ਏਟਕ ਵੱਲੋਂ ਚੀਫ ਇੰਜਨੀਅਰ ਪਾਵਰਕੌਮ ਨੂੰ ਪੱਤਰ
ਪੀ ਐੱਸ ਈ ਬੀ ਐਂਪਲਾਈਜ਼ ਫੈਡਰੇਸ਼ਨ ਏਟਕ ਦੇ ਇੱਕ ਵਫ਼ਦ ਨੇ ਸੂਬਾ ਡਿਪਟੀ ਜਨਰਲ ਸਕੱਤਰ ਰਛਪਾਲ ਸਿੰਘ ਪਾਲੀ ਦੀ ਅਗਵਾਈ ਹੇਠ ਚੀਫ ਇੰਜਨੀਅਰ ਜਗਦੇਵ ਸਿੰਘ ਹਾਂਸ ਨਾਲ ਮੁਲਾਕਾਤ ਕਰਕੇ ਇੱਕ ਮੰਗ ਪੱਤਰ ਦਿੱਤਾ, ਜਿਸ ਵਿੱਚ ਸੀ ਆਰ ਏ 312/25 ਤਹਿਤ ਭਰਤੀ ਹੋ ਰਹੇ ਸਹਾਇਕ ਲਾਈਨ ਮੈਨਾਂ ਨੂੰ ਰਿਹਾਇਸ਼ ਦੇ ਨੇੜੇ ਸਟੇਸ਼ਨ ਦੇਣ ਦੀ ਮੰਗ ਤੋਂ ਇਲਾਵਾ ਪਰਾਲੀ ਸਾੜਨ ਤੋਂ ਰੋਕਣ ਲਈ ਬਿਜਲੀ ਮੁਲਾਜ਼ਮਾਂ ਦੀਆਂ ਲਗਾਈਆਂ ਜਾ ਰਹੀਆਂ ਡਿਊਟੀਆਂ ’ਤੇ ਰੋਕ ਲਗਾਉਣ ਦੀ ਮੰਗ ਕੀਤੀ ਗਈ।
ਰਛਪਾਲ ਸਿੰਘ ਪਾਲੀ ਅਤੇ ਸੀਨੀਅਰ ਆਗੂ ਗੁਰਪ੍ਰੀਤ ਸਿੰਘ ਮਹਿਦੂਦਾਂ ਨੇ ਦੱਸਿਆ ਕਿ ਵਫ਼ਦ ਨੇ ਚੀਫ ਇੰਜੀਨੀਅਰ ਨੂੰ ਜਾਣੂ ਕਰਵਾਇਆ ਕਿ ਰਿਹਾਇਸ਼ ਦੇ ਨੇੜੇ ਡਿਵੀਜ਼ਨਾਂ ਅਤੇ ਸਬ ਡਿਵੀਜ਼ਨਾਂ ਦੀ ਸਹੀ ਵੰਡ ਹੋਣ ਕਾਰਨ ਐਮਰਜੈਂਸੀ ਵੇਲੇ ਨੇੜੇ ਦੇ ਮੁਲਾਜ਼ਮ ਨੂੰ ਡਿਊਟੀ ’ਤੇ ਸੱਦਿਆ ਜਾ ਸਕਦਾ ਹੈ। ਉਨ੍ਹਾਂ ਦੱਸਿਆ ਕਿ ਇਸ ਤੋਂ ਇਲਾਵਾ ਪਰਾਲੀ ਸਾੜਨ ਤੋਂ ਰੋਕਣ ਲਈ ਬਿਜਲੀ ਮੁਲਾਜ਼ਮਾਂ ਦੀਆਂ ਲਗਾਈਆਂ ਡਿਊਟੀਆਂ ਬਾਰੇ ਉਨ੍ਹਾਂ ਤੁਰੰਤ ਫੋਨ ਕਰਕੇ ਮੰਗ ਨੂੰ ਪੂਰਾ ਕਰਨ ਦਾ ਭਰੋਸਾ ਦਿੱਤਾ। ਪੀ ਐੱਸ ਈ ਬੀ ਐਂਪਲਾਈਜ਼ ਫੈਡਰੇਸ਼ਨ ਏਟਕ ਵੱਲੋਂ ਲੁਧਿਆਣਾ ਨੂੰ ਵੱਧ ਸਹਾਇਕ ਲਾਈਨਮੈਨ ਦੇਣ ਦੀ ਮੰਗ ਵੀ ਕੀਤੀ ਗਈ। ਆਗੂਆਂ ਨੇ ਦੱਸਿਆ ਕਿ ਚੀਫ ਇੰਜਨੀਅਰ ਨੇ ਵਫ਼ਦ ਨੂੰ ਭਰੋਸਾ ਦਿੱਤਾ ਹੈ ਕਿ ਦੋਵਾਂ ਮੁੱਦਿਆਂ ’ਤੇ ਉਹ ਮੁਲਾਜ਼ਮਾਂ ਪ੍ਰਤੀ ਹਮਦਰਦੀ ਭਰਿਆ ਰਵਈਆ ਅਖਤਿਆਰ ਕਰਨਗੇ। ਇਸ ਮੌਕੇ ਹਰਵਿੰਦਰ ਸਿੰਘ ਲਾਲੂ, ਸੋਬਨ ਸਿੰਘ ਠਾਕੁਰ, ਸਤੀਸ਼ ਭਾਰਦਵਾਜ, ਪ੍ਰਧਾਨ ਜਸਵਿੰਦਰ ਸਿੰਘ ਕਾਕਾ, ਜਸਵਿੰਦਰ ਸਿੰਘ ਧੂਰੀ, ਪ੍ਰਧਾਨ ਗੁਰਮੁਖ ਸਿੰਘ, ਬਲਕਾਰ ਸਿੰਘ, ਦੀਪਕ ਕੁਮਾਰ, ਰਾਮ ਵਿਲਾਸ, ਰਾਕੇਸ਼ ਕੁਮਾਰ, ਕਰਤਾਰ ਸਿੰਘ, ਲਖਵੀਰ ਸਿੰਘ ਅਤੇ ਪ੍ਰਿੰਸ ਕੁਮਾਰ ਹਾਜ਼ਰ ਸਨ।
