ਸੰਤੋਖ ਗਿੱਲ
ਗੁਰੂਸਰ ਸੁਧਾਰ, 26 ਫਰਵਰੀ
ਕਿਲ੍ਹਾ ਰਾਏਪੁਰ ਵਿੱਚ ਅਡਾਨੀਆਂ ਦੀ ਖ਼ੁਸ਼ਕ ਬੰਦਰਗਾਹ ਸਾਹਮਣੇ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ’ਤੇ ਚੱਲ ਰਹੇ ਲੜੀਵਾਰ ਧਰਨੇ ਦੀ ਅਗਵਾਈ ਬੀਬੀ ਜਰਨੈਲ ਕੌਰ ਅਤੇ ਹਰਵਿੰਦਰ ਕੌਰ ਨੇ ਕੀਤੀ। ਇਸ ਮੌਕੇ ਜਮਹੂਰੀ ਕਿਸਾਨ ਸਭਾ ਦੇ ਸੂਬਾਈ ਆਗੂ ਜਗਤਾਰ ਸਿੰਘ ਚਕੋਹੀ ਨੇ ਕਿਹਾ ਕਿ ਭਲ਼ਕੇ 27 ਫ਼ਰਵਰੀ ਨੂੰ ਸੰਯੁਕਤ ਕਿਸਾਨ ਮੋਰਚੇ ਵੱਲੋਂ ਗੁਰੂ ਰਵਿਦਾਸ ਅਤੇ ਚੰਦਰ ਸ਼ੇਖਰ ਅਜ਼ਾਦ ਦੇ ਦਿਨ ਸੰਘਰਸ਼ੀ ਮੋਰਚਿਆਂ ਉੱਤੇ ਮਜ਼ਦੂਰ-ਕਿਸਾਨ ਏਕਤਾ ਦਿਵਸ ਦੇ ਤੌਰ ’ਤੇ ਮਨਾਏ ਜਾਣਗੇ। ਬਾਬਾ ਹਰਨਾਮ ਸਿੰਘ ਕਾਮਾਗਾਟਾ ਮਾਰੂ ਦੇ ਜੱਦੀ ਪਿੰਡ ਗੁੱਜਰਵਾਲ ਅਤੇ ਦੇਸ਼ ਭਗਤ ਭਾਈ ਰਣਧੀਰ ਸਿੰਘ ਦੇ ਜੱਦੀ ਪਿੰਡ ਨਾਰੰਗਵਾਲ ਤੋਂ ਇਲਾਵਾ ਪਿੰਡ ਘੁੰਗਰਾਣਾ ਵਿੱਚ ਜਨਵਾਦੀ ਇਸਤਰੀ ਸਭਾ ਦੀਆਂ ਮੀਟਿੰਗਾਂ ਕੀਤੀਆਂ। ਪਿੰਡ ਗੁੱਜਰਵਾਲ ਵਿੱਚ ਭੈਣਾਂ ਦੀ ਟੀਮ ਦੀ ਕਮਾਂਡ ਪ੍ਰਧਾਨ ਰਣਜੀਤ ਕੌਰ, ਸਕੱਤਰ ਸੁਰਿੰਦਰ ਕੌਰ, ਕੈਸ਼ੀਅਰ ਜਗਦੀਸ਼ ਕੌਰ, ਪਿੰਡ ਨਾਰੰਗਵਾਲ ਦੀ ਕਮਾਂਡ ਪ੍ਰਧਾਨ ਸਰਬਜੀਤ ਕੌਰ, ਸਕੱਤਰ ਕੁਲਦੀਪ ਕੌਰ, ਕੈਸ਼ੀਅਰ ਹਰਵਿੰਦਰ ਕੌਰ ਅਤੇ ਪਿੰਡ ਘੁੰਗਰਾਣਾ ਦੀ ਕਮਾਂਡ ਪ੍ਰਧਾਨ ਕੁਲਵੰਤ ਕੌਰ, ਸਕੱਤਰ ਰਾਜਵਿੰਦਰ ਕੌਰ, ਮੀਤ ਪ੍ਰਧਾਨ ਪੁਸ਼ਪਿੰਦਰ ਕੌਰ ਨੂੰ ਸੌਂਪੀ ਗਈ। ਉੱਧਰ ਪਿੰਡ ਨੂਰਪੁਰਾ ਤੋਂ ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਦੇ ਕਿਸਾਨਾਂ ਜਥਾ ਦਿੱਲੀ ਲਈ ਰਵਾਨਾ ਹੋਇਆ। ਲੁਧਿਆਣਾ-ਬਠਿੰਡਾ ਰਾਜ ਮਾਰਗ ਉੱਪਰ ਹਿੱਸੋਵਾਲ ਟੌਲ ਪਲਾਜ਼ਾ ਉੱਤੇ ਕਿਸਾਨ ਧਰਨਾ ਜਾਰੀ ਹੈ।
