ਗੰਦੇ ਪਾਣੀ ਦੀ ਨਿਕਾਸੀ ਨਾ ਹੋਣ ਕਾਰਨ ਲਿਬੜਾ ਵਾਸੀ ਪ੍ਰੇਸ਼ਾਨ
ਪੰਚਾਇਤ ਮੰਤਰੀ ਤਰੁਣਪ੍ਰੀਤ ਸਿੰਘ ਸੌਂਦ ਦੇ ਹਲਕੇ ਪਿੰਡ ਲਿਬੜਾ ਦੀਆਂ ਗਲੀਆਂ ਵਿੱਚ ਲੰਮੇ ਸਮੇਂ ਤੋਂ ਖੜ੍ਹਦੇ ਗੰਦੇ ਪਾਣੀ ਕਾਰਨ ਲੋਕਾਂ ਵਿਚ ਬਿਮਾਰੀਆਂ ਫੈਲਣ ਦਾ ਖ਼ਤਰਾ ਬਣਿਆ ਹੋਇਆ ਹੈ। ਲਗਾਤਾਰ ਗੰਦੇ ਪਾਣੀ ਵਿੱਚ ਰਹਿਣ ਕਾਰਨ ਲੋਕਾਂ ਨੂੰ ਚਮੜੀ ਦੇ ਰੋਗ ਲੱਗਣੇ...
ਪੰਚਾਇਤ ਮੰਤਰੀ ਤਰੁਣਪ੍ਰੀਤ ਸਿੰਘ ਸੌਂਦ ਦੇ ਹਲਕੇ ਪਿੰਡ ਲਿਬੜਾ ਦੀਆਂ ਗਲੀਆਂ ਵਿੱਚ ਲੰਮੇ ਸਮੇਂ ਤੋਂ ਖੜ੍ਹਦੇ ਗੰਦੇ ਪਾਣੀ ਕਾਰਨ ਲੋਕਾਂ ਵਿਚ ਬਿਮਾਰੀਆਂ ਫੈਲਣ ਦਾ ਖ਼ਤਰਾ ਬਣਿਆ ਹੋਇਆ ਹੈ। ਲਗਾਤਾਰ ਗੰਦੇ ਪਾਣੀ ਵਿੱਚ ਰਹਿਣ ਕਾਰਨ ਲੋਕਾਂ ਨੂੰ ਚਮੜੀ ਦੇ ਰੋਗ ਲੱਗਣੇ ਸ਼ੁਰੂ ਹੋ ਗਏ ਹਨ ਅਤੇ ਬਦਬੂ ਮਾਰਦੇ ਪਾਣੀ ਵਿੱਚੋਂ ਲੋਕਾਂ ਦਾ ਲੰਘਣਾ ਮੁਸ਼ਕਿਲ ਹੋ ਚੁੱਕਾ ਹੈ। ਪਿੰਡ ਦੇ ਵਸਨੀਕ ਸਿਤਾਰ ਮੁਹੰਮਦ ਨੇ ਦੱਸਿਆ ਕਿ ਪਿੰਡ ਦੇ ਲੋਕ ਕਰੀਬ ਦੋ ਸਾਲ ਤੋਂ ਸੀਵਰੇਜ ਦੇ ਗੰਦੇ ਪਾਣੀ ਦੀ ਨਿਕਾਸੀ ਨਾ ਹੋਣ ਕਰਕੇ ਪ੍ਰੇਸ਼ਾਨ ਹਨ। ਇਸ ਸਬੰਧੀ ਕੈਬਨਿਟ ਮੰਤਰੀ ਤਰੁਣਪ੍ਰੀਤ ਸਿੰਘ ਸੌਂਦ ਦੇ ਧਿਆਨ ਵਿੱਚ ਵੀ ਲਿਆਂਦਾ ਗਿਆ ਪਰ ਕਿਸੇ ਨੇ ਕੋਈ ਹੱਲ ਨਹੀਂ ਕੀਤਾ। ਚਿੱਕੜ ਕਾਰਨ ਲੋਕਾਂ ਦਾ ਘਰਾਂ ਨਿਕਲਣਾ ਬੰਦ ਹੋ ਗਿਆ ਹੈ। ਇਸ ਤੋਂ ਇਲਾਵਾ ਸੜਕ ਕਿਨਾਰੇ ਬਣੀਆਂ ਦੁਕਾਨਾਂ ਦਾ ਲੱਖਾਂ ਰੁਪਏ ਦਾ ਸਾਮਾਨ ਖਰਾਬ ਹੋ ਚੁੱਕਾ ਹੈ।
ਉਨ੍ਹਾਂ ਕਿਹਾ ਕਿ ਇਸ ਵਾਰ ਪੰਚਾਇਤ ਸਰਬਸੰਮਤੀ ਨਾਲ ਬਣਾਈ ਗਈ ਸੀ ਅਤੇ ਸਰਪੰਚ ਬਣਨ ਵਾਲੇ ਤੋਂ ਵਾਅਦਾ ਲਿਆ ਗਿਆ ਸੀ ਕਿ ਜਿਹੜਾ ਵਿਅਕਤੀ ਪਾਣੀ ਦੀ ਨਿਕਾਸੀ ਲਈ ਜਗ੍ਹਾ ਲੈ ਕੇ ਦੇਵੇਗਾ, ਉਸ ਨੂੰ ਸਰਪੰਚ ਚੁਣਿਆ ਜਾਵੇਗਾ। ਪੰਚਾਇਤ ਨੇ ਕਰੀਬ ਸਾਲ ਪਹਿਲਾ ਜਗ੍ਹਾ ਖ੍ਰੀਦੀ ਪਰ ਮੁੜ ਕੰਮ ਕਰਵਾਉਣ ਵੱਲ ਧਿਆਨ ਨਹੀਂ ਦਿੱਤਾ ਗਿਆ। ਲੋਕਾਂ ਨੇ ਚਿਤਾਵਨੀ ਦਿੱਤੀ ਕਿ ਜੇਕਰ ਪਿੰਡ ਦਾ ਮਸਲਾ ਜਲਦ ਹੱਲ ਨਾ ਕੀਤਾ ਗਿਆ ਤਾਂ ਜਲਦ ਜਰਨੈਲੀ ਸੜਕ ਨੂੰ ਜਾਮ ਕੀਤਾ ਜਾਵੇਗਾ। ਮਗਰੋਂ ਮੰਤਰੀ ਸਮੇਤ ਪ੍ਰਸ਼ਾਸ਼ਨਿਕ ਅਧਿਕਾਰੀਆਂ ਦੇ ਦਫ਼ਤਰਾਂ ਅੱਗੇ ਧਰਨੇ ਦਿੱਤੇ ਜਾਣਗੇ।
ਬੀ ਡੀ ਪੀ ਓ ਸਤਵਿੰਦਰ ਸਿੰਘ ਕੰਗ ਨੇ ਕਿਹਾ ਕਿ ਪਿੰਡ ਵਿੱਚ ਸੀਵਰੇਜ ਪਾਈਪਾਂ ਪਾ ਦਿੱਤੀਆਂ ਗਈਆਂ ਹਨ ਅਤੇ ਪਾਣੀ ਦੀ ਨਿਕਾਸੀ ਕਰਵਾ ਦਿੱਤੀ ਗਈ ਸੀ। ਇਹ ਕੱਲ੍ਹ ਹੋਈ ਬਾਰਸ਼ ਦਾ ਪਾਣੀ ਹੈ ਜਿਸ ਦੀ ਨਿਕਾਸੀ ਛੇਤੀ ਕਰਵਾ ਦਿੱਤੀ ਜਾਵੇਗੀ।

