DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

Ludhiana Congress Factionalism: ਲੁਧਿਆਣਾ ਕਾਂਗਰਸ ਨੂੰ ਇਕਜੁੱਟ ਕਰਨਾ ਪਰਗਟ ਲਈ ਵੱਡੀ ਚੁਣੌਤੀ

ਕਾਂਗਰਸ ਜ਼ਿਲ੍ਹਾ ਪ੍ਰਧਾਨ ਅਤੇ ਸਾਬਕਾ ਮੰਤਰੀ ਆਸ਼ੂ ਦਾ ਵੱਖੋਂ-ਵੱਖਰਾ ਰਾਹ

  • fb
  • twitter
  • whatsapp
  • whatsapp
featured-img featured-img
ਪਰਗਟ ਸਿੰਘ
Advertisement

ਅਗਾਮੀ ਵਿਧਾਨ ਸਭਾ ਚੋਣਾਂ ਤੋਂ ਕੁਝ ਮਹੀਨੇ ਪਹਿਲਾਂ ਕਾਂਗਰਸ ਹਾਈਕਮਾਂਡ ਵੱਲੋਂ ਸੂਬਾ ਪ੍ਰਧਾਨ ਬਦਲ ਦਿੱਤਾ ਗਿਆ ਹੈ। ਲੁਧਿਆਣਾ ਤੋਂ ਲੋਕ ਸਭਾ ਮੈਂਬਰ ਅਮਰਿੰਦਰ ਸਿੰਘ ਰਾਜਾ ਵੜਿੰਗ ਦੀ ਥਾਂ ਹੁਣ ਸਾਬਕਾ ਮੰਤਰੀ ਪਰਗਟ ਸਿੰਘ ਨੂੰ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੀ ਕਮਾਂਡ ਦਿੱਤੀ ਗਈ ਹੈ। ਪੰਜਾਬ ਪੱਧਰ ’ਤੇ ਧੜੇਬੰਦੀ ਤੋਂ ਇਲਾਵਾ ਸੂਬੇ ਦੇ ਸਨਅਤੀ ਧੁਰੇ ਵਜੋਂ ਜਾਣੇ ਜਾਂਦੇ ਲੁਧਿਆਣਾ ਵਿੱਚ ਵੀ ਕਾਂਗਰਸ ਅੰਦਰੂਨੀ ਫੁੱਟ ਦਾ ਸ਼ਿਕਾਰ ਹੈ। ਇਹ ਗੁੱਟਬਾਜ਼ੀ ਅੱਜ ਦੀ ਨਹੀਂ, ਸਗੋਂ ਸਾਬਕਾ ਸੂਬਾ ਪ੍ਰਧਾਨ ਰਾਜਾ ਵੜਿੰਗ ਦੇ ਕਾਰਜਕਾਲ ਤੋਂ ਹੀ ਲਗਾਤਾਰ ਡੂੰਘੀ ਹੁੰਦੀ ਆ ਰਹੀ ਹੈ। ਇੱਥੇ ਜ਼ਿਲ੍ਹਾ ਪ੍ਰਧਾਨ ਵੱਖਰੇ ਰਾਹ ’ਤੇ ਅਤੇ ਸਾਬਕਾ ਕੈਬਨਿਟ ਮੰਤਰੀ ਭਾਰਤ ਭੂਸ਼ਣ ਆਸ਼ੂ ਵੱਖਰੇ ਰਾਹ ਤੁਰ ਰਾਹ ਤੁਰ ਰਹੇ ਹਨ। ਅਜਿਹੇ ਵਿੱਚ ਜਿੱਥੇ ਪਰਗਟ ਸਿੰਘ ਲਈ ਪਾਰਟੀ ਨੂੰ ਇਕਜੁੱਟ ਕਰਨਾ ਵੱਡੀ ਪ੍ਰੀਖਿਆ ਹੋਵੇਗਾ, ਉੱਥੇ ਹੀ ਰਾਜਾ ਵੜਿੰਗ ਧੜੇ ਦੇ ਆਗੂ ਤੇ ਟਿਕਟਾਂ ਦੇ ਚਾਹਵਾਨ ਹੁਣ ਨਵੇਂ ਸਿਰਿਓਂ ਸਿਆਸੀ ਸਮੀਕਰਨ ਫਿੱਟ ਕਰਨ ਵਿੱਚ ਜੁਟ ਗਏ ਹਨ। ਜ਼ਿਕਰਯੋਗ ਹੈ ਕਿ ਜਦੋਂ ਕਾਂਗਰਸ ਹਾਈਕਮਾਂਡ ਨੇ ਰਾਜਾ ਵੜਿੰਗ ਨੂੰ ਸੂਬਾ ਪ੍ਰਧਾਨ ਥਾਪਿਆ ਸੀ ਤਾਂ ਆਸ਼ੂ ਨੂੰ ਕਾਰਜਕਾਰੀ ਪ੍ਰਧਾਨ (ਵਰਕਿੰਗ ਪ੍ਰਧਾਨ) ਬਣਾਇਆ ਗਿਆ ਸੀ। ਸ਼ੁਰੂਆਤ ਵਿੱਚ ਦੋਵਾਂ ਆਗੂਆਂ ’ਚ ਵਧੀਆ ਤਾਲਮੇਲ ਅਤੇ ਗੂੜ੍ਹੀ ਦੋਸਤੀ ਸੀ। ਮਗਰੋਂ ਲੋਕ ਸਭਾ ਚੋਣਾਂ ਤੋਂ ਪਹਿਲਾਂ ਜਦੋਂ ਰਵਨੀਤ ਸਿੰਘ ਬਿੱਟੂ ਕਾਂਗਰਸ ਛੱਡ ਕੇ ਭਾਜਪਾ ਵਿੱਚ ਸ਼ਾਮਲ ਹੋ ਗਏ ਤਾਂ ਇਸ ਰਿਸ਼ਤੇ ਵਿੱਚ ਤਰੇੜ ਆ ਗਈ। ਉਸ ਵੇਲੇ ਆਸ਼ੂ ਲੁਧਿਆਣਾ ਲੋਕ ਸਭਾ ਹਲਕੇ ਤੋਂ ਮਜ਼ਬੂਤ ਦਾਅਵੇਦਾਰ ਸਨ, ਪ੍ਰੰਤੂ ਜ਼ਿਲ੍ਹਾ ਕਾਂਗਰਸ ਪ੍ਰਧਾਨ ਸੰਜੇ ਤਲਵਾੜ ਸਣੇ ਕਈ ਆਗੂਆਂ ਨੇ ਉਨ੍ਹਾਂ ਦੀ ਦਾਅਵੇਦਾਰੀ ਦਾ ਵਿਰੋਧ ਕੀਤਾ। ਹਾਈਕਮਾਂਡ ਨੇ ਮਾਹੌਲ ਭਾਂਪਦਿਆਂ ਖ਼ੁਦ ਸੂਬਾ ਪ੍ਰਧਾਨ ਰਾਜਾ ਵੜਿੰਗ ਨੂੰ ਚੋਣ ਮੈਦਾਨ ਵਿੱਚ ਉਤਾਰ ਦਿੱਤਾ। ਇਸ ਦੌਰਾਨ ਜ਼ਿਲ੍ਹਾ ਪ੍ਰਧਾਨ ਸੰਜੇ ਤਲਵਾੜ ਅਤੇ ਉਨ੍ਹਾਂ ਦੇ ਸਾਥੀ ਰਾਜਾ ਵੜਿੰਗ ਦੇ ਬੇਹੱਦ ਨੇੜੇ ਹੋ ਗਏ। ਬਾਅਦ ਵਿੱਚ ਬੈਂਸ ਭਰਾਵਾਂ ਦੇ ਕਾਂਗਰਸ ਵਿੱਚ ਸ਼ਾਮਲ ਹੋਣ ਨਾਲ ਵੜਿੰਗ ਧੜਾ ਹੋਰ ਮਜ਼ਬੂਤ ਹੋ ਗਿਆ, ਜਿਸ ਨਾਲ ਆਸ਼ੂ ਹੋਰ ਨਾਰਾਜ਼ ਹੋ ਗਏ ਅਤੇ ਹੌਲੀ-ਹੌਲੀ ਇਕੱਲੇ ਪੈਣ ਲੱਗੇ। ਉਸ ਸਮੇਂ ਹਲਕਾ ਦੱਖਣੀ ਦੇ ਇੰਚਾਰਜ ਈਸ਼ਵਰਜੋਤ ਚੀਮਾ ਅਤੇ ਆਸ਼ੂ ਧੜੇ ਦੇ ਕੁਝ ਕੌਂਸਲਰ ਹੀ ਉਨ੍ਹਾਂ ਦੇ ਨਾਲ ਖੜ੍ਹੇ ਦਿਖਾਈ ਦਿੱਤੇ। ਇੱਥੋਂ ਤੱਕ ਕਿ ਰਾਜਾ ਵੜਿੰਗ ਦੀ ਜਿੱਤ ਮਗਰੋਂ ਵੀ ਆਸ਼ੂ ਨੇ ਉਨ੍ਹਾਂ ਨੂੰ ਵਧਾਈ ਤੱਕ ਨਹੀਂ ਦਿੱਤੀ ਸੀ।

