Ludhiana Heavy Rain: ਮੀਂਹ ਕਾਰਨ ਸਨਅਤੀ ਸ਼ਹਿਰ ਵਿੱਚ ਲੱਗੇ ਲੰਮੇ ਜਾਮ
ਸੜਕਾਂ ਤੇ ਗਲੀਆਂ ਵਿੱਚ ਖਡ਼ਿ੍ਹਆ ਪਾਣੀ; ਮੀਂਹ ਨੇ ਨਗਰ ਨਿਗਮ ਦੇ ਪ੍ਰਬੰਧਾਂ ਦੀ ਪੋਲ ਖੋਲ੍ਹੀ
ਸਨਅਤੀ ਸ਼ਹਿਰ ਵਿੱਚ ਅੱਜ ਸ਼ਾਮ ਨੂੰ ਪਏ ਤੇਜ਼ ਮੀਂਹ ਨੇ ਇੱਕ ਵਾਰ ਫਿਰ ਸ਼ਹਿਰ ਜਲ ਥਲ ਕਰ ਦਿੱਤਾ। ਹਾਲਾਤ ਇਹ ਸਨ ਕਿ ਇੱਕ ਘੰਟਾ ਪਏ ਤੇਜ਼ ਮੀਂਹ ਤੋਂ ਬਾਅਦ ਸ਼ਹਿਰ ਦੀਆਂ ਸੜਕਾਂ ਤੇ ਗਲੀਆਂ ਪਾਣੀ ਨਾਲ ਭਰ ਗਈਆਂ। ਪਾਣੀ ਦੀ ਨਿਕਾਸੀ ਨਾ ਹੋਣ ਕਾਰਨ ਸੜਕਾਂ ’ਤੇ ਪਾਣੀ ਖੜ੍ਹ ਗਿਆ ਤੇ ਸ਼ਾਮ ਦੇ ਸਮੇਂ ਸ਼ਹਿਰ ਵਿੱਚ ਟਰੈਫਿਕ ਜਾਮ ਹੋਣ ਲੱਗ ਗਿਆ। ਜਾਮ ਕਰ ਕੇ ਲੋਕਾਂ ਨੂੰ ਭਾਰੀ ਮੁਸ਼ਕਲ ਦਾ ਸਾਹਮਣਾ ਵੀ ਕਰਨਾ ਪਇਆ। ਉਧਰ, ਪਾਣੀ ਦੀ ਨਿਕਾਸੀ ਨੇ ਨਗਰ ਨਿਗਮ ਦੇ ਪ੍ਰਬੰਧਾਂ ਦੀ ਪੋਲ ਖੋਲ੍ਹ ਕੇ ਰੱਖ ਦਿੱਤੀ। ਜਿਵੇਂ ਤੇਜ਼ ਮੀਂਹ ਪੈ ਰਿਹਾ ਸੀ, ਉਸ ਨੂੰ ਦੇਖ ਕੇ ਲਗ ਰਿਹਾ ਸੀ ਕਿ ਪਾਣੀ ਨਾਲ ਸ਼ਹਿਰ ਦੇ ਹਾਲਾਤ ਖ਼ਰਾਬ ਹੋ ਜਾਣਗੇ।
ਸਨਅਤੀ ਸ਼ਹਿਰ ਵਿੱਚ ਕਰੀਬ ਸਾਢੇ ਚਾਰ ਵਜੇ ਮੀਂਹ ਪੈਣਾ ਸ਼ੁਰੂ ਹੋਇਆ। ਅਚਾਨਕ ਹੀ ਹੁੰਮਸ ਭਰੇ ਮੌਸਮ ਦੌਰਾਨ ਅਚਾਨਕ ਕਾਲੇ ਬੱਦਲਾਂ ਦੇ ਨਾਲ ਮੀਂਹ ਪੈਣਾ ਸ਼ੁਰੂ ਹੋ ਗਿਆ। ਕਰੀਬ ਇੱਕ ਘੰਟਾ ਲਗਾਤਾਰ ਤੇਜ਼ ਮੀਂਹ ਪੈਂਦਾ ਰਿਹਾ। ਇਸ ਤੋਂ ਬਾਅਦ ਸ਼ਹਿਰ ਦੀਆਂ ਸੜਕਾਂ ’ਤੇ ਪਾਣੀ ਹੀ ਪਾਣੀ ਹੋ ਗਿਆ। ਨੀਵੇਂ ਇਲਾਕਿਆਂ ਵਿੱਚ ਤਾਂ ਰਾਤ ਤੱਕ ਪਾਣੀ ਖੜ੍ਹਾ ਰਿਹਾ। ਮੀਂਹ ਤੋਂ ਬਾਅਦ ਮਾਤਾ ਰਾਣੀ ਚੌਕ, ਗੁਰਦੇਵ ਨਗਰ, ਪੱਖੋਵਾਲ ਰੋਡ, ਹੈਬੋਵਾਲ, ਕੁੰਦਨਪੁਰੀ, ਘੰਟਾ ਘਰ ਚੌਕ, ਚੌੜਾ ਬਾਜ਼ਾਰ ਆਦਿ ਖੇਤਰਾਂ ਵਿੱਚ ਪਾਣੀ ਖੜ੍ਹਾ ਹੋਣ ਕਾਰਨ ਲੋਕਾਂ ਨੂੰ ਕਾਫ਼ੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਇਆ।
ਮੀਂਹ ਤੋਂ ਬਾਅਦ ਸੜਕਾਂ ’ਤੇ ਪਾਣੀ ਖੜ੍ਹਾ ਹੋਣ ਕਾਰਨ ਸ਼ਾਮ ਨੂੰ ਸ਼ਹਿਰ ਵਾਸੀਆਂ ਨੂੰ ਟਰੈਫਿਕ ਸਮੱਸਿਆ ਦਾ ਸਾਹਮਣਾ ਕਰਨਾ ਪਇਆ। ਸ਼ਹਿਰ ਦੇ ਜ਼ਿਆਦਾਤਰ ਇਲਾਕਿਆਂ ਵਿੱਚ ਪਾਣੀ ਕਾਰਨ ਸੜਕਾਂ ’ਤੇ ਵਾਹਨਾਂ ਦੀਆਂ ਲੰਮੀਆਂ ਕਤਾਰਾਂ ਲੱਗ ਗਈਆਂ। ਟਰੈਫਿਕ ਜਾਮ ਕਾਰਨ ਲੋਕ ਪ੍ਰਸ਼ਾਸਨ ਦੇ ਨਿਕਾਸੀ ਪ੍ਰਬੰਧਾਂ ਨੂੰ ਕੋਸਦੇ ਰਹੇ। ਗਿੱਲ ਰੋਡ, ਪੱਖੋਵਾਲ ਰੋਡ, ਫੁਹਾਰਾ ਚੌਕ, ਭਾਰਤ ਨਗਰ ਚੌਕ, ਜਗਰਾਉਂ ਪੁਲ ਦੇ ਆਸਪਾਸ ਕਾਫ਼ੀ ਲੰਮੇ ਟਰੈਫਿਕ ਜਾਮ ਲੱਗ ਗਏ। ਇਸ ਕਾਰਨ ਲੋਕਾਂ ਨੂੰ ਆਪਣੀ ਮੰਜ਼ਿਲ ’ਤੇ ਪਹੁੰਚਣ ਲਈ ਕਾਫ਼ੀ ਦੇਰ ਸੜਕਾਂ ’ਤੇ ਖੁਆਰ ਹੋਣਾ ਪਿਆ।
ਕਈ ਖੇਤਰਾਂ ਵਿੱਚ ਬਿਜਲੀ ਬੰਦ ਹੋਈ
ਸ਼ਹਿਰ ਵਿੱਚ ਮੀਂਹ ਤੋਂ ਬਾਅਦ ਕਈ ਖੇਤਰਾਂ ਵਿੱਚ ਬਿਜਲੀ ਸਪਲਾਈ ਬੰਦ ਹੋ ਗਈ। ਇਸ ਕਾਰਨ ਲੋਕਾਂ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਇਆ। ਮੀਂਹ ਤੋਂ ਬਾਅਦ ਸ਼ਹਿਰ ਵਿੱਚ ਹੁੰਮਸ ਕਾਰਨ ਗਰਮੀ ਵੱਧ ਗਈ ਤੇ ਬਿਜਲੀ ਨਾ ਹੋਣ ਕਾਰਨ ਲੋਕ ਕਾਫ਼ੀ ਪ੍ਰੇਸ਼ਾਨ ਹੋਏ। ਕਈ ਖੇਤਰਾਂ ਵਿੱਚ ਤਾਂ ਖ਼ਬਰ ਲਿਖੇ ਜਾਣ ਤੱਕ ਬਿਜਲੀ ਨਹੀਂ ਆਈ ਸੀ।

