ਖੇਤਰੀ ਪ੍ਰਤੀਨਿਧ
ਲੁਧਿਆਣਾ, 10 ਅਪਰੈਲ
ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਲੁਧਿਆਣਾ ਦੇ ਵਾਈਸ ਚਾਂਸਲਰ ਡਾ. ਬਲਦੇਵ ਸਿੰਘ ਢਿੱਲੋਂ, ਪਦਮਸ਼੍ਰੀ ਐਵਾਰਡੀ ਨੇ ਲੁਧਿਆਣਾ ਕੈਂਪਸ ਵਿਚ ਖੇਤੀ ਪ੍ਰੋਸੈਸਿੰਗ ਕੇਂਦਰ ਦਾ ਨੀਂਹ ਪੱਥਰ ਰੱਖਿਆ। ਉਨ੍ਹਾਂ ਇਸ ਮੌਕੇ ਕਿਹਾ ਕਿ ਖੇਤੀ ਖੇਤਰ ਦੀਆਂ ਬਦਲਦੀਆਂ ਲੋੜਾਂ ਦੇ ਮੱਦੇਨਜ਼ਰ ਪੀਏਯੂ ਵਿਚ ਨਵੀਨ ਤਰਜ਼ ਦਾ ਖੇਤੀ ਪ੍ਰੋਸੈਸਿੰਗ ਕੇਂਦਰ ਸਥਾਪਿਤ ਕੀਤਾ ਜਾ ਰਿਹਾ ਹੈ।
ਉਨ੍ਹਾਂ ਕਿਹਾ ਕਿ ਖੇਤੀ ਉਪਜ ਵਿਚ ਮੁੱਲ-ਵਾਧੇ ਦੇ ਤਰੀਕੇ ਅਪਣਾਉਣ ਦੀ ਸਿਖਲਾਈ ਲਈ ਇਸ ਕੇਂਦਰ ਦੀ ਸਥਾਪਨਾ ਹੋ ਰਹੀ ਹੈ। ਉਨ੍ਹਾਂ ਕਿਸਾਨੀ ਸਮਾਜ ਨੂੰ ਅਪੀਲ ਕੀਤੀ ਕਿ ਆਪਣੀ ਖੇਤੀ ਨੂੰ ਮੁਨਾਫ਼ੇਯੋਗ ਕਿੱਤਾ ਬਣਾਉਣ ਲਈ ਖਪਤਕਾਰਾਂ ਦੀ ਮੰਗ ਅਨੁਸਾਰ ਮਿਆਰੀ ਉਤਪਾਦਾਂ ਦੀ ਪ੍ਰੋਸੈਸਿੰਗ ਦੇ ਰਸਤੇ ਤੁਰਨ। ਉਨ੍ਹਾਂ ਆਸ ਪ੍ਰਗਟਾਈ ਕਿ ਇਹ ਕੇਂਦਰ ਪੇਂਡੂ ਨੌਜਵਾਨੀ ਨੂੰ ਕਾਰੋਬਾਰੀ ਦਸ਼ਾ ਦੇਣ ਵਿਚ ਅਹਿਮ ਭੂਮਿਕਾ ਨਿਭਾਏਗਾ। ਇਸ ਦੌਰਾਨ ਉਨ੍ਹਾਂ ਪ੍ਰੋਸੈਸਿੰਗ ਅਤੇ ਭੋਜਨ ਇੰਜਨੀਰਿੰਗ ਵਿਭਾਗ ਵਲੋਂ ਗੁੜ ਬਣਾਉਣ ਦੀ ਨਵੀਨ ਤਕਨੀਕ ਦੀ ਸਿਖਲਾਈ ਅਤੇ ਪ੍ਰਦਰਸ਼ਨ ਦੀਆਂ ਕੋਸ਼ਿਸ਼ਾਂ ਦਾ ਜ਼ਿਕਰ ਵੀ ਕੀਤਾ।
ਖੇਤੀ ਇੰਜਨੀਰਿੰਗ ਕਾਲਜ ਦੇ ਡੀਨ ਡਾ. ਅਸ਼ੋਕ ਕੁਮਾਰ ਨੇ ਪ੍ਰੋਸੈਸਿੰਗ ਅਤੇ ਭੋਜਨ ਇੰਜਨੀਰਿੰਗ ਵਿਭਾਗ ਦੀਆਂ ਕੋਸ਼ਿਸ਼ਾਂ ਦੀ ਸ਼ਲਾਘਾ ਕੀਤੀ। ਇਸ ਮੌਕੇ ਯੂਨੀਵਰਸਿਟੀ ਦੇ ਉੱਚ ਅਧਿਕਾਰੀ ਵਿਸ਼ੇਸ਼ ਤੌਰ ’ਤੇ ਮੌਜੂਦ ਸਨ। ਇਸ ਸਮਾਰੋਹ ਵਿਚ ਸ਼ਾਮਲ ਹੋਣ ਵਾਲਿਆਂ ਵਿਚ ਹੁਸ਼ਿਆਰਪੁਰ ਤੋਂ ਜਸਵੀਰ ਸਿੰਘ, ਹਰਪ੍ਰੇਮ ਚੰਦ ਵਸ਼ਿਸ਼ਟ, ਸੁਖਮਿੰਦਰ ਸਿੰਘ ਤੋਂ ਇਲਵਾ ਦਸੂਹਾ ਦੇ ਪਿੰਡ ਖੁੱਡਾ ਤੋਂ ਗੁਰਪ੍ਰੀਤ ਸਿੰਘ ਮੌਜੂਦ ਸਨ।