ਲੈਂਡ ਪੂਲਿੰਗ: ਪੰਜ ਜਥੇਬੰਦੀਆਂ ਵੱਲੋਂ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਦੀ ਹਮਾਇਤ
ਪੰਜਾਬ ਸਰਕਾਰ ਦੀ ਲੈਂਡ ਪੂਲਿੰਗ ਨੀਤੀ ਵਿਰੁੱਧ ਸੰਯੁਕਤ ਕਿਸਾਨ ਮੋਰਚਾ ਵੱਲੋਂ ਸੰਘਰਸ਼ ਦੇ ਦਿੱਤੇ ਸੱਦੇ ਦੀ ਪੰਜ ਕਿਸਾਨ ਜਥੇਬੰਦੀਆਂ ਵੱਲੋਂ ਹਮਾਇਤ ਕੀਤੀ ਗਈ ਹੈ। ਭਾਰਤੀ ਕਿਸਾਨ ਯੂਨੀਅਨ (ਕ੍ਰਾਂਤੀਕਾਰੀ), ਭਾਰਤੀ ਕਿਸਾਨ ਮਜ਼ਦੂਰ ਯੂਨੀਅਨ, ਭਾਰਤੀ ਕਿਸਾਨ ਯੂਨੀਅਨ (ਬਹਿਰਾਮ ਕੇ), ਭਾਰਤੀ ਕਿਸਾਨ ਯੂਨੀਅਨ (ਭਟੇੜੀ) ਅਤੇ ਕਿਸਾਨ ਮਜ਼ਦੂਰ ਮੋਰਚਾ ਪੰਜਾਬ ਦੇ ਆਗੂਆਂ ਨੇ ਅੱਜ ਸ਼ਾਮ ਇੱਥੇ ਮੀਡੀਆ ਨਾਲ ਗੱਲਬਾਤ ਕਰਦਿਆਂ 30 ਜੁਲਾਈ ਨੂੰ ਕੀਤੇ ਜਾ ਰਹੇ ਟਰੈਕਟਰ ਮਾਰਚ ਵਿੱਚ ਸ਼ਾਮਲ ਹੋਣ ਦਾ ਐਲਾਨ ਕੀਤਾ ਹੈ।
ਕਿਸਾਨ ਜਥੇਬੰਦੀਆਂ ਦੇ ਸੂਬਾ ਪ੍ਰਧਾਨਾਂ ਬਲਦੇਵ ਸਿੰਘ ਜੀਰਾ, ਦਿਲਬਾਗ ਸਿੰਘ ਗਿੱਲ, ਜੰਗ ਸਿੰਘ ਭਟੇੜੀ, ਬਲਵੰਤ ਸਿੰਘ ਬਹਿਰਾਮ ਕੇ ਅਤੇ ਮਲਕੀਤ ਸਿੰਘ ਗੁਲਾਮੀ ਵਾਲਾ ਨੇ ਕਿਹਾ ਹੈ ਕਿ ਪੰਜਾਬ ਸਰਕਾਰ ਵੱਲੋਂ ਐਲਾਨੀ ਗਈ ਲੈਂਡ ਪੂਲਿੰਗ ਨੀਤੀ ਕਿਸਾਨਾਂ ਤੋਂ ਮੁਫ਼ਤ ਵਿੱਚ ਜ਼ਮੀਨ ਖੋਹਣ ਦਾ ਇੱਕ ਪ੍ਰੋਗਰਾਮ ਹੈ ਪਰ ਸਾਰੀਆਂ ਕਿਸਾਨ ਜਥੇਬੰਦੀਆਂ ਇਕਜੁੱਟ ਹੋ ਕੇ ਪੰਜਾਬ ਦੀ ਵਾਹੀਯੋਗ ਜ਼ਮੀਨ ਨੂੰ ਕਿਸੇ ਵੀ ਹਾਲਤ ਵਿੱਚ ਕਿਸਾਨਾਂ ਕੋਲੋਂ ਖੋਹਣ ਦੀ ਇਜਾਜ਼ਤ ਨਹੀਂ ਦੇਣਗੀਆਂ। ਉਨ੍ਹਾਂ ਕਿਹਾ ਕਿ ਪੰਜੇ ਕਿਸਾਨ ਜਥੇਬੰਦੀਆਂ ਪਹਿਲਾਂ ਹੀ ਡਿਪਟੀ ਕਮਿਸ਼ਨਰ ਦਫ਼ਤਰ ਬਾਹਰ ਜ਼ੋਰਦਾਰ ਰੋਸ ਪ੍ਰਦਰਸ਼ਨ ਕਰਕੇ ਸੰਘਰਸ਼ ਦਾ ਆਗਾਜ਼ ਕਰ ਚੁੱਕੀਆਂ ਹਨ। ਹੁਣ ਸੰਯੁਕਤ ਕਿਸਾਨ ਮੋਰਚਾ ਵੱਲੋਂ ਦਿੱਤੇ ਸੰਘਰਸ਼ ਵਿੱਚ ਸ਼ਾਮਲ ਹੋਣ ਦਾ ਐਲਾਨ ਕਰਦੀਆਂ ਹਨ।
ਆਗੂਆਂ ਨੇ ਕਿਸਾਨਾਂ ਨੂੰ ਅਪੀਲ ਕੀਤੀ ਹੈ ਕਿ ਉਹ ਸਰਕਾਰ ਦੀ ਕਿਸੇ ਚਾਲ ਵਿੱਚ ਨਾ ਫਸਣ। ਪਿੰਡਾਂ ਵਿੱਚ ਜਾ ਕੇ ਆਮ ਆਦਮੀ ਪਾਰਟੀ ਦੇ ਵਿਧਾਇਕ ਅਤੇ ਆਗੂ ਲੋਕਾਂ ਨੂੰ ਵੱਧ ਗੁਜ਼ਾਰਾ ਭੱਤਾ ਦੇਣ ਵਰਗੇ ਝੂਠੇ ਬਿਰਤਾਂਤ ਸਿਰਜ ਰਹੇ ਹਨ ਜਦਕਿ ਉਹ ਇਨ੍ਹਾਂ ਲੋਕਾਂ ਦਾ ਪਿੰਡਾਂ ਵਿੱਚ ਸਖ਼ਤ ਵਿਰੋਧ ਕਰਨ ਅਤੇ ਕਿਸੇ ਵੀ ਹਾਲਤ ਵਿੱਚ ਜ਼ਮੀਨ ਦੇਣ ਦੀ ਹਾਮੀ ਭਰਨ ਦੀ ਭੁੱਲ ਨਾ ਕਰਨ। ਇਸ ਮੌਕੇ ਚਰਨਜੀਤ ਸਿੰਘ ਪੀਐਸਬੀ ਅਤੇ ਮਨਜੀਤ ਸਿੰਘ ਅਰੋੜਾ ਤੇ ਹੋਰ ਹਾਜ਼ਰ ਸਨ।