Ludhiana MC House Meeting Turns Chaotic: ਹੰਗਾਮੇ ਮਗਰੋਂ ਵਿਰੋਧੀ ਕੌਂਸਲਰ ਬਾਹਰ ਕੱਢੇ
ਵਿਧਾਇਕਾਂ ਅਤੇ ਕੌਂਸਲਰਾਂ ਵਿਚਾਲੇ ਤਿੱਖੀ ਬਹਿਸ
ਨਗਰ ਨਿਗਮ ਲੁਧਿਆਣਾ ਦੀ ਜਨਰਲ ਹਾਊਸ ਦੀ ਮੀਟਿੰਗ ਵਿੱਚ ਭਾਰੀ ਹੰਗਾਮਾ ਹੋਇਆ। ਜ਼ੀਰੋ ਆਵਰ ਦੌਰਾਨ ਵਾਰਡਾਂ ਦੀਆਂ ਸਮੱਸਿਆਵਾਂ ਚੁੱਕਣ ਅਤੇ ਕੌਂਸਲਰਾਂ ਨੂੰ ਬੋਲਣ ਦਾ ਸਮਾਂ ਦੇਣ ਦੀ ਮੰਗ ਲਈ ਹਾਊਸ ਅੰਦਰ ਜ਼ੋਰਦਾਰ ਟਕਰਾਅ ਦੇਖਣ ਨੂੰ ਮਿਲਿਆ। ਮੀਟਿੰਗ ਦੌਰਾਨ ਕਰੀਬ 34 ਏਜੰਡੇ ਰੱਖੇ ਗਏ ਸਨ, ਪਰ ਪਹਿਲੇ ਦੋ ਏਜੰਡੇ ਪੜ੍ਹਦਿਆਂ ਹੀ ਵਿਰੋਧੀ ਧਿਰ ਦੇ ਕੌਂਸਲਰਾਂ ਨੇ ਵਿਰੋਧ ਸ਼ੁਰੂ ਕਰ ਦਿੱਤਾ।
ਮੇਅਰ ਪ੍ਰਿੰਸੀਪਲ ਇੰਦਰਜੀਤ ਕੌਰ ਵੱਲੋਂ ਵਾਰ-ਵਾਰ ਸ਼ਾਂਤੀ ਬਣਾਈ ਰੱਖਣ ਅਤੇ ਇਤਰਾਜ਼ ਲਿਖਵਾਉਣ ਦੀ ਕੀਤੀ ਅਪੀਲ ਦੇ ਬਾਵਜੂਦ ਕੌਂਸਲਰ ਪਹਿਲਾਂ ਜ਼ੀਰੋ ਆਵਰ ਸ਼ੁਰੂ ਕਰਨ ਦੀ ਮੰਗ ’ਤੇ ਅੜੇ ਰਹੇ। ਇਸ ਮੁੱਦੇ ’ਤੇ ਵਿਰੋਧੀ ਧਿਰ ਦੇ ਕੌਂਸਲਰ ਗੌਰਵ ਭੱਟੀ, ਗੌਰਵਜੀਤ ਗੋਰਾ, ਅਰੁਣ ਸ਼ਰਮਾ, ਸ਼ਾਮ ਸੁੰਦਰ ਮਲਹੋਤਰਾ ਅਤੇ ਰੋਹਿਤ ਸਿੱਕਾ ਸਮੇਤ ਹੋਰਾਂ ਨੇ ਤਿੱਖਾ ਰੋਸ ਪ੍ਰਗਟਾਇਆ। ਇਸੇ ਦੌਰਾਨ ਵਿਧਾਇਕ ਦਲਜੀਤ ਸਿੰਘ ਭੋਲਾ ਗਰੇਵਾਲ ਵੱਲੋਂ ਕੌਂਸਲਰਾਂ ’ਤੇ ਕਥਿਤ ਤੌਰ ’ਤੇ ‘ਸਬਜ਼ੀ ਮੰਡੀ ਬਾਹਰ ਲਾਉਣ’ ਦੀ ਕੀਤੀ ਟਿੱਪਣੀ ਮਗਰੋਂ ਮਾਹੌਲ ਤਣਾਅਪੂਰਨ ਹੋ ਗਿਆ। ਜਦੋਂ ਕੌਂਸਲਰ ਗੌਰਵ ਭੱਟੀ ਵਿਧਾਇਕ ਵੱਲ ਵਧੇ ਤਾਂ ‘ਆਪ’ ਕੌਂਸਲਰ ਅਸ਼ਵਨੀ ਸ਼ਰਮਾ ਗੋਬੀ ਨੇ ਅੱਗੇ ਆ ਕੇ ਉਨ੍ਹਾਂ ਨੂੰ ਧੱਕਾ ਦੇ ਦਿੱਤਾ। ਦੋਵਾਂ ਧਿਰਾਂ ਵਿਚਾਲੇ ਤਕਰਾਰ ਵਧਦੀ ਦੇਖ ਕੌਂਸਲਰ ਅਰੁਣ ਸ਼ਰਮਾ ਨੇ ਵਿੱਚ-ਬਚਾਅ ਕਰਵਾਇਆ। ਇਸ ਦੌਰਾਨ ਮੇਅਰ ਨੇ ਪੁਲੀਸ ਨੂੰ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਨੂੰ ਬਾਹਰ ਕੱਢਣ ਦੇ ਹੁਕਮ ਦੇ ਦਿੱਤੇ। ਦੂਜੇ ਪਾਸੇ ਕੌਂਸਲਰਾਂ ਦੀ ਕਥਿਤ ਤਿੱਖੀ ਸ਼ਬਦਾਵਲੀ ਦੇ ਵਿਰੋਧ ਵਿੱਚ ਜ਼ੋਨਲ ਕਮਿਸ਼ਨਰ ਜਸਦੇਵ ਸਿੰਘ ਸੇਖੋਂ ਅਤੇ ਚੀਫ਼ ਸੈਨੇਟਰੀ ਇੰਸਪੈਕਟਰ ਨੀਸ਼ੂ ਘਈ ਸਣੇ ਸਮੂਹ ਅਧਿਕਾਰੀ ਮੀਟਿੰਗ ਦਾ ਬਾਈਕਾਟ ਕਰ ਕੇ ਬਾਹਰ ਨਿਕਲ ਗਏ। ਹੰਗਾਮੇ ਦਰਮਿਆਨ ਮਕੈਨੀਕਲ ਸਵੀਪਿੰਗ ਅਤੇ ਸਾਲਿਡ ਵੇਸਟ ਮੈਨੇਜਮੈਂਟ ਦੇ ਪ੍ਰਸਤਾਵਾਂ ’ਤੇ ਵੀ ਤਿੱਖਾ ਵਿਰੋਧ ਹੋਇਆ।
ਕੌਂਸਲਰ ਗੌਰਵ ਭੱਟੀ, ਪੂਨਮ ਰਤੜਾ ਅਤੇ ਸ਼ਾਮ ਸੁੰਦਰ ਮਲਹੋਤਰਾ ਨੇ ਕਿਹਾ ਕਿ ਐੱਫ ਐਂਡ ਸੀ ਸੀ ਵਿੱਚ ਰੋਕਣ ਦੇ ਬਾਵਜੂਦ ਇਹ ਪ੍ਰਸਤਾਵ ਹਾਊਸ ਵਿੱਚ ਲਿਆਂਦੇ ਗਏ। ਹਾਲਾਂਕਿ, ਮੇਅਰ ਨੇ ਦੱਸਿਆ ਕਿ ਦੋਵਾਂ ਪ੍ਰਸਤਾਵਾਂ ਖ਼ਿਲਾਫ਼ 37 ਇਤਰਾਜ਼ ਆਏ ਸਨ, ਪਰ ਸੱਤਾਧਾਰੀ ਧਿਰ ਵੱਲੋਂ 40 ਵੋਟਾਂ ਦੇ ਬਹੁਮਤ ਨਾਲ ਦੋਵੇਂ ਪ੍ਰਸਤਾਵ ਪਾਸ ਕਰ ਦਿੱਤੇ ਗਏ। ਕੌਂਸਲਰ ਸ਼ਾਮ ਸੁੰਦਰ ਮਲਹੋਤਰਾ ਅਤੇ ਅਰੁਣ ਸ਼ਰਮਾ ਨੇ ਹੰਬੜਾਂ ਰੋਡ ’ਤੇ ਗਲਾਡਾ ਅਧੀਨ ਆਉਂਦੀਆਂ 6 ਕਲੋਨੀਆਂ ਦੇ ਸੀਵਰੇਜ ਕੁਨੈਕਸ਼ਨ ਨਿਗਮ ਦੇ ਪਲਾਂਟ ਨਾਲ ਜੋੜਨ ਦਾ ਸਖ਼ਤ ਵਿਰੋਧ ਕਰਦਿਆਂ ਦੋਸ਼ ਲਾਇਆ ਕਿ ਕਲੋਨਾਈਜ਼ਰਾਂ ਨੂੰ ਖ਼ੁਸ਼ ਕਰਨ ਲਈ ਨਿਗਮ ਦੇ ਪਹਿਲਾਂ ਹੀ ਓਵਰਫਲੋਅ ਚੱਲ ਰਹੇ ਪਲਾਂਟਾਂ ਨੂੰ ਫੇਲ੍ਹ ਕਰਨ ਦੀ ਸਾਜ਼ਿਸ਼ ਰਚੀ ਜਾ ਰਹੀ ਹੈ। ਮੀਟਿੰਗ ਮਗਰੋਂ ਜ਼ੋਨਲ ਕਮਿਸ਼ਨਰ ਜਸਦੇਵ ਸਿੰਘ ਸੇਖੋਂ, ਅਸ਼ਵਨੀ ਸਹੋਤਾ ਅਤੇ ਨੀਸ਼ੂ ਘਈ ਨੇ ਮੇਅਰ ਨਾਲ ਮੁਲਾਕਾਤ ਕਰ ਕੇ ਕੌਂਸਲਰਾਂ ਦੇ ਵਤੀਰੇ ਖ਼ਿਲਾਫ਼ ਇਤਰਾਜ਼ ਜਤਾਇਆ। ਮੇਅਰ ਨੇ ਮਾਮਲਾ ਸੁਲਝਾਉਣ ਲਈ ਭਲਕੇ ਸਵੇਰੇ 11 ਵਜੇ ਜ਼ੋਨ-ਡੀ ਦਫ਼ਤਰ ਵਿੱਚ ਵਿਸ਼ੇਸ਼ ਮੀਟਿੰਗ ਸੱਦੀ ਹੈ।
ਗੋਰਾ ਦੀ ਤਬੀਅਤ ਵਿਗੜੀ, ਕੌਂਸਲਰ ਅਰੋੜਾ ਨੂੰ ਸੱਟ ਲੱਗੀ
ਮੇਅਰ ਦੇ ਹੁਕਮਾਂ ਮਗਰੋਂ ਪੁਲੀਸ ਵੱਲੋਂ ਕੌਂਸਲਰ ਗੌਰਵਜੀਤ ਗੋਰਾ ਅਤੇ ਅਨਿਲ ਭਾਰਦਵਾਜ ਨੂੰ ਧੱਕੇ ਮਾਰ ਕੇ ਹਾਊਸ ਵਿੱਚੋਂ ਬਾਹਰ ਕੱਢ ਦਿੱਤਾ ਗਿਆ। ਇਸ ਦੌਰਾਨ ਬਚਾਅ ਕਰਨ ਆਏ ਕੌਂਸਲਰ ਕਮਲ ਅਰੋੜਾ ਜ਼ਮੀਨ ’ਤੇ ਡਿੱਗ ਪਏ, ਜਿਸ ਕਾਰਨ ਉਨ੍ਹਾਂ ਦੇ ਗੋਡੇ ਕੋਲੋਂ ਪਜਾਮਾ ਫਟ ਗਿਆ ਅਤੇ ਮਾਮੂਲੀ ਸੱਟ ਲੱਗੀ। ਧੱਕਾ-ਮੁੱਕੀ ਕਾਰਨ ਸਿਹਤ ਵਿਗੜਨ ’ਤੇ ਗੌਰਵਜੀਤ ਗੋਰਾ ਨੂੰ ਘਰ ਪਰਤਣਾ ਪਿਆ।
