DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

ਗਰਮੀ ਕਾਰਨ ਲੁਧਿਆਣਵੀ ਹਾਲੋਂ ਬੇਹਾਲ

ਦੁਪਹਿਰ ਸਮੇਂ ਪਾਰਾ 41 ਡਿਗਰੀ ਸੈਲਸੀਅਸ ਤੱਕ ਪੁੱਜਾ; ਸਡ਼ਕਾਂ ’ਤੇ ਸੁੰਨ ਪਸਰੀ

  • fb
  • twitter
  • whatsapp
  • whatsapp
featured-img featured-img
ਲੁਧਿਆਣਾ ਵਿੱਚ ਗਰਮੀ ਤੋਂ ਬਚਾਅ ਲਈ ਕੱਪੜੇ ਨਾਲ ਮੂੰਹ ਢੱਕ ਕੇ ਜਾਂਦੀਆਂ ਮੁਟਿਆਰਾਂ। -ਫੋਟੋ: ਵਰਮਾ
Advertisement

ਲੁਧਿਆਣਾ ਵਿੱਚ ਐਤਵਾਰ ਨੂੰ ਗਰਮੀ ਨੇ ਲੁਧਿਆਣਵੀਆਂ ਨੂੰ ਹਾਲੋਂ ਬੇਹਾਲ ਕਰੀ ਰੱਖਿਆ। ਇਸ ਹਫ਼ਤੇ ਵਿੱਚ ਤੀਜੀ ਵਾਰ ਪਾਰਾ 40 ਡਿਗਰੀ ਸੈਲਸੀਅਸ ਤੋਂ ਪਾਰ ਰਿਹਾ। ਮੌਸਮ ਵਿਭਾਗ ਅਨੁਸਾਰ ਆਉਂਦੇ ਦਿਨਾਂ ਵਿੱਚ ਵੀ ਵੱਧ ਤੋਂ ਵੱਧ ਤਾਪਮਾਨ 35 ਤੋਂ 39 ਡਿਗਰੀ ਸੈਲਸੀਅਸ ਦੇ ਵਿਚਕਾਰ ਰਹਿਣ ਦੀ ਸੰਭਾਵਨਾ ਦੱਸੀ ਜਾ ਰਹੀ ਹੈ।

ਪਿਛਲੇ ਕਈ ਦਿਨਾਂ ਤੋਂ ਲੁਧਿਆਣਾ ਵਿੱਚ ਦਿਨ ਦੇ ਨਾਲ ਨਾਲ ਰਾਤ ਦਾ ਤਾਪਮਾਨ ਵੀ ਲਗਾਤਾਰ ਵਧਦਾ ਜਾ ਰਿਹਾ ਹੈ। ਕੁੱਝ ਦਿਨ ਪਹਿਲਾਂ ਦਿਨ ਸਮੇਂ ਦਾ ਤਾਪਮਾਨ 43 ਡਿਗਰੀ ਸੈਲਸੀਅਸ ਤੱਕ ਵੀ ਪਹੁੰਚ ਗਿਆ ਸੀ ਅਤੇ ਅੱਜ ਐਤਵਾਰ ਇਹ ਪਾਰਾ 41 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਧੁੱਪ ਇੰਨੀ ਤਿੱਖੀ ਸੀ ਕਿ ਪਾਰਾ 43 ਡਿਗਰੀ ਸੈਲਸੀਅਸ ਤੋਂ ਵੀ ਵੱਧ ਮਹਿਸੂਸ ਹੋ ਰਿਹਾ ਸੀ। ਇਸੇ ਤਰ੍ਹਾਂ ਘੱਟੋ ਘੱਟ ਤਾਪਮਾਨ ਵੀ 24 ਡਿਗਰੀ ਸੈਲਸੀਅਸ ਰਿਹਾ। ਸਵੇਰ ਸਮੇਂ ਹੀ ਤਿੱਖੀ ਧੁੱਪ ਨਾਲ ਗਰਮੀ ਵਧਣੀ ਸ਼ੁਰੂ ਹੋ ਗਈ ਸੀ ਜੋ ਦੁਪਹਿਰ ਪੂਰੀ ਚਰਮ ’ਤੇ ਰਹੀ।

Advertisement

ਸ਼ਹਿਰ ਅਤੇ ਆਸ-ਪਾਸ ਦੇ ਇਲਾਕਿਆਂ ਵਿੱਚ ਲਗਾਤਾਰ ਵਧ ਰਹੀ ਇਸ ਗਰਮੀ ਨੇ ਲੁਧਿਆਣਵੀਆਂ ਨੂੰ ਹਾਲੋਂ ਬੇਹਾਲ ਕੀਤਾ ਹੋਇਆ ਹੈ। ਲੋਕਾਂ ਵੱਲੋਂ ਇਸ ਗਰਮੀ ਤੋਂ ਬਚਾਅ ਲਈ ਤਰ੍ਹਾਂ ਤਰ੍ਹਾਂ ਦੇ ਉਪਾਅ ਕੀਤੇ ਜਾ ਰਹੇ ਹਨ। ਲੋਕ ਸਿਰਫ ਜ਼ਰੂਰੀ ਕੰਮਾਂ ਲਈ ਘਰੋਂ ਨਿਕਲ ਰਹੇ ਹਨ। ਦੋਪਹੀਆ ਵਾਹਨ ਚਾਲਕਾਂ ਅਤੇ ਪੈਦਲ ਰਾਹਗੀਰ ਤਾਂ ਗਰਮੀ ਤੋਂ ਬਚਾਅ ਲਈ ਆਪਣੇ ਸਰੀਰ ਨੂੰ ਪੂਰੀ ਤਰ੍ਹਾਂ ਢੱਕ ਕੇ ਹੀ ਘਰ ਤੋਂ ਬਾਹਰ ਪੈਰ ਰੱਖ ਰਹੇ ਹਨ। ਦੁਪਹਿਰ ਸਮੇਂ ਸ਼ਹਿਰ ਦੀਆਂ ਕਈ ਮੁੱਖ ਸੜਕਾਂ ਸੁੰਨ੍ਹੀਆਂ ਹੀ ਦਿਖਾਈ ਦੇ ਰਹੀਆਂ ਸਨ। ਕਈ ਸੜਕਾਂ ’ਤੇ ਤਿੱਖੀ ਧੁੱਪ ਨਾਲ ਲੁੱਕ ਵੀ ਪਿਘਲਣੀ ਸ਼ੁਰੂ ਹੋ ਗਈ ਸੀ। ਬਿਜਲੀ ਦੀਆਂ ਦੁਕਾਨਾਂ ’ਤੇ ਫਰਿੱਜ਼, ਕੂਲਰ, ਏ ਸੀ ਦੀ ਖ਼ਰੀਦਦਾਰੀ ਵੀ ਪੂਰੇ ਜ਼ੋਰਾਂ ’ਤੇ ਰਹੀ। ਕਈ ਪਰਿਵਾਰਾਂ ਵੱਲੋਂ ਪਾਣੀ ਠੰਢਾ ਕਰਨ ਲਈ ਮਿੱਟੀ ਦੇ ਘੜੇ ਅਤੇ ਹੋਰ ਮਿੱਟੀ ਦੇ ਭਾਂਡੇ ਖ਼ਰੀਦਣ ਵਿੱਚ ਦਿਲਚਸਪੀ ਦਿਖਾਈ ਜਾ ਰਹੀ ਹੈ। ਜੇਕਰ ਮੌਸਮ ਮਾਹਿਰਾਂ ਦੀ ਮੰਨੀਏ ਤਾਂ ਆਉਂਦੇ ਹਫਤੇ ’ਚ ਪਾਰਾ 35 ਡਿਗਰੀ ਸੈਲਸੀਅਸ ਤੋਂ 39 ਡਿਗਰੀ ਸੈਲਸੀਅਸ ਦੇ ਵਿਚਕਾਰ ਰਹਿਣ ਦੀ ਸੰਭਾਵਨਾ ਪ੍ਰਗਟਾਈ ਗਈ ਹੈ। ਇਸ ਦੌਰਾਨ ਇੱਕ-ਦੋ ਦਿਨ ਬੱਦਲਵਾਈ ਵੀ ਰਹਿਣ ਦੀ ਉਮੀਦ ਹੈ।

