Khedan Watan Punjab Dian: ਬਾਬਿਆਂ ਦੀ ਸੌ ਮੀਟਰ ਦੌੜ ’ਚ ਜਗਦੇਵ ਨੇ ਧੂੜਾਂ ਪੁੱਟੀਆਂ
ਖੇਡਾਂ ਵਤਨ ਪੰਜਾਬ ਦੀਆਂ ਤਹਿਤ 5000 ਮੀਟਰ ਦੌੜ ਅੰਕਿਤ ਨੇ ਜਿੱਤੀ
ਖੇਡਾਂ ਵਤਨ ਪੰਜਾਬ ਦੀਆਂ ਤਹਿਤ ਲੁਧਿਆਣਾ ’ਚ ਵੱਖ ਵੱਖ ਥਾਵਾਂ ’ਤੇ ਵੱਖ ਵੱਖ ਖੇਡ ਮੁਕਾਬਲੇ ਕਰਵਾਏ ਜਾ ਰਹੇ ਹਨ। ਇਸ ਤਹਿਤ ਅੱਜ 61-70 ਸਾਲ ਉਮਰ ਵਰਗ ਦੀ ਹੋਈ 100 ਮੀਟਰ ਦੌੜ ਵਿੱਚ ਜਗਦੇਵ ਸਿੰਘ ਸਿੱਧੂ ਨੇ ਜਦਕਿ ਲੜਕੇ (21) ਵਰਗ ਦੀ 100 ਮੀਟਰ ਵਿੱਚੋਂ ਅੰਕਿਤ ਕੁਮਾਰ ਜੇਤੂ ਰਿਹਾ। ਖੇਡਾਂ ਦੇ ਅੱਜ ਦੂਜੇ ਦਿਨ ਗੁਰੂ ਨਾਨਕ ਸਟੇਡੀਅਮ ਵਿੱਚ ਮਰਦਾਂ ਦੇ (61-70) ਵਰਗ ਦੀ 100 ਮੀਟਰ ਦੌੜ ਵਿੱਚ ਜਗਦੇਵ ਸਿੰਘ ਸਿੱਧੂ ਨੇ ਪਹਿਲਾ, ਜਸਵੰਤ ਸਿੰਘ ਨੇ ਦੂਜਾ ਅਤੇ ਇੰਦਰ ਮੋਹਨ ਨੇ ਤੀਜਾ, 70 ਸਾਲ ਤੋਂ ਉਪਰ ਵਰਗ ’ਚ ਨਛੱਤਰ ਸਿੰਘ ਜੇਤੂ ਰਿਹਾ। ਲੜਕੇ (ਅੰਡਰ-21) ਦੀ 5000 ਮੀਟਰ ਦੌੜ ਵਿੱਚ ਅੰਕਿਤ ਨੇ ਪਹਿਲਾ, ਸੁਖਵੀਰ ਸਿੰਘ ਨੇ ਦੂਜਾ, ਜਗਪਿੰਦਰ ਸਿੰਘ ਅਤੇ ਸਤਿਅਮ ਕੁਮਾਰ ਨੇ ਸਾਂਝੇ ਤੌਰ ’ਤੇ ਤੀਜਾ ਸਥਾਨ ਪ੍ਰਾਪਤ ਕੀਤਾ। ਡਿਸਕਸ ਥਰੋਅ ਵਿੱਚ ਰਨਵਿਜੇ ਬੁੱਟਰ ਸਿੰਘ, ਉੱਚੀ ਛਾਲ ਵਿੱਚ ਬਲਜੀਤ ਸਿੰਘ, 400 ਮੀਟਰ ਦੌੜ ਵਿੱਚ ਰਣਵੀਰ ਸਿੰਘ, ਸ਼ਾਟਪੁੱਟ ਵਿੱਚ ਰਨਵਿਜੇ ਸਿੰਘ ਨੇ ਪਹਿਲੇ ਸਥਾਨ ਪ੍ਰਾਪਤ ਕੀਤੇ। ਇਸੇ ਤਰ੍ਹਾਂ (21-40) ਦੀ 5000 ਮੀਟਰ ਦੌੜ ਅਕਾਸ਼ ਪਰਜਾਪਤੀ ਨੇ ਜਦਕਿ (41-50) ਵਰਗ ’ਚ ਸਤਨਾਮ ਸਿੰਘ ਨੇ ਪਹਿਲੀਆਂ ਪੁਜੀਸ਼ਨਾਂ ਲਈਆਂ। ਸਰਕਾਰੀ ਸਕੂਲ ਪੀ ਏ ਯੂ ਦੇ ਮੈਦਾਨ ਵਿੱਚ ਹੈਂਡਬਾਲ ਲੜਕੀਆਂ (ਅੰਡਰ-14) ਵਰਗ ’ਚ ਜੀਜਸ ਸੈਕਰਡ ਹਾਰਟ ਸਕੂਲ ਸਾਊਥ ਸਿਟੀ ਨੇ ਕਿੰਡਰ ਗਾਰਟਨ ਸਕੂਲ ਸਮਰਾਲਾ ਦੀ ਟੀਮ ਨੂੰ 3-2 ਦੇ ਫਰਕ ਨਾਲ ਹਰਾਇਆ। ਹੈਂਡਬਾਲ ਲੜਕੀਆਂ (ਅੰਡਰ-17) ਵਿੱਚ ਜਵੱਦੀ ਕਲੱਬ ਦੀ ਟੀਮ ਨੇ ਜੀਜਸ ਸੈਕਰਡ ਹਾਰਟਸ ਸਕੂਲ ਸਾਊਥ ਸਿਟੀ ਨੂੰ ਮਾਤ ਦਿੱਤੀ। ਗੁਰੂ ਨਾਨਕ ਸਟੇਡੀਅਮ ਦੇ ਸਾਹਮਣੇ ਮਲਟੀਪਰਪਜ ਹਾਲ ਵਿੱਚ ਜੂਡੋ ਲੜਕੀਆਂ (ਅੰਡਰ-17) ਵਰਗ ਦੇ 40 ਕਿਲੋ ਭਾਰ ਵਿੱਚੋਂ ਚੈਤਨਿਆ, 44 ਕਿਲੋਗ੍ਰਾਮ ਭਾਰ ਵਿੱਚੋਂ ਗੁੜੀਆ, 48 ਕਿਲੋ ਵਜ਼ਨ ਵਿੱਚੋਂ ਅਨੁਸ਼ਿਕਾ, 52 ਕਿਲੋ ਵਿੱਚ ਅਕਾਂਕਸ਼ਾ ਨੇ ਪਹਿਲੀਆਂ ਪੁਜੀਸ਼ਨਾਂ ਲਈਆਂ। ਕਬੱਡੀ ਸਰਕਲ ਸਟਾਇਲ ਲੜਕੀਆਂ (ਅੰਡਰ-14) ’ਚ ਲੁਧਿਆਣਾ-1 ਏ ਟੀਮ ਨੇ ਪਹਿਲਾ, ਲੁਧਿਆਣਾ-1 ਬੀ ਨੇ ਦੂਜਾ ਜਦਕਿ ਦੋਰਾਹਾ ਏ ਨੇ ਤੀਜਾ ਸਥਾਨ ਹਾਸਲ ਕੀਤਾ। ਪੀ ਏ ਯੂ ਵਿੱਚ ਹੋਏ ਤੈਰਾਕੀ ਮੁਕਾਬਲਿਆਂ ਵਿੱਚੋਂ ਲੜਕੀਆਂ (ਅੰਡਰ-14) ਦੇ 100 ਮੀਟਰ ਬਰੈਸਟ ਸਟਰੋਕ ਈਵੈਂਟ ਵਿੱਚ ਨਵਿਆ ਠਾਕੁਰ, 100 ਮੀਟਰ ਫਰੀ ਸਟਾਇਲ ਵਿੱਚ ਜੀਨਤ ਹਾਂਡਾ, 50 ਮੀਟਰ ਬੈਕ ਸਟਰੋਕ ’ਚ ਨੀਰਾ ਬੱਤਰਾ ਅਤੇ 50 ਮੀਟਰ ਬ੍ਰੈਸਟ ਸਟਰੋਕ ’ਚ ਨਵਿਆ ਠਾਕੁਰ ਨੇ ਪਹਿਲੇ ਸਥਾਨ ਪ੍ਰਾਪਤ ਕੀਤੇ।

