ਗਗਨਦੀਪ ਅਰੋੜਾ
ਲੁਧਿਆਣਾ, 25 ਜਨਵਰੀ
ਕੇਂਦਰੀ ਖੇਤੀ ਕਾਨੂੰਨਾਂ ਖ਼ਿਲਾਫ਼ ਸੰਘਰਸ਼ ਵਿਚ ਪੂਰਾ ਲੁਧਿਆਣਾ ਕਿਸਾਨੀ ਰੰਗ ਵਿੱਚ ਰੰਗਿਆ ਗਿਆ ਹੈ। ਇਥੋਂ ਦੇ ਜ਼ਿਆਦਾਤਰ ਸ਼ਹਿਰੀਆਂ ਨੇ ਆਪਣੀਆਂ ਗੱਡੀਆਂ ਮੂਹਰੇ ਕਿਸਾਨੀ ਝੰਡੇ ਲਾਏ ਹੋਏ ਸਨ। ਇਸ ਦੇ ਨਾਲ ਹੀ ਕੌਮੀ ਸ਼ਾਹ ਮਾਰਗ ’ਤੇ ਜਿੰਨੇ ਵੀ ਕਿਸਾਨੀ ਸੰਘਰਸ਼ ਦੇ ਪੱਕੇ ਮੋਰਚੇ ਲੱਗੇ ਹਨ, ਉਥੇ ਵੱਡੀ ਗਿਣਤੀ ਨੌਜਵਾਨ ਤੇ ਹੋਰ ਲੋਕ ਆਪਣੀ ਹਾਜ਼ਰੀ ਲਗਵਾ ਰਹੇ ਹਨ। ਲੁਧਿਆਣਾ ਦੇ ਲਾਡੋਵਾਲ ਨੇੜੇ ਅਤੇ ਹੋਰ ਕਈ ਥਾਵਾਂ ’ਤੇ ਲੰਗਰ ਤੇ ਹੋਰ ਜ਼ਰੂਰੀ ਵਸਤੂਆਂ ਦੇ ਸਟਾਲ ਲਾਏ ਗਏ ਹਨ। ਲੁਧਿਆਣਾ ਦੇ ਲਾਡੋਵਾਲ ਨੇੜੇ ਸੂਬੇ ਦੇ ਸਭ ਤੋਂ ਮਹਿੰਗੇ ਟੌਲ ਪਲਾਜ਼ਾ ’ਤੇ ਕਿਸਾਨ ਸਮਰਥਕਾਂ ਵੱਲੋਂ ਪਿਛਲੇ ਸਾਲ ਅਕਤੂਬਰ ਤੋਂ ਪੱਕਾ ਮੋਰਚਾ ਲਗਾਇਆ ਗਿਆ ਹੈ ਜਿੱਥੋਂ ਲੰਘਣ ਵਾਲੀ ਹਰ ਗੱਡੀ ਨੂੰ ਕਿਸਾਨੀ ਝੰਡੀਆਂ ਅਤੇ ਹੋਰ ਸਾਮਾਨ ਦਿੱਤਾ ਜਾ ਰਿਹਾ ਹੈ
ਲੁਧਿਆਣਾ ਦੇ ਅੰਦਰੂਨੀ ਇਲਾਕਿਆਂ ਵਿਚ ਵੀ ਜ਼ਿਆਦਾਤਰ ਗੱਡੀਆਂ ਉੱਤੇ ਨੌਜਵਾਨਾਂ ਨੇ ਕਿਸਾਨੀ ਝੰਡੇ ਲਗਾਏ ਹੋਏ ਹਨ। ਸਨਅਤੀ ਸ਼ਹਿਰ ਦੇ ਦੁੱਗਰੀ ਇਲਾਕੇ ਵਿੱਚ ਕਿਸਾਨ ਸਮਰਥਕਾਂ ਤੇ ਨੌਜਵਾਨਾਂ ਵੱਲੋਂ ਸਿੰਘੂ ਮੋਰਚਾ ਬਣਾਇਆ ਗਿਆ ਹੈ, ਜਿੱਥੇ ਵੱਡੀ ਗਿਣਤੀ ਵਿਚ ਦਿੱਲੀ ਜਾਣ ਵਾਲੇ ਲੋਕਾਂ ਦੀ ਮਦਦ ਕੀਤੀ ਗਈ।ਨੌਜਵਾਨ ਜਸਕੀਰਤ ਸਿੰਘ ਤੇ ਗੁਰਬੀਰ ਸਿੰਘ ਨੇ ਦੱਸਿਆ ਕਿ ਜਿਸ ਦਿਨ ਤੋਂ ਕਿਸਾਨੀ ਸੰਘਰਸ਼ ਜਾਰੀ ਹੈ, ਉਸ ਦਿਨ ਤੋਂ ਹੀ ਉਹ ਕਿਸਾਨਾਂ ਦਾ ਸਾਥ ਦੇ ਰਹੇ ਹਨ। ਹੋਰ ਨੌਜਵਾਨ ਵੀ ਸੰਘਰਸ਼ ਦਾ ਹਿੱਸਾ ਬਣ ਰਹੇ ਹਨ।
