਕੀਤੇ ਇਸ ਆਈ ਸੀ ਸੀ ਸੀ ਵਿੱਚ ਇੱਕੋ ਛੱਤ ਹੇਠ ਕਈ ਯੂਨਿਟਾਂ ਸ਼ਾਮਲ ਕੀਤੀਆਂ ਗਈਆਂ ਹਨ, ਜਿੰਨ੍ਹਾਂ ਵਿੱਚ ਟਰੈਫਿਕ, ਪੁਲੀਸ ਕੰਟਰੋਲ ਰੂਮ (ਪੀ ਸੀ ਆਰ), ਸੇਫ ਸਿਟੀ ਅਤੇ ਵਾਇਰਲੈੱਸ ਯੂਨਿਟ ਸ਼ਾਮਲ ਹਨ। ਇਸ ਨਾਲ ਪੁਲੀਸ ਦੇ ਕੰਮ-ਕਾਜ ਵਿੱਚ ਬਿਹਤਰ ਤਾਲਮੇਲ ਯਕੀਨੀ ਬਣੇਗਾ ਅਤੇ ਪੀ ਸੀ ਆਰ ਰਿਸਪਾਂਸ ਟਾਈਮ 15 ਮਿੰਟਾਂ ਤੋਂ ਘਟਾ ਕੇ ਮਹਿਜ਼ 7 ਤੋਂ 8 ਮਿੰਟ ਕਰ ਦਿੱਤਾ ਗਿਆ ਹੈ। ਡੀ ਜੀ ਪੀ ਪੁਲੀਸ ਕਮਿਸ਼ਨਰ ਸਵਪਨ ਸ਼ਰਮਾ ਅਤੇ ਡਿਪਟੀ ਇੰਸਪੈਕਟਰ ਜਨਰਲ ਆਫ਼ ਪੁਲੀਸ (ਡੀ ਆਈ ਜੀ) ਲੁਧਿਆਣਾ ਰੇਂਜ ਸਤਿੰਦਰ ਸਿੰਘ ਵੀ ਮੌਜੂਦ ਸਨ। ਉਨ੍ਹਾਂ ਨੇ ਫੀਲਡ ਅਧਿਕਾਰੀਆਂ ਨਾਲ ਵਿਆਪਕ ਮੀਟਿੰਗ ਵੀ ਕੀਤੀ, ਜਿਸ ਵਿੱਚ ਜਨਤਕ ਸ਼ਿਕਾਇਤਾਂ ਦੇ ਤੁਰੰਤ ਅਤੇ ਨਾਗਰਿਕ-ਕੇਂਦਰਿਤ ਹੱਲ ’ਤੇ ਜ਼ੋਰ ਦਿੱਤਾ ਗਿਆ। ਆਪਸੀ ਸਾਂਝ ਅਤੇ ਇਕਜੁੱਟਤਾ ਨੂੰ ਹੋਰ ਮਜ਼ਬੂਤ ਕਰਨ ਲਈ ਡੀ ਜੀ ਪੀ ਗੌਰਵ ਯਾਦਵ ਨੇ ਪੁਲੀਸ ਲਾਈਨਜ਼ ਵਿੱਚ ਪੰਜਾਬ ਪੁਲੀਸ ਦੇ ਸਾਰੇ ਰੈਂਕਾਂ ਦੇ 550 ਤੋਂ ਵੱਧ ਪੁਲੀਸ ਕਰਮਚਾਰੀਆਂ ਨਾਲ ਖਾਣਾ ਖਾਧਾ। ਇਸ ਮੌਕੇ ਸੀਨੀਅਰ ਸੁਪਰਡੈਂਟ ਆਫ ਪੁਲੀਸ (ਐੱਸ ਐੱਸ ਪੀ) ਲੁਧਿਆਣਾ (ਦਿਹਾਤੀ) ਅੰਕੁਰ ਗੁਪਤਾ, ਐੱਸ ਐੱਸ ਪੀ ਐੱਸ ਬੀ ਐੱਸ ਨਗਰ ਤੁਸ਼ਾਰ ਗੁਪਤਾ, ਐੱਸ ਐੱਸ ਪੀ ਖੰਨਾ ਦਰਪਣ ਆਹਲੂਵਾਲੀਆ ਅਤੇ ਡੀ ਜੀ ਪੀ ਪੰਜਾਬ ਦੇ ਸਟਾਫ ਅਫ਼ਸਰ ਰਿਸ਼ਭ ਭੋਲਾ ਵੀ ਮੌਜੂਦ ਸਨ।

