Ludhiana ਸ਼ਹਿਰ ਵਿੱਚ ਕਿਤੇ ਸੋਕਾ, ਕਿਤੇ ਜਲ-ਥਲ
ਸਨਅਤੀ ਸ਼ਹਿਰ ਵਿੱਚ ਮੌਸਮ ਦਾ ਮਿਜ਼ਾਜ ਬਦਲਿਆ; ਮੀਂਹ ਮਗਰੋਂ ਪਾਰਾ ਡਿੱਗਿਆ, ਹੋਰ ਬਾਰਸ਼ ਦੀ ਪੇਸ਼ੀਨਗੋੲੀ
ਲੁਧਿਆਣਾ ਅਤੇ ਇਸ ਦੇ ਆਸ-ਪਾਸ ਦੇ ਇਲਾਕਿਆਂ ਵਿੱਚ ਪਿਛਲੇ ਕੁਝ ਦਿਨਾਂ ਤੋਂ ਮੌਸਮ ਦਾ ਮਿਜ਼ਾਜ਼ ਲਗਾਤਾਰ ਬਦਲ ਰਿਹਾ ਹੈ। ਅੱਜ ਵੀ ਸ਼ਹਿਰ ਵਿੱਚ ਮੌਸਮ ਦੇ ਵੱਖ-ਵੱਖ ਰੰਗ ਦੇਖਣ ਨੂੰ ਮਿਲੇ, ਜਿੱਥੇ ਸਵੇਰ ਸਮੇਂ ਅਚਾਨਕ ਬੱਦਲਵਾਈ ਹੋਣ ਕਾਰਨ ਕਈ ਇਲਾਕਿਆਂ ਵਿੱਚ ਤੇਜ਼ ਮੀਂਹ ਪਿਆ, ਉੱਥੇ ਹੀ ਕਈ ਇਲਾਕੇ ਬਿਲਕੁਲ ਸੁੱਕੇ ਰਹੇ ਅਤੇ ਉੱਥੇ ਸਵੇਰ ਤੋਂ ਹੀ ਤਿੱਖੀ ਧੁੱਪ ਨਿਕਲੀ ਰਹੀ। ਮੌਸਮ ਦੇ ਇਸ ਅਜੀਬ ਬਦਲਾਅ ਕਰ ਕੇ ਦਿਨ ਸਮੇਂ ਹੁੰਮਸ ਸ਼ਹਿਰ ਵਾਸੀਆਂ ਨੂੰ ਪ੍ਰੇਸ਼ਾਨ ਕਰਦੀ ਹੈ, ਜਦਕਿ ਰਾਤ ਅਤੇ ਸਵੇਰ ਦੇ ਸਮੇਂ ਤਾਪਮਾਨ ਘਟਣ ਕਾਰਨ ਹਲਕੀ ਠੰਢਕ ਮਹਿਸੂਸ ਹੋਣ ਲੱਗ ਪਈ।
ਪੰਜਾਬ ਦੇ ਹੋਰਨਾਂ ਹਿੱਸਿਆਂ ਵਾਂਗ ਲੁਧਿਆਣਾ ਵਿੱਚ ਮੌਨਸੂਨ ਨੇ 2 ਜੁਲਾਈ ਨੂੰ ਦਸਤਕ ਦਿੱਤੀ ਸੀ, ਜਿਸ ਤੋਂ ਬਾਅਦ ਰੋਜ਼ਾਨਾ ਰੁਕ-ਰੁਕ ਕੇ ਮੀਂਹ ਪੈ ਰਿਹਾ ਹੈ। ਅੱਜ ਪਏ ਮੀਂਹ ਨੇ ਤਾਜਪੁਰ ਰੋਡ, ਟਿੱਬਾ ਰੋਡ, ਸਮਰਾਲਾ ਚੌਕ, ਜਮਾਲਪੁਰ, ਚੰਡੀਗੜ੍ਹ ਰੋਡ ਅਤੇ ਸ਼ਿੰਗਾਰ ਸਿਨੇਮਾ ਰੋਡ ਵਰਗੇ ਇਲਾਕਿਆਂ ਨੂੰ ਜਲ-ਥਲ ਕਰ ਦਿੱਤਾ, ਜਦਕਿ ਫਿਰੋਜ਼ਪੁਰ ਰੋਡ ਅਤੇ ਦੁਗਰੀ ਵਰਗੇ ਖੇਤਰਾਂ ਵਿੱਚ ਸਾਰਾ ਦਿਨ ਧੁੱਪ ਖਿੜੀ ਰਹੀ। ਇਸ ਟੁੱਟਵੇਂ ਮੀਂਹ ਕਾਰਨ ਸ਼ਹਿਰ ਵਾਸੀਆਂ ਨੂੰ ਤਿੱਖੀ ਗਰਮੀ ਤੋਂ ਤਾਂ ਰਾਹਤ ਮਿਲੀ ਹੈ, ਪਰ ਹੁੰਮਸ ਕਾਫ਼ੀ ਵਧ ਗਈ ਹੈ।
ਇਸ ਮੌਸਮੀ ਬਦਲਾਅ ਅਤੇ ਮੀਂਹ ਕਾਰਨ ਸ਼ਹਿਰ ਵਿੱਚ ਚੱਲ ਰਹੇ ਕਈ ਉਸਾਰੀ ਅਤੇ ਵਿਕਾਸ ਕਾਰਜ ਬੁਰੀ ਤਰ੍ਹਾਂ ਪ੍ਰਭਾਵਿਤ ਹੋਏ ਹਨ। ਹੰਬੜਾ ਰੋਡ, ਤਾਜਪੁਰ ਰੋਡ ਅਤੇ ਲੁਧਿਆਣਾ-ਜਲੰਧਰ ਰੋਡ ’ਤੇ ਵਿਕਾਸ ਕਾਰਜਾਂ ਲਈ ਪੁੱਟੇ ਗਏ ਵੱਡੇ-ਵੱਡੇ ਟੋਏ ਮੀਂਹ ਦੇ ਪਾਣੀ ਨਾਲ ਨੱਕੋ-ਨੱਕ ਭਰ ਗਏ ਹਨ। ਪਾਣੀ ਨਾਲ ਭਰੇ ਇਹ ਟੋਏ ਨਾ ਸਿਰਫ਼ ਰਾਹਗੀਰਾਂ ਅਤੇ ਵਾਹਨ ਚਾਲਕਾਂ ਲਈ ਜਾਨਲੇਵਾ ਸਾਬਤ ਹੋ ਰਹੇ ਹਨ, ਬਲਕਿ ਖੜ੍ਹੇ ਪਾਣੀ ਕਾਰਨ ਹੁਣ ਸ਼ਹਿਰ ਵਿੱਚ ਡੇਂਗੂ ਅਤੇ ਮਲੇਰੀਆ ਦੇ ਮੱਛਰਾਂ ਦਾ ਕਹਿਰ ਵਧਣ ਦਾ ਖ਼ਦਸ਼ਾ ਪੈਦਾ ਹੋ ਗਿਆ ਹੈ।
ਲੁਧਿਆਣਾ ਵਿੱਚ ਅੱਜ ਵੱਧ ਤੋਂ ਵੱਧ ਤਾਪਮਾਨ 36 ਡਿਗਰੀ ਸੈਲਸੀਅਸ ਅਤੇ ਘੱਟ ਤੋਂ ਘੱਟ ਤਾਪਮਾਨ 28 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਮੌਸਮ ਵਿਭਾਗ ਦੇ ਮਾਹਿਰਾਂ ਅਨੁਸਾਰ ਆਉਣ ਵਾਲੇ ਦਿਨਾਂ ਵਿੱਚ ਵੀ ਅਜਿਹਾ ਹੀ ਮੌਸਮ ਬਣੇ ਰਹਿਣ ਅਤੇ ਹੋਰ ਮੀਂਹ ਪੈਣ ਦੀ ਪੂਰੀ ਸੰਭਾਵਨਾ ਹੈ।
