DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

Ludhiana Rain: ਮੌਨਸੂਨ ਦੇ ਪਲੇਠੇ ਮੀਂਹ ਨਾਲ ਹੋਇਆ ਜਲਥਲ

ਕਈ ਥਾਵਾਂ ’ਤੇ ਸੜਕਾਂ ਧਸੀਆਂ; ਨੀਵੀਆਂ ਸੜਕਾਂ ’ਤੇ ਪਾਣੀ ਖਡ਼੍ਹਿਆ

  • fb
  • twitter
  • whatsapp
  • whatsapp
featured-img featured-img
ਹੰਬੜਾਂ ਰੋਡ ’ਤੇ ਵੀਰਵਾਰ ਨੂੰ ਮੀਂਹ ਦੇ ਖੜ੍ਹੇ ਪਾਣੀ ਵਿੱਚੋਂ ਲੰਘਦੇ ਹੋਏ ਵਾਹਨ। -ਫੋਟੋ: ਹਿਮਾਂਸ਼ੂ
Advertisement

ਸਨਅਤੀ ਸ਼ਹਿਰ ਵਿੱਚ ਪਿਛਲੇ ਕਈ ਦਿਨਾਂ ਤੋਂ ਵਧੀ ਗਰਮੀ ਅਤੇ ਬਣੇ ਹੁੰਮਸ ਵਾਲੇ ਮੌਸਮ ਤੋਂ ਵੀਰਵਾਰ ਤੜਕੇ ਪਏ ਮੀਂਹ ਨੇ ਛੁਟਕਾਰਾ ਦਿਵਾ ਦਿੱਤਾ ਹੈ। ਮੀਂਹ ਨਾਲ ਕਈ ਖੇਤਰਾਂ ਵਿੱਚ ਸੜਕਾਂ ਹੇਠਾਂ ਧਸ ਗਈਆਂ, ਸੜਕਾਂ ’ਤੇ ਪਾੜ ਪੈ ਗਏ ਅਤੇ ਨੀਵੀਆਂ ਸੜਕਾਂ ’ਤੇ ਪਾਣੀ ਖੜ੍ਹ ਗਿਆ। ਵੀਰਵਾਰ ਸਾਰਾ ਦਿਨ ਬੱਦਲਵਾਈ ਰਹੀ ਜਿਸ ਕਰ ਕੇ ਦਿਨ ਦੇ ਤਾਪਮਾਨ ਵਿੱਚ ਆਮ ਨਾਲੋਂ 6 ਤੋਂ 7 ਡਿਗਰੀ ਸੈਲਸੀਅਸ ਤੱਕ ਦੀ ਕਮੀ ਦਰਜ ਕੀਤੀ ਗਈ। ਮਾਹਿਰਾਂ ਨੇ ਆਉਂਦੇ ਦਿਨਾਂ ਵਿੱਚ ਵੀ ਮੌਸਮ ਇਸੇ ਤਰ੍ਹਾਂ ਰਹਿਣ ਦੀ ਪੇਸ਼ੀਨਗੋਈ ਕੀਤੀ ਹੈ।

