ਟ੍ਰਿਬਿਊਨ ਨਿਊਜ਼ ਸਰਵਿਸ
ਲੁਧਿਆਣਾ, 17 ਅਪਰੈਲ
ਭਾਰਤੀ ਜਨਤਾ ਪਾਰਟੀ ਦੇ ਨੇਤਾਵਾਂ ਵੱਲੋਂ ਕੁਝ ਦਿਨ ਪਹਿਲਾਂ ਪੰਜਾਬ ’ਚ ਕਾਨੂੰਨ ਵਿਵਸਥਾ ਦੇ ਨਾਮ ’ਤੇ ਕੈਬਨਿਟ ਮੰਤਰੀਆਂ ਦਾ ਘਰ ਘੇਰਨ ਅਤੇ ਘਰਾਂ ਦੇ ਬਾਹਰ ਚੂੜੀਆਂ ਸੁੱਟੀਆਂ ਗਈਆਂ ਸਨ। ਹੁਣ ਕਾਂਗਰਸੀਆਂ ਦੇ ਵੱਲੋਂ ਭਾਜਪਾ ਦੀ ਕੇਂਦਰ ਸਰਕਾਰ ਦੇ ਖ਼ਿਲਾਫ਼ ਅਨੋਖੇ ਢੰਗ ਨਾਲ ਪ੍ਰਦਰਸ਼ਨ ਕੀਤਾ ਗਿਆ ਹੈ। ਕਾਂਗਰਸ ਆਗੂ ਸੁਸ਼ੀਲ ਕਪੂਰ ਲੱਕੀ ਨੇ ਤਿੰਨ ਪੁਤਲਿਆਂ ਨੂੰ ਲਹਿੰਗਾ ਚੋਲੀ ਪਹਿਨਾਇਆ ਤੇ ਉਪਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਗ੍ਰਹਿ ਮੰਤਰੀ ਅਮਿਤ ਸ਼ਾਹ ਤੇ ਖੇਤੀਬਾੜੀ ਮੰਤਰੀ ਨਰਿੰਦਰ ਤੋਮਰ ਦੀ ਫੋਟੋ ਲਾ ਦਿੱਤੀ। ਉਨ੍ਹਾਂ ਦੀ ਫੋਟੋ ’ਤੇ ਮੇਕਅੱਪ ਵੀ ਕੀਤਾ। ਲੱਕੀ ਕਪੂਰ ਨੇ ਕਿਹਾ ਕਿ ਦੇਸ਼ ਦਾ ਹਰ ਵਰਗ ਰੋ ਰਿਹਾ ਹੈ ਤੇ ਪ੍ਰਧਾਨ ਮੰਤਰੀ ਕਦੇ ਇੱਕ ਦੇਸ਼ ਅਤੇ ਕਦੇ ਦੂਸਰੇ ਦੇਸ਼ ਦੀ ਸੈਰ ਕਰ ਰਹੇ ਹਨ। ਉਨ੍ਹਾਂ ਮੰਗ ਕੀਤੀ ਕਿ ਕਿਸਾਨਾਂ ਦਾ ਮੁੱਦਾ ਜਲਦੀ ਸੁਲਝਾ ਮੋਦੀ ਸਰਕਾਰ ਕੋਈ ਢੰਗ ਦਾ ਕੰਮ ਕਰੇ।