1208 ਸਫ਼ਾਈ ਕਰਮਚਾਰੀਆਂ ਦੀ ਸੂਚੀ ’ਤੇ ਸਵਾਲ
ਮੀਟਿੰਗ ਵਿੱਚ 1208 ਆਊਟਸੋਰਸ ਸਫ਼ਾਈ ਮੁਲਾਜ਼ਮਾਂ ਦੀ ਸੂਚੀ ਅਤੇ ਉਨ੍ਹਾਂ ਦੀ ਫ਼ਿਜ਼ੀਕਲ ਵੈਰੀਫ਼ਿਕੇਸ਼ਨ ਦਾ ਮੁੱਦਾ ਭਖਿਆ ਰਿਹਾ। ਕੌਂਸਲਰ ਰੋਹਿਤ ਸਿੱਕਾ ਅਤੇ ਭਾਜਪਾ ਕੌਂਸਲਰ ਪੂਨਮ ਰਤੜਾ ਨੇ ਦੋਸ਼ ਲਾਇਆ ਕਿ ਮੁਲਾਜ਼ਮਾਂ ਦਾ ਵਾਰਡਵਾਰ ਵੇਰਵਾ ਜਨਤਕ ਨਾ ਕਰ ਕੇ ਸ਼ੱਕ ਪੈਦਾ ਕੀਤਾ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਉਨ੍ਹਾਂ ਦੇ ਵਾਰਡ ਵਿੱਚ ਪਹਿਲਾਂ 34 ਮੁਲਾਜ਼ਮ ਦਰਜ ਸਨ, ਜਦਕਿ ਹੁਣ 56 ਦਿਖਾਏ ਗਏ ਹਨ, ਅਜਿਹੇ ਵਿੱਚ ਬਾਕੀ 22 ਮੁਲਾਜ਼ਮ ਫੀਲਡ ਵਿੱਚ ਗਾਇਬ ਹਨ। ਉਨ੍ਹਾਂ ਬੈਂਜਾਮਿਨ ਰੋਡ ਦਾ ਨਾਂ ਬਦਲਣ ਦੀ ਮੰਗ ਵੀ ਕੀਤੀ। ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਸੁਨੀਲ ਮੋਦਗਿਲ ਨੇ ਵੀ ਕਿਹਾ ਕਿ ਮੁਲਾਜ਼ਮ ਫੀਲਡ ਵਿੱਚ ਮੌਜੂਦ ਨਹੀਂ ਹਨ ਅਤੇ ਜਦੋਂ ਤੱਕ ਮੁਲਾਜ਼ਮਾਂ ਦੀ ਸਰੀਰਕ ਪੜਤਾਲ ਮੁਕੰਮਲ ਨਹੀਂ ਹੁੰਦੀ, ਇਹ ਪ੍ਰਸਤਾਵ ਰੋਕਿਆ ਜਾਵੇ। ਨਿਗਮ ਕਮਿਸ਼ਨਰ ਓਜਸਵੀ ਅਲੰਕਾਰ ਨੇ ਸਪੱਸ਼ਟ ਕੀਤਾ ਕਿ ਸੂਚੀ ਵਿੱਚ ਵੇਰਵੇ ਦਰਜ ਹਨ ਪਰ ਹਜ਼ਾਰਾਂ ਨਾਂ ਜ਼ਬਾਨੀ ਯਾਦ ਰੱਖਣੇ ਸੰਭਵ ਨਹੀਂ। ਉਨ੍ਹਾਂ ਮੁਲਾਜ਼ਮਾਂ ਦੀ ਫ਼ਿਜ਼ੀਕਲ ਵੈਰੀਫਿਕੇਸ਼ਨ ਲਈ 7 ਤੋਂ 10 ਦਿਨ ਦਾ ਸਮਾਂ ਮੰਗਿਆ।
ਅਧਿਕਾਰੀਆਂ ਦੇ ਵਾਕਆਊਟ ਤੋਂ ਭੜਕੇ ਕੌਂਸਲਰਾਂ ਵੱਲੋਂ ਧਰਨਾ
ਕੌਂਸਲਰ ਭਵਨੀਤ ਕੌਰ ਅਤੇ ‘ਆਪ’ ਕੌਂਸਲਰ ਨਿਧੀ ਗੁਪਤਾ ਨੇ ਆਪਣੇ ਵਾਰਡਾਂ ਵਿੱਚ ਸਫ਼ਾਈ ਵਿਵਸਥਾ ਠੱਪ ਹੋਣ ਅਤੇ ਦਫ਼ਤਰਾਂ ਵਿੱਚ ਅਧਿਕਾਰੀਆਂ ਦੇ ਗ਼ੈਰ-ਹਾਜ਼ਰ ਰਹਿਣ ਦੇ ਗੰਭੀਰ ਦੋਸ਼ ਲਾਏ। ਨਿਧੀ ਗੁਪਤਾ ਵੱਲੋਂ ਬੋਲਣ ਦਾ ਮੌਕਾ ਮਿਲਣ ’ਤੇ ਵਰਤੀ ਗਈ ਸ਼ਬਦਾਵਲੀ ਦੇ ਰੋਸ ਵਜੋਂ ਜ਼ੋਨਲ ਕਮਿਸ਼ਨਰ ਜਸਦੇਵ ਸਿੰਘ ਸੇਖੋਂ ਸਮੇਤ ਸਮੂਹ ਅਫ਼ਸਰ ਹਾਊਸ ਵਿੱਚੋਂ ਵਾਕਆਊਟ ਕਰ ਗਏ। ਚੁਣੇ ਹੋਏ ਨੁਮਾਇੰਦਿਆਂ ਨੂੰ ਛੱਡ ਕੇ ਅਧਿਕਾਰੀਆਂ ਦੇ ਬਾਹਰ ਜਾਣ ’ਤੇ ਕੌਂਸਲਰਾਂ ਵਿੱਚ ਰੋਸ ਫ਼ੈਲ ਗਿਆ। ‘ਆਪ’ ਕੌਂਸਲਰ ਅੰਮ੍ਰਿਤ ਵਰਸ਼ਾ ਰਾਮਪਾਲ ਨੇ ਅਧਿਕਾਰੀਆਂ ਨੂੰ ਮੁਅੱਤਲ ਕਰਨ ਦੀ ਮੰਗ ਕੀਤੀ, ਜਦਕਿ ਨਿਧੀ ਗੁਪਤਾ ਮੀਟਿੰਗ ਖ਼ਤਮ ਹੋਣ ਮਗਰੋਂ ਜ਼ਮੀਨ ’ਤੇ ਧਰਨਾ ਲਗਾ ਕੇ ਬੈਠ ਗਈ, ਜਿਨ੍ਹਾਂ ਨੂੰ ਵਿਰੋਧੀ ਧਿਰ ਨੇ ਵੀ ਸਮਰਥਨ ਦਿੱਤਾ। ਕੌਂਸਲਰਾਂ ਨੇ ਦੋਸ਼ ਲਾਇਆ ਕਿ 95 ਕੌਂਸਲਰਾਂ ਦੇ ਹਾਊਸ ’ਤੇ ਅਫ਼ਸਰਸ਼ਾਹੀ ਭਾਰੂ ਹੋ ਰਹੀ ਹੈ।