ਜ਼ਿਮਨੀ ਚੋਣ ਦੌਰਾਨ ਪ੍ਰਚਾਰ ਤੋਂ ਦੂਰ ਰਹੇ ਸਨ ਵੜਿੰਗ ਤੇ ਜ਼ਿਲ੍ਹਾ ਪ੍ਰਧਾਨ

‘ਆਪ’ ਵਿਧਾਇਕ ਗੁਰਪ੍ਰੀਤ ਗੋਗੀ ਬੱਸੀ ਦੇ ਦੇਹਾਂਤ ਮਗਰੋਂ ਹਲਕਾ ਲੁਧਿਆਣਾ ਪੱਛਮੀ ਵਿੱਚ ਹੋਈ ਜ਼ਿਮਨੀ ਚੋਣ ਦੌਰਾਨ ਇਹ ਕੁੜੱਤਣ ਸਿਖਰਾਂ ’ਤੇ ਪਹੁੰਚ ਗਈ। ਚੋਣ ਦੌਰਾਨ ਲੋਕ ਸਭਾ ਮੈਂਬਰ ਰਾਜਾ ਵੜਿੰਗ ਅਤੇ ਜ਼ਿਲ੍ਹਾ ਪ੍ਰਧਾਨ ਸੰਜੇ ਤਲਵਾੜ ਆਸ਼ੂ ਦੇ ਘਰ ਵੀ ਗਏ ਸਨ, ਪ੍ਰੰਤੂ ਆਸ਼ੂ ਉਨ੍ਹਾਂ ਨੂੰ ਨਹੀਂ ਮਿਲੇ। ਇਸ ਮਗਰੋਂ ਸਾਂਸਦ ਹੋਣ ਦੇ ਬਾਵਜੂਦ ਰਾਜਾ ਵੜਿੰਗ ਨੇ ਚੋਣ ਪ੍ਰਚਾਰ ਤੋਂ ਪੂਰੀ ਤਰ੍ਹਾਂ ਦੂਰੀ ਬਣਾਈ ਰੱਖੀ। ਰਾਜਾ ਵੜਿੰਗ ਨੇ ਹਲਕਾ ਪੱਛਮੀ ਵਿੱਚ ਆ ਕੇ ਪ੍ਰੈੱਸ ਕਾਨਫ਼ਰੰਸਾਂ ਤਾਂ ਕੀਤੀਆਂ, ਪਰ ਉਨ੍ਹਾਂ ਵਿੱਚ ਆਸ਼ੂ ਗ਼ੈਰ-ਹਾਜ਼ਰ ਰਹੇ। ਦੂਜੇ ਪਾਸੇ, ਪਰਗਟ ਸਿੰਘ ਪੂਰੀ ਜ਼ਿਮਨੀ ਚੋਣ ਦੌਰਾਨ ਜ਼ਮੀਨੀ ਪੱਧਰ ’ਤੇ ਡਟੇ ਰਹੇ ਅਤੇ ਵਰਕਰਾਂ ਨਾਲ ਮਿਲ ਕੇ ਕੰਮ ਕੀਤਾ, ਹਾਲਾਂਕਿ ਆਸ਼ੂ ਇਹ ਚੋਣ ਵੀ ਹਾਰ ਗਏ ਸਨ।