Advertisement

ਬਿਜਲੀ ਘਰਾਂ ’ਚ ਮੁਲਾਜ਼ਮਾਂ ਦੀ ਸੁਰੱਖਿਆ ਮੰਗੀ

ਰਾਏਕੋਟ: ਪਾਵਰਕੌਮ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਨਾਲ ਸਬੰਧਤ ਜਥੇਬੰਦੀਆਂ ਆਧਾਰਤ ਬਣੇ ਸਾਂਝੇ ਧੜੇ ਪੀ ਐੱਸ ਈ ਬੀ ਐਂਪਲਾਈਜ਼ ਜੁਆਇੰਟ ਫੋਰਮ, ਬਿਜਲੀ ਮੁਲਾਜ਼ਮ ਏਕਤਾ ਮੰਚ ਪੰਜਾਬ, ਗਰਿੱਡ ਸਬ ਸਟੇਸ਼ਨ ਐਂਪਲਾਈਜ਼ ਯੂਨੀਅਨ, ਪਾਵਰਕੌਮ ਐਂਡ ਟਰਾਂਸਕੋ ਪੈਂਨਸ਼ਨਰ ਯੂਨੀਅਨ, ਪੈਨਸ਼ਨਰਜ਼ ਵੈੱਲਫੇਅਰ ਫੈਡਰੇਸ਼ਨ ਪਹਿਲਵਾਨ ਅਤੇ ਐਸੋਸੀਏਸ਼ਨ ਆਫ ਯੂਨੀਅਰ ਇੰਜਨੀਅਰ ਦੇ ਅਹੁਦੇਦਾਰਾਂ ਨੇ ਮੀਟਿੰਗ ਮਗਰੋਂ ਕਿਹਾ ਕਿ ਪਿਛਲੇ ਕੁੱਝ ਦਿਨਾਂ ’ਚ ਸੂਬੇ ਵਿੱਚ ਆਈ ਮੌਸਮ ਦੀ ਤਬਦੀਲੀ ਅਤੇ ਅਤਿ ਦੀ ਗਰਮੀ ਕਾਰਨ ਬਿਜਲੀ ਦੀ ਖਪਤ ਕਈ ਗੁੱਣਾ ਵਧ ਗਈ ਹੈ। ਵਿਭਾਗ ਵੱਲੋਂ ਲਗਾਤਾਰ ਬਿਜਲੀ ਸਪਲਾਈ ਦੇ ਕੱਟ ਲਗਾਏ ਜਾ ਰਹੇ ਹਨ। ਕੱਟਾਂ ਦੇ ਵਿਰੋਧ ਵਿੱਚ ਲੋਕਾਂ ਦੀ ਭੀੜ ਗਰਿੱਡਾਂ ਤੇ ਰਾਤਾਂ ਨੂੰ ਕੰਮ ਕਰਨ ਵਾਲੇ ਮੁਲਾਜ਼ਮਾਂ ਨਾਲ ਦੁਰਵਿਵਹਾਰ ਕਰਦਿਆਂ ਜਬਰੀ ਬਿਜਲੀ ਸਪਲਾਈ ਚਾਲੂ ਕਰਨ ਦੀ ਮੰਗ ਕਰਦੇ ਹਨ। ਭੜਕੇ ਲੋਕ ਗਰਿੱਡਾਂ ਵਿੱਚ ਪਏ ਕੀਮਤੀ ਸਾਮਾਨ ਦੀ ਵੀ ਭੰਨ-ਤੋੜ ਕਰਦੇ ਹਨ। ਇਸ ਦੇ ਮੱਦੇਨਜ਼ਰ ਬਿਜਲੀ ਘਰਾਂ, ਗਰਿੱਡਾਂ ’ਤੇ ਕੰਮ ਕਰਨ ਵਾਲੇ ਮੁਲਾਜ਼ਮਾਂ ਦੀ ਸੁਰੱਖਿਆ ਲਈ ਪੁਲੀਸ ਮਲਾਜ਼ਮ ਤਾਇਨਾਤ ਕੀਤੇ ਜਾਣ। ਇਸ ਤੋਂ ਇਲਾਵਾ ਬਿਜਲੀ ਘਰਾਂ ਵਿੱਚ ਡਿਊਟੀ ਕਰਨ ਵਾਲੇ ਮੁਲਾਜ਼ਮਾਂ ਨਾਲ ਹੈਲਪਰ ਲਗਾਉਣ ਲਈ ਮਨਜ਼ੂਰ ਕੀਤੀਆਂ 7778 ਵਿੱਚੋਂ ਖਾਲੀ ਪਈਆਂ 4630 ਅਸਾਮੀਆਂ ਬਿਨਾਂ ਦੇਰੀ ਭਰੀਆਂ ਜਾਣ। ਉਨ੍ਹਾਂ ਕਿਹਾ ਕਿ ਜੇ ਕਿਸੇ ਮੁਲਾਜ਼ਮ ਨਾਲ ਕੋਈ ਘਟਨਾ ਵਾਪਰਦੀ ਹੈ ਤਾਂ ਵਿਭਾਗ ਜ਼ਿੰਮੇਵਾਰ ਹੋਵੇਗਾ। ਇਸ ਮੌਕੇ ਕੁਲਵਿੰਦਰ ਸਿੰਘ ਢਿੱਲੋਂ, ਗੁਰਪ੍ਰੀਤ ਸਿੰਘ ਗੰਡੀਵਿੰਡ, ਰਵੇਲ ਸਿੰਘ ਸਹਾਏਪੁਰ, ਹਰਪਾਲ ਸਿੰਘ, ਦਵਿੰਦਰ ਸਿੰਘ ਪਿਸ਼ੌਰ, ਰਾਧੇਸ਼ਿਆਮ, ਕੌਰ ਸਿੰਘ ਸੋਹੀ, ਬਲਜੀਤ ਸਿੰਘ ਮੋਦਲਾ, ਜਸਵੀਰ ਸਿੰਘ ਆਂਡਲੂ, ਰਣਜੀਤ ਸਿੰਘ ਢਿੱਲੋਂ, ਬਾਬਾ ਅਮਰਜੀਤ ਸਿੰਘ, ਦਲੀਪ ਕੁਮਾਰ, ਪਵਨਪ੍ਰੀਤ ਸਿੰਘ ਅਤੇ ਗੁਰਪਿਆਰ ਸਿੰਘ ਹਾਜ਼ਰ ਸਨ।-ਨਿੱਜੀ ਪੱਤਰ ਪ੍ਰੇਰਕ