ਟੌਲ ਪਲਾਜ਼ਾ ’ਤੇ ਮਹਿੰਗੇ ਟਰੈਕਟਰ ਬਣੇ ਖਿੱਚ ਦਾ ਕੇਂਦਰ਼
ਸੂਬੇ ਦੇ ਸਭ ਤੋਂ ਮਹਿੰਗੇ ਲਾਡੋਵਾਲ ਟੌਲ ਪਲਾਜ਼ਾ ’ਤੇ ਇਸ ਵੇਲੇ ਮਾਹੌਲ ਮੇਲੇ ਵਰਗਾ ਹੈ। ਇਥੇ ਹਰ ਪਾਸੇ ਕਿਸਾਨ ਮਜ਼ਦੂਰ ਏਕਤਾ ਦੇ ਨਾਅਰੇ ਲੱਗ ਰਹੇ ਹਨ ਅਤੇ ਨੇੜਲੇ ਲੋਕ ਹੁਣ ਇੱਥੇ ਸੂਬੇ ਦੇ ਵੱਖ ਵੱਖ ਇਲਾਕਿਆਂ ਵਿੱਚੋਂ ਆਉਣ ਵਾਲੇ ਟਰੈਕਟਰਾਂ ਨੂੰ ਦੇਖਣ ਲਈ ਆ ਰਹੇ ਹਨ। ਅੰਮ੍ਰਿਤਸਰ ਦਿੱਲੀ ਹਾਈਵੇਅ ਦੇ ਟੌਲ ’ਤੇ ਇਹ ਪੱਕਾ ਮੋਰਚਾ ਲੋਕਾਂ ਲਈ ਖਿੱਚ ਦਾ ਕੇਂਦਰ ਬਣਿਆ ਹੋਇਆ ਹੈ ਕਿਉਂਕਿ ਇੱਥੋਂ ਲੰਘ ਰਹੇ ਟਰੈਕਟਰਾਂ ਨੂੰ ਦੇਖਣ ਲਈ ਵੱਡੀ ਗਿਣਤੀ ਵਿਚ ਲੋਕ ਪੁੱਜ ਰਹੇ ਹਨ।ਦੱਸ ਦਈਏ ਕਿ ਦੁਆਬੇ ਵਾਲੇ ਪਾਸਿਉਂ ਕਿਸਾਨ ਸਮਰਥਕ ਤੇ ਨੌਜਵਾਨ ਟਰੈਕਟਰ ਪਰੇਡ ਵਿੱਚ ਸ਼ਾਮਲ ਹੋਣ ਲਈ ਵੱਡੇ ਵੱਡੇ ਤੇ ਮਹਿੰਗੇ ਟਰੈਕਟਰ ਲੈ ਕੇ ਦਿੱਲੀ ਰਵਾਨਾ ਹੋ ਰਹੇ ਹਨ। ਜਲੰਧਰ ਵਾਲੇ ਪਾਸੇ ਤੋਂ ਲੱਖਾਂ ਰੁਪਏ ਕੀਮਤ ਵਾਲੇ ਟਰੈਕਟਰ ਲੈ ਕੇ ਲਾਡੋਵਾਲ ਪੁੱਜੇ ਨੌਜਵਾਨ ਜਸਮੀਤ ਸਿੰਘ ਨੇ ਦੱਸਿਆ ਉਨ੍ਹਾਂ ਨੇ ਇਹ ਟਰੈਕਟਰ ਬਾਹਰਲੇ ਦੇਸ਼ ਤੋਂ ਮੰਗਵਾਇਆ ਹੈ। ਇੰਜੀਨੀਅਰ ਕਿਸਾਨ ਪਵਿੱਤਰ ਬਰਾੜ ਵੀ ਆਪਣੇ ਟਰੈਕਟਰ ਕਾਰਨ ਚਰਚਾ ’ਚ ਰਿਹਾ ਹੈ। ਮਾਲਵੇ ਦਾ ਇਹ ਕਿਸਾਨ ਆਪਣੇ ਰਿਮੋਟ ਨਾਲ ਚੱਲਣ ਵਾਲੇ ਟਰੈਕਟਰ ਕਰਕੇ ਲੁਧਿਆਣਾ ਵਿਚ ਖਿੱਚ ਦਾ ਕੇਂਦਰ ਰਿਹਾ। ਉਸ ਨੇ ਇਹ ਟਰੈਕਟਰ ਦਸ ਸਾਲ ਪਹਿਲਾਂ ਬਣਾਇਆ ਸੀ ਤੇ ਹੁਣ ਦਿੱਲੀ ਵਿੱਚ ਕਿਸਾਨਾਂ ਵੱਲੋਂ ਕੱਢੀ ਜਾਣ ਵਾਲੀ ਟਰੈਕਟਰ ਪਰੇਡ ਲਈ ਇਹ ਟਰੈਕਟਰ ਲੈ ਕੇ ਜਾ ਰਿਹਾ ਹੈ।
ਅਨਾਜ ਮੰਡੀ ਤਿੰਨ ਦਿਨ ਬੰਦ ਖੰਨਾ
(ਨਿੱਜੀ ਪੱਤਰ ਪ੍ਰੇਰਕ): ਕਿਸਾਨੀ ਅੰਦੋਲਨ ਦੇ ਹੱਕ ’ਚ ਜਿੱਥੇ ਹਰ ਵਰਗ ਵੱਲੋਂ ਯੋਗਦਾਨ ਪਾਇਆ ਜਾ ਰਿਹਾ ਹੈ, ਉੱਥੇ ਆੜ੍ਹਤੀਆਂ ਵੱਲੋਂ ਵੀ ਕਿਸਾਨਾਂ ਨੂੰ ਪੂਰਾ ਸਹਿਯੋਗ ਦਿੱਤਾ ਜਾ ਰਿਹਾ ਹੈ। ਇਹ ਗੱਲ ਅੱਜ ਇਥੇ ਆੜ੍ਹਤੀ ਐਸੋਸੀਏਸ਼ਨ ਦੇ ਪ੍ਰਧਾਨ ਹਰਬੰਸ ਸਿੰਘ ਰੋਸ਼ਾ ਅਤੇ ਯਾਦਵਿੰਦਰ ਸਿੰਘ ਲਬਿੜਾ ਨੇ ਕਹੀ। ਉਨ੍ਹਾਂ ਕਿਹਾ ਕਿ ਕਿਸਾਨ ਅੰਦੋਲਨ ਦੀ ਹਮਾਇਤ ’ਚ ਆੜ੍ਹਤੀਆਂ ਵੱਲੋਂ ਏਸ਼ੀਆਂ ਦੀ ਸਭ ਤੋਂ ਵੱਡੀ ਅਨਾਜ ਮੰਡੀ ਤਿੰਨ ਦਿਨ ਲਈ ਮੁਕੰਮਲ ਤੌਰ ’ਤੇ ਬੰਦ ਰੱਖੀ ਜਾਵੇਗੀ। ਸ੍ਰੀ ਰੋਸ਼ਾ ਨੇ ਕਿਹਾ ਕਿ ਮੋਦੀ ਸਰਕਾਰ ਵੱਲੋਂ ਜਾਰੀ ਕੀਤੇ ਨਵੇਂ ਖੇਤੀ ਕਾਨੂੰਨਾਂ ਖਿਲਾਫ਼ ਕਿਸਾਨਾਂ ਵੱਲੋਂ ਵਿੱਢਿਆ ਸੰਘਰਸ਼ ਲਗਾਤਾਰ ਜਾਰੀ ਹੈ। ਇਸ ਮੌਕੇ ਭਲਿੰਦਰ ਸਿੰਘ ਭੰਡਾਲ, ਹਰਪ੍ਰੀਤ ਪੂਰਬਾ, ਸੰਜੀਵ ਧੰਮੀ, ਮੋਹਿਤ ਗੋਇਲ, ਰਾਮ ਚੰਦ ਸਿੰਗਲਾ, ਹਮੀਰ ਸਿੰਘ, ਬਚਨ ਲਾਲ, ਗਗਨਦੀਪ ਸਿੰਘ, ਗੁਰਚਰਨ ਸਿੰਘ, ਰਣਜੀਤ ਸਿੰਘ, ਜਗਰੂਪ ਸਿੰਘ, ਗੁਲਜ਼ਾਰ ਸਿੰਘ, ਸਿਮਰਪਾਲ ਸਿੰਘ ਆਦਿ ਹਾਜ਼ਰ ਸਨ।