ਲੁਧਿਆਣਾ ਦਾ ਦੇਸ਼ ਦੇ ਦੂਜੇ ਸਭ ਤੋਂ ਗੰਦੇ ਸ਼ਹਿਰ ਵਜੋਂ ਦਰਜ ਹੋਣਾ ਦੁਖਦਾਈ: ਦੀਵਾਨ
ਸੀਨੀਅਰ ਕਾਂਗਰਸੀ ਆਗੂ ਨੇ ਨਿਗਮ ਕਮਿਸ਼ਨਰ ਨੂੰ ਚਿੱਠੀ ਲਿਖੀ
Advertisement
ਸੀਨੀਅਰ ਕਾਂਗਰਸੀ ਆਗੂ ਅਤੇ ਪੰਜਾਬ ਲਾਰਜ ਇੰਡਸਟਰੀਅਲ ਡਿਵੈਲਪਮੈਂਟ ਬੋਰਡ ਦੇ ਸਾਬਕਾ ਚੇਅਰਮੈਨ ਪਵਨ ਦੀਵਾਨ ਨੇ ਨਗਰ ਨਿਗਮ ਦੀ ਕਾਰਗੁਜ਼ਾਰੀ ’ਤੇ ਗੰਭੀਰ ਚਿੰਤਾ ਪ੍ਰਗਟ ਕਰਦਿਆਂ ਕਿਹਾ ਹੈ ਕਿ ਸਵੱਛ ਸਰਵੇਖਣ-2025 ਦੀ ਰਿਪੋਰਟ ਅਨੁਸਾਰ ਲੁਧਿਆਣਾ ਦੇਸ਼ ਦਾ ਦੂਜਾ ਸਭ ਤੋਂ ਗੰਦਾ ਸ਼ਹਿਰ ਐਲਾਨਿਆ ਗਿਆ ਹੈ, ਜੋ ਬਹੁਤ ਹੀ ਚਿੰਤਾਜਨਕ ਹੈ। ਅੱਜ ਇੱਥੇ ਮੀਡੀਆ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਦੱਸਿਆ ਕਿ ਨਗਰ ਨਿਗਮ ਸ਼ਹਿਰ ਵਿੱਚ ਸਫ਼ਾਈ ਪ੍ਰਣਾਲੀ ਨੂੰ ਢੰਗ ਨਾਲ ਬਣਾਈ ਰੱਖਣ ਵਿੱਚ ਪੂਰੀ ਤਰ੍ਹਾਂ ਫੇਲ੍ਹ ਸਾਬਤ ਹੋਇਆ ਹੈ ਅਤੇ ਇਸ ਸਬੰਧੀ ਉਨ੍ਹਾਂ ਨਗਰ ਨਿਗਮ ਦੇ ਕਮਿਸ਼ਨਰ ਅਦਿੱਤਿਆ ਡੇਚਲਵਾਲ ਨੂੰ ਇੱਕ ਚਿੱਠੀ ਵੀ ਭੇਜੀ ਹੈ। ਉਨ੍ਹਾਂ ਕਿਹਾ ਕਿ ਲੁਧਿਆਣਾ ਦਾ ਦੇਸ਼ ਦੇ ਦੂਜੇ ਸਭ ਤੋਂ ਗੰਦੇ ਸ਼ਹਿਰ ਵਜੋਂ ਦਰਜ ਹੋਣਾ ਬਹੁਤ ਦੁਖਦਾਈ ਅਤੇ ਸ਼ਰਮਨਾਕ ਗੱਲ ਹੈ। ਸ੍ਰੀ ਦੀਵਾਨ ਨੇ ਕਿਹਾ ਕਿ ਸ਼ਹਿਰ ਵਿੱਚ ਸਫ਼ਾਈ ਤੇ ਕੂੜਾ ਪ੍ਰਬੰਧਨ ਦੀ ਹਾਲਤ ਬਹੁਤ ਹੀ ਨਾਜ਼ੁਕ ਹੈ। ਹਾਲਾਂਕਿ ਨਿਗਮ ਵੱਲੋਂ ਖੁੱਲ੍ਹੇ ਵਿੱਚ ਕੂੜਾ ਸੁੱਟਣ ਵਾਲਿਆਂ ‘ਤੇ ਚਲਾਨ ਕਰਨ ਦੀ ਮੁਹਿੰਮ ਸ਼ੁਰੂ ਕੀਤੀ ਗਈ ਹੈ, ਪਰ ਇਸ ਦੌਰਾਨ ਇੱਕ ਮਹੱਤਵਪੂਰਣ ਮੁੱਦੇ ਨੂੰ ਪੂਰੀ ਤਰ੍ਹਾਂ ਅਣਡਿੱਠਾ ਕਰ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਸ਼ਹਿਰ ਵਿੱਚ ਵੱਡੇ ਕੂੜੇਦਾਨਾਂ ਤੇ ਗਾਰਬੇਜ਼ ਪੁਆਇੰਟਸ ਦੀ ਘਾਟ ਹੈ, ਜਿੱਥੇ ਲੋਕ ਆਪਣਾ ਕੂੜਾ ਸੁੱਟ ਸਕਣ। ਅਜਿਹੇ ਹਾਲਾਤਾਂ ਵਿੱਚ ਲੋਕਾਂ ਕੋਲ ਖੁੱਲ੍ਹੇ ਵਿੱਚ ਕੂੜਾ ਸੁੱਟਣ ਤੋਂ ਇਲਾਵਾ ਹੋਰ ਕੋਈ ਬਦਲ ਨਹੀਂ ਰਹਿੰਦਾ। ਨਿਗਮ ਨੂੰ ਜਾਂ ਤਾਂ ਘਰ-ਘਰ ਤੋਂ ਕੂੜਾ ਉਠਾਉਣ ਦੀ ਪ੍ਰਣਾਲੀ ਮਜ਼ਬੂਤ ਬਣਾਉਣੀ ਚਾਹੀਦੀ ਹੈ ਜਾਂ ਫਿਰ ਸ਼ਹਿਰ ਵਿੱਚ ਵੱਡੇ ਕੂੜੇਦਾਨ ਅਤੇ ਗਾਰਬੇਜ਼ ਪੁਆਇੰਟ ਸਥਾਪਿਤ ਕਰਨੇ ਚਾਹੀਦੇ ਹਨ, ਜਿਵੇਂ ਕਿ ਚੰਡੀਗੜ੍ਹ ਸਮੇਤ ਹੋਰ ਨਗਰ ਨਿਗਮਾਂ ਵੱਲੋਂ ਕੀਤਾ ਗਿਆ ਹੈ।
ਉਨ੍ਹਾਂ ਕਿਹਾ ਕਿ ਜੇ ਸ਼ਹਿਰ ਵਿੱਚ ਕੂੜਾ ਉਠਾਉਣ ਦੀ ਢੰਗਸਾਰ ਪ੍ਰਣਾਲੀ ਤੇ ਲੋੜੀਂਦੇ ਕੂੜੇਦਾਨ ਅਤੇ ਗਾਰਬੇਜ਼ ਪੁਆਇੰਟ ਹੁੰਦੇ, ਤਾਂ ਲੁਧਿਆਣਾ ਨੂੰ ਦੇਸ਼ ਦੇ ਸਭ ਤੋਂ ਗੰਦੇ ਸ਼ਹਿਰਾਂ ਦੀ ਸ਼੍ਰੇਣੀ ਵਿੱਚ ਸ਼ਾਮਲ ਹੋਣ ਦੀ ਸ਼ਰਮਨਾਕ ਸਥਿਤੀ ਦਾ ਸਾਹਮਣਾ ਨਾ ਕਰਨਾ ਪੈਂਦਾ।
Advertisement
ਆਪਣੀ ਚਿੱਠੀ ਵਿੱਚ ਦੀਵਾਨ ਨੇ ਨਗਰ ਨਿਗਮ ਕਮਿਸ਼ਨਰ ਨੂੰ ਅਪੀਲ ਕੀਤੀ ਕਿ ਉਹ ਤੁਰੰਤ ਨਿਗਮ ਦੇ ਉੱਚ ਅਧਿਕਾਰੀਆਂ ਦੀ ਮੀਟਿੰਗ ਬੁਲਾਉਣ ਅਤੇ ਇੱਕ ਕਾਰਗੁਜ਼ਾਰੀ ਯੋਜਨਾ ਤਿਆਰ ਕਰਨ, ਜਿਸ ਰਾਹੀਂ ਸ਼ਹਿਰ ਨੂੰ ਸਾਫ-ਸੁਥਰਾ ਅਤੇ ਹਰਾ-ਭਰਾ ਬਣਾਇਆ ਜਾ ਸਕੇ।
Advertisement
