ਕੁੱਲ ਹਿੰਦ ਕਿਸਾਨ ਸਭਾ ਨੇ ਕੇਂਦਰ ਸਰਕਾਰ ਵੱਲੋਂ ਕੱਲ੍ਹ ਪੇਸ਼ ਕੀਤੇ ਬਜਟ ਦੇ ਰੋਸ ਵਜੋਂ ਇਸ ਦੀਆਂ ਕਾਪੀਆਂ ਸਾੜੀਆਂ। ਕੁੱਲ ਹਿੰਦ ਕਿਸਾਨ ਸਭਾ ਦੇ ਆਗੂ ਨਿੱਕਾ ਸਿੰਘ ਖੇੜਾ ਨੇ ਕਿਹਾ ਕਿ 2026-27 ਦਾ ਬਜਟ ਭਾਰਤ ਵਾਸੀਆਂ ਲਈ ਸਭ ਤੋਂ ਮਹੱਤਵਪੂਰਨ ਹੁੰਦਾ ਹੈ ਪਰ ਇਸ ਵਾਰ ਵੀ ਖੇਤੀਬਾੜੀ ਤੇ ਕਿਸਾਨੀ ਨੂੰ ਪ੍ਰਫੁੱਲਿਤ ਕਰਨ ਲਈ ਕੋਈ ਯਤਨ ਨਹੀਂ ਕੀਤਾ ਗਿਆ। ਉਨ੍ਹਾਂ ਕਿਹਾ ਕਿ ਬਜਟ ਵਿੱਚ ਛੋਟੇ ਕਿਸਾਨਾਂ ਅਤੇ ਨਾ ਹੀ ਪੇਂਡੂ ਮਜ਼ਦੂਰਾਂ ਨੂੰ ਕੋਈ ਤਵੱਜੋਂ ਦਿੱਤੀ ਗਈ ਹੈ। ਉਨ੍ਹਾਂ ਕਿਹਾ ਕਿ ਪਿਛਲੇ ਸਾਲਾਂ ਵਿੱਚ ਖੇਤੀਬਾੜੀ ਦੀ ਔਸਤਨ ਵਿਕਾਸ ਦਰ ਵਿੱਚ ਗਿਰਾਵਟ ਦੇਖਣ ਨੂੰ ਮਿਲੀ ਹੈ। ਇਸ ਲਈ ਬਜਟ ਵਿੱਚ ਕਿਸਾਨਾਂ ਲਈ ਕੁਝ ਵਿਸ਼ੇਸ਼ ਯਤਨ ਕੀਤੇ ਜਾਣੇ ਚਾਹੀਦੇ ਸਨ ਜੋ ਹੋਏ ਨਹੀਂ। ਉਨ੍ਹਾਂ ਕਿਹਾ ਕਿ ਇਸ ਬਜਟ ਤੋਂ ਕਿਸਾਨਾਂ ਤੇ ਮਜ਼ਦੂਰਾਂ ਨੂੰ ਨਿਰਾਸ਼ਾ ਹੀ ਮਿਲੀ ਹੈ ਅਤੇ ਦੂਜੇ ਪਾਸੇ ਮਗਨਰੇਗਾ ਦੀ ਲਿਆਂਦੇ ਨਵੇਂ ਕਾਨੂੰਨ ਵਿੱਚ 95,692 ਕਰੋੜ ਰੁਪਏ ਅਲਾਟ ਕੀਤੇ ਗਏ ਹਨ। ਇਨ੍ਹਾਂ ਵਿੱਚੋਂ 63,794 ਕਰੋੜ ਰੁਪਏ ਦਾ ਬੋਝ ਸੂਬਿਆਂ ’ਤੇ ਪਵੇਗਾ। ਕੁੱਲ ਹਿੰਦ ਕਿਸਾਨ ਸਭਾ ਨੇ ਅਪੀਲ ਕੀਤੀ ਕਿ 12 ਫਰਵਰੀ ਨੂੰ ਹੋਣ ਵਾਲੀ ਹੜਤਾਲ ਨੂੰ ਵੱਡੇ ਪੱਧਰ ’ਤੇ ਕਾਮਯਾਬ ਬਣਾਇਆ ਜਾਵੇ ਅਤੇ ਇਸ ਬਜਟ ਦੇ ਵਿਰੋਧ ਵਿੱਚ ਰੋਸ ਪ੍ਰਗਟਾਇਆ ਜਾਵੇ।
ਇਸ ਮੌਕੇ ਸਰਪੰਚ ਰਜਿੰਦਰ ਸਿੰਘ ਖੇੜਾ, ਅਸ਼ੋਕ ਖੇੜਾ, ਗੁਰਪ੍ਰੀਤ ਕੌਰ, ਰਵਿੰਦਰ ਕੌਰ, ਪੰਚ ਸਿਮਰਨ ਕੌਰ, ਪ੍ਰੀਤਮ ਕੌਰ, ਪ੍ਰਕਾਸ਼ ਸਿੰਘ ਉਧੋਵਾਲ, ਗੁਰਪ੍ਰੀਤ ਸਿੰਘ, ਬਾਬੂ ਸਿੰਘ, ਚਤਰ ਸਿੰਘ ਲੁਬਾਣਗੜ੍ਹ ਵੀ ਮੌਜੂਦ ਸਨ।