ਹਰ ਬੂਥ ਮਜ਼ਬੂਤ’ ਪ੍ਰੋਗਰਾਮ ਦੌਰਾਨ ਵਧੀ ਸੀ ਦੋਵਾਂ ਧੜਿਆਂ ਵਿਚਾਲੇ ਖਿੱਚੋਤਾਣ

ਦੋਵਾਂ ਧੜਿਆਂ ਵਿਚਾਲੇ ਖਿੱਚੋਤਾਣ ਉਸ ਵੇਲੇ ਹੋਈ ਜਦੋਂ ਕਾਂਗਰਸ ਵੱਲੋਂ ਪੰਜਾਬ ਦੇ ਸਾਬਕਾ ਇੰਚਾਰਜ ਭੂਪੇਸ਼ ਬਘੇਲ ਅਤੇ ਸਾਬਕਾ ਪ੍ਰਧਾਨ ਰਾਜਾ ਵੜਿੰਗ ਦੀ ਅਗਵਾਈ ਵਿੱਚ ਗੁਰੂ ਨਾਨਕ ਦੇਵ ਭਵਨ ਵਿਖੇ ‘ਹਰ ਬੂਥ ਮਜ਼ਬੂਤ’ ਪ੍ਰੋਗਰਾਮ ਕਰਵਾਇਆ ਗਿਆ। ਸਮਾਗਮ ਵਿੱਚ ਆਸ਼ੂ ਪੱਖੀ ਕੌਂਸਲਰ ਅਤੇ ਉਨ੍ਹਾਂ ਦੇ ਸਮਰਥਕ ਵੱਡੀ ਗਿਣਤੀ ਵਿੱਚ ਪਹੁੰਚੇ ਅਤੇ ਆਸ਼ੂ ਦੇ ਹੱਕ ਵਿੱਚ ਨਾਅਰੇਬਾਜ਼ੀ ਸ਼ੁਰੂ ਕਰ ਦਿੱਤੀ। ਇਸ ’ਤੇ ਖ਼ਫ਼ਾ ਹੋ ਕੇ ਰਾਜਾ ਵੜਿੰਗ ਅਤੇ ਉਨ੍ਹਾਂ ਦੇ ਸਾਥੀਆਂ ਨੇ ਕਾਂਗਰਸੀ ਕੌਂਸਲਰਾਂ ਤੇ ਵਰਕਰਾਂ ਨੂੰ ਕਥਿਤ ਤੌਰ ’ਤੇ ‘ਆਰ ਐੱਸ ਐੱਸ ਦੇ ਏਜੰਟ’ ਕਰਾਰ ਦਿੰਦਿਆਂ ਹਾਲ ਵਿੱਚੋਂ ਬਾਹਰ ਜਾਣ ਲਈ ਕਹਿ ਦਿੱਤਾ। ਇਸ ਮੁੱਦੇ ’ਤੇ ਭਾਰੀ ਹੰਗਾਮਾ ਹੋਇਆ ਅਤੇ ਆਸ਼ੂ ਸਮਰਥਕ ਰੋਸ ਵਜੋਂ ਬਾਹਰ ਆ ਗਏ।

Advertisement
Advertisement
×