ਬਿਜਲੀ ਕੱਟਾਂ ਤੋਂ ਲੋਕ ਪ੍ਰੇਸ਼ਾਨ

ਜਗਰਾਉਂ: ਅਤਿ ਦੀ ਗਰਮੀ ਦੌਰਾਨ ਬਿਜਲੀ ਦੇ ਵਾਰ-ਵਾਰ ਲੱਗ ਰਹੇ ਲੰਮੇ ਕੱਟਾਂ ਨੇ ਲੋਕਾਂ ਦਾ ਤਰਾਹ ਕੱਢ ਦਿੱਤਾ ਹੈ। ਇਲਾਕੇ ਵਿੱਚ ਹਾਹਾਕਾਰ ਮੱਚੀ ਹੋਈ ਹੈ। ਬਿਜਲੀ ਕੱਟਾਂ ਤੋਂ ਅੱਕੇ ਲੋਕਾਂ ਨੇ ਭਲਕੇ 27 ਅਪਰੈਲ ਨੂੰ ਸਥਾਨਕ ਐਕਸੀਅਨ ਦਫ਼ਤਰ ਦੇ ਘਿਰਾਓ ਦਾ ਐਲਾਨ ਕੀਤਾ ਹੈ। ਭਾਰਤੀ ਕਿਸਾਨ ਯੂਨੀਅਨ (ਡਕੌਂਦਾ) ਨੇ ਸੂਬੇ ਭਰ ’ਚ ਲੱਗ ਰਹੇ ਲੰਮੇ ਬਿਜਲੀ ਕੱਟਾਂ ਦਾ ਗੰਭੀਰ ਨੋਟਿਸ ਲਿਆ ਹੈ। ਜ਼ਿਲ੍ਹਾ ਪ੍ਰਧਾਨ ਜਗਤਾਰ ਸਿੰਘ ਦੇਹੜਕਾ, ਸੱਕਤਰ ਇੰਦਰਜੀਤ ਸਿੰਘ ਧਾਲੀਵਾਲ, ਤਰਸੇਮ ਸਿੰਘ ਬੱਸੂਵਾਲ, ਬਲਾਕ ਪ੍ਰਧਾਨ ਜਗਜੀਤ ਸਿੰਘ ਕਲੇਰ ਅਤੇ ਜਸਵਿੰਦਰ ਸਿੰਘ ਭਮਾਲ ਨੇ ਦੱਸਿਆ ਕਿ ਕਣਕ ਸੰਭਾਲਦਿਆਂ, ਤੂੜੀ ਬਣਾਉਂਦਿਆਂ ਅਤੇ ਮਿਹਨਤ ਕਰਦੇ ਕਿਸਾਨਾਂ-ਮਜ਼ਦੂਰਾਂ ਨੂੰ ਜੇ ਪੂਰੇ ਸਮੇਂ ਲਈ ਬਿਜਲੀ ਨਹੀਂ ਮਿਲੇਗੀ ਤਾਂ ਉਹ ਆਰਾਮ ਨਹੀਂ ਕਰ ਸਕਣਗੇ। ਮੱਛਰਾਂ ਦੀ ਭਰਮਾਰ ਕਾਰਨ ਬਿਮਾਰੀਆਂ ਫੈਲਣ ਦਾ ਖਦਸ਼ਾ ਬਣਿਆ ਹੋਇਆ ਹੈ। ਕਿਸਾਨ ਆਗੂਆਂ ਨੇ ਕਿਹਾ ਕਿ ਆਉਂਦੇ ਦਿਨਾਂ ਵਿੱਚ ਝੋਨੇ ਦੀ ਲੁਆਈ ਲਈ ਬਿਜਲੀ ਦੀ ਲੋੜ ਵਧ ਜਾਣੀ ਹੈ। ਬਿਜਲੀ ਦੀ ਨਿਰਵਿਘਨ ਸਪਲਾਈ ਨਾ ਮਿਲਣ ਕਾਰਨ ਕਿਸਾਨਾਂ ਮਜ਼ਦੂਰਾਂ ਨੂੰ ਫਿਰ ਮਜਬੂਰਨ ਧਰਨਿਆਂ ਦੇ ਰਾਹ ਤੁਰਨਾ ਪਵੇਗਾ। ਉਨ੍ਹਾਂ ਕਿਹਾ ਕਿ ਪਾਵਰਕੌਮ ਦਾ ਕੋਈ ਪੱਕਾ ਚੈਅਰਮੈਨ ਨਹੀਂ ਹੈ, ਜਿਹੜਾ ਆਰਜ਼ੀ ਲਇਆ ਵੀ ਹੋਇਆ ਹੈ ਉਹ ਪਟਿਆਲੇ ਨਹੀਂ ਮਿਲਦਾ। ਬਿਜਲੀ ਕਾਮੇ ਅਯੋਗ ਬਿਜਲੀ ਮੰਤਰੀ ਨੂੰ ਹਟਾਉਣ ਦੀ ਮੰਗ ਕਰ ਰਹੇ ਹਨ। ਉਨ੍ਹਾਂ ਭਗਵੰਤ ਮਾਨ ਸਰਕਾਰ ਨੂੰ ਇਸ ਮੁੱਦੇ ਲਈ ਜ਼ਿੰਮੇਵਾਰ ਠਹਿਰਾਉਂਦਿਆਂ ਮੰਗ ਕੀਤੀ ਕਿ ਇਸ ਗੰਭੀਰ ਸਮੱਸਿਆ ਨੂੰ ਜੰਗੀ ਪੱਧਰ ’ਤੇ ਹੱਲ ਕਰਨ ਦੇ ਉਪਰਾਲੇ ਜੁਟਾਏ ਜਾਣ। ਰੋਪੜ ਵਿੱਚ ਅੱਠ ਸੌ ਮੈਗਾਵਾਟ ਦੇ ਦੋ ਯੂਨਿਟ ਤੁਰੰਤ ਚਾਲੂ ਕੀਤੇ ਜਾਣ। ਕਿਸਾਨ ਆਗੂਆਂ ਨੇ ਭਲਕੇ ਦੇ ਘਿਰਾਓ ਵਿੱਚ ਲੋਕਾਂ ਨੂੰ ਵੱਧ ਤੋਂ ਵੱਧ ਸ਼ਮੂਲੀਅਤ ਦੀ ਅਪੀਲ ਕੀਤੀ ਹੈ। -ਨਿੱਜੀ ਪੱਤਰ ਪ੍ਰੇਰਕ

Advertisement
×