ਮਾਛੀਵਾੜਾ (ਗੁਰਦੀਪ ਸਿੰਘ ਟੱਕਰ): ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਜ਼ਿਲ੍ਹਾ ਪ੍ਰਧਾਨ ਸਾਧੂ ਸਿੰਘ ਪੰਜੇਟਾ ਤੇ ਜ਼ਿਲ੍ਹਾ ਜਨਰਲ ਸਕੱਤਰ ਸੁਦਾਗਰ ਸਿੰਘ ਘੁਡਾਣੀ ਨੇ ਪ੍ਰੈੱਸ ਬਿਆਨ ਜਾਰੀ ਕਰਦਿਆਂ ਦੱਸਿਆ ਕਿ ਬੇਗਮਪੁਰਾ ਸਮਾਜ ਦੇ ਮੁੱਦਈ ਭਗਤ ਰਵਿਦਾਸ ਦੇ ਜਨਮ ਦਿਵਸ ਅਤੇ ਸ਼ਹੀਦ ਚੰਦਰ ਸ਼ੇਖਰ ਅਜ਼ਾਦ ਦਾ ਸ਼ਹੀਦੀ ਦਿਹਾੜਾ 27 ਫਰਵਰੀ ਨੂੰ ਦਿੱਲੀ ਦੇ ਟਿਕਰੀ ਹੱਦ ’ਤੇ ਮਨਾਇਆ ਜਾਵੇਗਾ ਵਿਸ਼ਾਲ ਰੈਲੀ ਕੀਤੀ ਜਾ ਰਹੀ ਹੈ।
‘ਲੋਕਾਂ ਦਾ ਢਿੱਡ ਭਰਨ ਵਾਲੇ ਕਦੇ ਅਤਿਵਾਦੀ ਨਹੀਂ ਹੁੰਦੇ’
ਜਗਰਾਉਂ (ਜਸਬੀਰ ਸ਼ੇਤਰਾ): ਇਥੇ ਲੱਗੇ ਕਿਸਾਨ ਮੋਰਚੇ ਦਾ 149ਵਾਂ ਦਿਨ ਅੱਜ ਨੌਜਵਾਨਾਂ ਦੇ ਨਾਂ ਰਿਹਾ। ਇਸ ਮੌਕੇ ਅੰਮ੍ਰਿਤਪਾਲ ਕੌਰ ਰਸੂਲਪੁਰ, ਗੁਰਪ੍ਰੀਤ ਸਿੰਘ ਗੋਪੀ ਸਿੱਧਵਾਂ, ਰਣਜੀਤ ਸਿੰਘ ਗਾਲਬਿ ਨੇ ਕਿਹਾ ਕਿ ਲੋਕਾਂ ਦਾ ਢਿੱਡ ਭਰਨ ਵਾਲੇ ਕਦੇ ਅਤਿਵਾਦੀ ਨਹੀਂ ਹੁੰਦੇ ਸਗੋਂ ਲੋਕਾਂ ’ਤੇ ਅੱਤਿਆਚਾਰ ਕਰਨ ਅਤੇ ਦੇਸ਼ ਨੂੰ ਭ੍ਰਿਸ਼ਟ ਤਰੀਕਿਆਂ ਨਾਲ ਲੁੱਟਣ ਵਾਲੇ ਅਤਿਵਾਦੀ ਹੁੰਦੇ ਹਨ। ਇਸ ਮੌਕੇ ਤਿਹਾੜ ਜੇਲ੍ਹ ਵਿੱਚੋਂ ਜ਼ਮਾਨਤ ’ਤੇ ਰਿਹਾਅ ਹੋ ਕੇ ਨੇੜਲੇ ਆਏ ਪਿੰਡ ਬੰਗਸੀਪੁਰਾ ਦੇ ਨੌਜਵਾਨ ਪਰਦੀਪ ਸਿੰਘ ਦਾ ਨਾਅਰਿਆਂ ਦੀ ਗੂੰਜ ਵਿੱਚ ਸਵਾਗਤ ਪਿੱਛੋਂ ਵਿਸ਼ੇਸ਼ ਸਨਮਾਨ ਕੀਤਾ ਗਿਆ। ਉਸਦੇ ਪਿਤਾ ਮੋਹਨ ਸਿੰਘ ਬੰਗਸੀਪੁਰਾ, ਜੋ ਕਿਸਾਨ ਸੰਘਰਸ਼ ਨਾਲ ਪਹਿਲੇ ਦਿਨ ਤੋਂ ਜੁੜੇ ਹੋਏ ਹਨ, ਨੂੰ ਵੀ ਸਿਰੋਪਾਓ ਅਤੇ ਸ਼ਹੀਦ ਭਗਤ ਸਿੰਘ ਦੀ ਤਸਵੀਰ ਭੇਟ ਕੀਤੀ। ਸੰਘਰਸ਼ ਦੇ ਸ਼ਹੀਦਾਂ ਨੂੰ ਦੋ ਮਿੰਟ ਦਾ ਮੌਨ ਧਾਰ ਕੇ ਸ਼ਰਧਾਂਜਲੀ ਭੇਟ ਕੀਤੀ ਗਈ। ਇਪਟਾ ਦੀ ਨਾਟਕ ਟੀਮ ਲਾਈਫ ਆਨ ਸਟੇਜ ਦੇ ਕਲਾਕਾਰਾਂ ਨੇ ਪ੍ਰਸਿੱਧ ਨਾਟਕ ‘ਡਰਨਾ’ ਪੇਸ਼ ਕਰ ਕੇ ਕਿਸਾਨ ਸੰਘਰਸ਼ ਨੂੰ ਮੰਚ ’ਤੇ ਜਿਉਂਦਾ ਕੀਤਾ।