ਮੀਂਹ ਤੜਕੇ ਕਰੀਬ 3 ਕੁ ਵਜੇ ਪੈਣਾ ਸ਼ੁਰੂ ਹੋਇਆ ਅਤੇ ਦਿਨ ਚੜ੍ਹੇ ਤੱਕ ਪੈਂਦਾ ਰਿਹਾ। ਮੀਂਹ ਕਾਰਨ ਤਾਪਮਾਨ ਜੋ ਪਿਛਲੇ ਦਿਨਾਂ ਵਿੱਚ 38 ਤੋਂ 40 ਡਿਗਰੀ ਸੈਲਸੀਅਸ ਤੱਕ ਚੱਲ ਰਿਹਾ ਸੀ ਅੱਜ ਇੱਕਦਮ ਘੱਟ ਕੇ 30 ਤੋਂ 32 ਡਿਗਰੀ ਸੈਲਸੀਅਸ ਤੱਕ ਪਹੁੰਚ ਗਿਆ। ਮੀਂਹ ਕਾਰਨ ਕਈ ਥਾਵਾਂ ’ਤੇ ਸੜਕਾਂ ਹੇਠਾਂ ਧਸਣ, ਪਾੜ ਪੈਣ, ਪਾਣੀ ਖੜ੍ਹਾ ਹੋਣ, ਉਸਾਰੀ ਅਧੀਨ ਸੜਕਾਂ, ਗਲੀਆਂ ਵਿੱਚ ਚਿੱਕੜ ਹੋਣ ਕਰ ਕੇ ਆਵਾਜਾਈ ਬਹੁਤ ਪ੍ਰਭਾਵਿਤ ਹੋਈ। ਹੰਬੜਾਂ ਰੋਡ ’ਤੇ ਸੜਕ ਦੇ ਧਸਣ ਨਾਲ ਕਈ ਵਾਹਨ ਵੀ ਫਸੇ ਰਹੇ। ਇਸੇ ਤਰ੍ਹਾਂ ਸਿਟੀ ਸੈਂਟਰ ਰੋਡ, ਹੰਬੜਾਂ ਰੋਡ, ਸਮਰਾਲਾ ਚੌਕ, ਮੋਤੀ ਨਗਰ, ਸ਼ਿੰਗਾਰ ਸਿਨੇਮਾ ਰੋਡ, ਟਰਾਂਸਪੋਰਟ ਨਗਰ, ਫੋਕਲ ਪੁਆਇੰਟ, ਜਲੰਧਰ ਬਾਈਪਾਸ ਚੌਕ ਆਦਿ ਥਾਵਾਂ ’ਤੇ ਦਿਨ ਚੜ੍ਹੇ ਤੱਕ ਪਾਣੀ ਖੜ੍ਹਾ ਰਿਹਾ। ਉਧਰ, ਪੀ ਏ ਯੂ ਦੇ ਮੌਸਮ ਵਿਭਾਗ ਦੀ ਮੁਖੀ ਡਾ. ਪਵਨੀਤ ਕੌਰ ਕਿੰਗਰਾ ਨੇ ਦੱਸਿਆ ਕਿ ਪੰਜਾਬ ਵਿੱਚ ਮੌਨਸੂਨ ਨੇ ਦਸਤਕ ਦੇ ਦਿੱਤੀ ਹੈ। ਅੱਜ ਲੁਧਿਆਣਾ ਵਿੱਚ 89.6 ਐੱਮ ਐਮ ਮੀਂਹ ਦਰਜ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਆਉਂਦੇ 4-5 ਦਿਨ ਮੌਸਮ ਇਸੇ ਤਰ੍ਹਾਂ ਰਹਿਣ ਦੀ ਸੰਭਾਵਨਾ ਹੈ। ਇਸ ਦੌਰਾਨ 5 ਅਤੇ 6 ਜੁਲਾਈ ਨੂੰ ਦੁਬਾਰਾ ਭਰਵਾਂ ਮੀਂਹ ਪੈ ਸਕਦਾ ਹੈ।

Advertisement

ਹੈਬੋਵਾਲ ਦੀਆਂ ਡੇਅਰੀਆਂ ਵਿੱਚ ਪਾਣੀ ਭਰਿਆ

ਲੁਧਿਆਣਾ: ਇੱਥੇ ਬੁੱਢੇ ਨਾਲੇ ਦੀ ਪੁਨਰ ਸੁਰਜੀਤੀ ਨੂੰ ਲੈ ਕੇ ਡੇਅਰੀਆਂ ’ਤੇ ਪ੍ਰਸਾਸ਼ਨ ਵੱਲੋਂ ਪੂਰਾ ਸਿਕੰਜਾ ਕੱਸਿਆ ਹੋਇਆ ਹੈ। ਦੂਸ਼ਿਤ ਪਾਣੀ ਸਿੱਧਾ ਬੁੱਢੇ ਦਰਿਆ ਵਿੱਚ ਪਾਉਣਾ ਬੰਦ ਕੀਤਾ ਹੋਇਆ ਹੈ। ਵੀਰਵਾਰ ਪਏ ਭਾਰੀ ਮੀਂਹ ਕਾਰਨ ਹੈਬੋਵਾਲ ਡੇਅਰੀ ਕੰਪਲੈਕਸ ’ਚ ਬਰਸਾਤੀ ਨਾਲਾ ਓਵਰਫਲੋਅ ਹੋਣ ਕਰ ਕੇ ਅਮਰੀਕ ਸਿੰਘ ਦੀ ਡੇਅਰੀ ਵਿੱਚ ਪਾਣੀ ਭਰ ਗਿਆ। ਡੇਅਰੀ ਮਾਲਕ ਅਮਰੀਕ ਸਿੰਘ ਨੇ ਦੱਸਿਆ ਕਿ ਮੀਂਹ ਦੇ ਪਾਣੀ ਦੀ ਨਿਕਾਸੀ ਲਈ ਬਣੇ ਬਰਸਾਤੀ ਨਾਲੇ ਵਿੱਚ ਪਾਣੀ ਓਵਰਫਲੋਅ ਹੋ ਕੇ ਉਸ ਦੇ ਡੇਅਰੀ ਵਿੱਚ ਭਰ ਗਿਆ। ਉਸ ਦੀ ਡੇਅਰੀ ਸੜਕ ਤੋਂ ਵੀ ਨੀਵੀਂ ਹੈ। ਉਸ ਨੇ ਦੱਸਿਆ ਕਿ ਆਮ ਦਿਨਾਂ ’ਚ ਉਹ ਤੜਕੇ 2 ਵਜੇ ਤੋਂ 3 ਵਜੇ ਤੱਕ ਦੁੱਧ ਦੀ ਚੁਆਈ ਦਾ ਕੰਮ ਨਿਬੇੜ ਲੈਂਦੇ ਹਨ ਪਰ ਅੱਜ ਡੇਅਰੀ ਵਿੱਚ ਮੀਂਹ ਦਾ ਪਾਣੀ ਭਰ ਜਾਣ ਕਰ ਕੇ ਇਸ ਕੰਮ ਨੂੰ ਦੁਪਹਿਰ ਦੇ ਡੇਢ ਵਜ ਗਏ। ਇਸ ਦੌਰਾਨ ਪਸ਼ੂ ਵੀ ਕਈ ਘੰਟੇ ਪਾਣੀ ਵਿੱਚ ਖੜ੍ਹੇ ਰਹੇ। ਉਸ ਨੇ ਦੱਸਿਆ ਕਿ ਪਸ਼ੂਆਂ ਨੂੰ ਅਰਾਮ ਨਾ ਮਿਲਣ ਕਰਕੇ ਦੋ ਗਾਵਾਂ ਬਿਮਾਰ ਵੀ ਹੋ ਗਈਆਂ ਹਨ। ਉਸ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਬਰਸਾਤੀ ਮੌਸਮ ਤੋਂ ਪਹਿਲਾਂ ਪਹਿਲਾਂ ਇਸ ਨਾਲੇ ਨੂੰ ਖੋਲ੍ਹਿਆ ਜਾਵੇ।

ਮੀਂਹ ਨੇ ਰਾਏਕੋਟ ਵਿੱਚ ਸੀਵਰੇਜ ਪ੍ਰਬੰਧਾਂ ਦੀ ਪੋਲ ਖੋਲ੍ਹੀ

ਰਾਏਕੋਟ (ਚਰਨਜੀਤ ਸਿੰਘ ਢਿੱਲੋਂ): ਮੌਨਸੂਨ ਸੀਜ਼ਨ ਦੇ ਪਏ ਪਹਿਲੇ ਮੀਂਹ ਨੇ ਨਗਰ ਕੌਂਸਲ ਰਾਏਕੋਟ ਵੱਲੋਂ ਪਾਣੀ ਦੀ ਨਿਕਾਸੀ ਲਈ ਕੀਤੇ ਪ੍ਰਬੰਧਾਂ ਦੀ ਪੋਲ੍ਹ ਖੋਲ੍ਹ ਦਿੱਤੀ ਹੈ। ਲੁਧਿਆਣਾ ਮਾਰਗ ਅਤੇ ਹੋਰ ਥਾਵਾਂ ਤੇ ਘੰਟਿਆਂ ਬੱਧੀ ਗੋਡੇ-ਗੋਡੇ ਪਾਣੀ ਖੜ੍ਹਾ ਰਿਹਾ। ਪਿੰਡ ਭੈਣੀ ਤੋਂ ਬੈਂਕ ਵਿੱਚ ਕੰਮ ਆਏ ਹਰਦੇਵ ਸਿੰਘ, ਕਰਨੈਲ ਸਿੰਘ ਨੇ ਦੱਸਿਆ ਕਿ ਸੜਕਾਂ ’ਤੇ ਖੜ੍ਹੇ ਪਾਣੀ ਵਿੱਚ ਦੀ ਲੰਘਣਾ ਜੋਖਮ ਭਰਿਆ ਕਾਰਜ ਹੈ। ਸ਼ਹਿਰ ਵਿੱਚ ਕਈ ਥਾਵਾਂ ਤੇ ਸੀਵਰੇਜ ਹੋਲਾਂ ਦੇ ਢੱਕਣ ਨਹੀਂ ਹਨ। ਅੱਜ ਸ਼ਹਿਰ ਦੀਆਂ ਕਰੀਬ 10 ਬੈਂਕਾਂ ਦੀਆਂ ਸ਼ਾਖਾਵਾਂ ਅੱਗੇ ਪਾਣੀ ਖੜ੍ਹਾ ਹੋਇਆ ਸੀ। ਸਮਾਜ ਸੇਵੀ ਗੁਰਮੀਤ ਸਿੰਘ ਜਲਾਲਦੀਵਾਲ ਅਤੇ ਸ਼ਹਿਰ ਵਾਸੀ ਦੁਕਾਨਦਾਰਾਂ ਅਤੇ ਬੈਂਕ ਮੈਨੇਜਰਾਂ ਨੇ ਪ੍ਰਸ਼ਾਸਨ ਨੂੰ ਅਪੀਲ ਕੀਤੀ ਹੈ ਕਿ ਇਸ ਸਮੱਸਿਆ ਦਾ ਜਲਦੀ ਹੱਲ ਕੀਤਾ ਜਾਵੇ ਅਤੇ ਸੀਵਰੇਜ ਵਾਲੇ ਨਾਲਿਆਂ ਅਤੇ ਹੋਲਾਂ ਦੀ ਸਫਾਈ ਕਰ ਕੇ ਉਨ੍ਹਾਂ ਉਪਰ ਬਾਕਾਇਦਾ ਢੱਕਣ ਲਗਾਏ ਜਾਣ।

Advertisement
Advertisement
×