ਖੰਨਾ: ਕੋਟਲੀ ਨੇ ਜ਼ਿਲ੍ਹਾ ਪਰਿਸ਼ਦ ਅਤੇ ਬਲਾਕ ਸਮਿਤੀ ਉਮੀਦਵਾਰ ਐਲਾਨੇ
ਪੰਜਾਬ ਦੀਆਂ ਜ਼ਿਲ੍ਹਾ ਪਰਿਸ਼ਦ ਅਤੇ ਬਲਾਕ ਸਮਿਤੀ ਚੋਣਾਂ ਸਬੰਧੀ ਕਾਂਗਰਸ ਨੇ ਸਰਗਰਮੀਆਂ ਤੇਜ਼ ਕਰ ਦਿੱਤੀਆਂ ਹਨ। ਇਸੇ ਤਹਿਤ ਸਾਬਕਾ ਕੈਬਨਿਟ ਮੰਤਰੀ ਗੁਰਕੀਰਤ ਸਿੰਘ ਕੋਟਲੀ ਵੱਲੋਂ ਹਲਕਾ ਖੰਨਾ ਨਾਲ ਸਬੰਧਤ ਵੱਖ-ਵੱਖ ਜ਼ਿਲ੍ਹਾ ਪਰਿਸ਼ਦਾਂ ਤੇ ਬਲਾਕ ਸਮਿਤੀਆਂ ਦੀਆਂ ਚੋਣਾਂ ਲੜਨ ਵਾਲੇ ਉਮੀਦਵਾਰਾਂ ਦੀ ਸੂਚੀ ਜਾਰੀ ਕੀਤੀ ਗਈ। ਇਸ ਦੌਰਾਨ ਜ਼ਿਲ੍ਹਾ ਪਰਿਸ਼ਦ ਲਈ ਬੀਜਾ ਤੋਂ ਜਤਿੰਦਰ ਸਿੰਘ ਜਟਾਣਾ ਅਤੇ ਲਲਹੇੜੀ ਜ਼ੋਨ ਤੋਂ ਗੁਰਦੀਪ ਸਿੰਘ ਦੀਪਾ ਉਮੀਦਵਾਰ ਐਲਾਨੇ ਗਏ। ਇਸੇ ਤਰ੍ਹਾਂ ਬਲਾਕ ਸਮਿਤੀ ਦੀ ਚੋਣ ਲਈ 16 ਉਮੀਦਵਾਰਾਂ ਦਾ ਐਲਾਨ ਕੀਤਾ ਗਿਆ ਜਿਸ ਵਿੱਚ ਲਲਹੇੜੀ ਤੋਂ ਕਰਮ ਸਿੰਘ, ਖੱਟੜਾ ਤੋਂ ਬੇਅੰਤ ਕੌਰ, ਇਕੋਲਾਹਾ ਤੋਂ ਹਰਜਿੰਦਰ ਸਿੰਘ, ਘੁੰਗਰਾਲੀ ਤੋਂ ਗੁਰਪ੍ਰੀਤ ਸਿੰਘ, ਈਸੜੂ ਤੋਂ ਹਰਪ੍ਰੀਤ ਕੌਰ, ਤੁਰਮਰੀ ਤੋਂ ਕਮਲਦੀਪ ਕੌਰ, ਨਸਰਾਲੀ ਤੋਂ ਅਮਰਜੀਤ ਕੌਰ, ਗੋਹ ਤੋਂ ਬਲਜਿੰਦਰ ਕੌਰ, ਅਲੀਪੁਰ ਤੋਂ ਗੁਰਦਿਆਲ ਕੌਰ, ਜਟਾਣਾ ਤੋਂ ਕਮਲਜੀਤ ਕੌਰ, ਕੌੜੀ ਤੋਂ ਕਰਮਜੀਤ ਕੌਰ, ਲਿਬੜਾ ਤੋਂ ਹਰਦੀਪ ਸਿੰਘ, ਭੁਮੱਦੀ ਤੋਂ ਪਵਨਦੀਪ ਸਿੰਘ, ਕੋਟ ਸੇਖੋਂ ਤੋਂ ਕਰਮਜੀਤ ਕੌਰ, ਰਾਜੇਵਾਲ ਤੋਂ ਸਤਨਾਮ ਸਿੰਘ ਸੋਨੀ ਅਤੇ ਸਾਹਿਬਪੁਰਾ ਤੋਂ ਗੁਰਿੰਦਰ ਸਿੰਘ ਗਿੰਦਾ ਸ਼ਾਮਲ ਹਨ। ਸਾਰੇ ਉਮੀਦਵਾਰਾਂ ਨੂੰ ਸਿਰੋਪਾਓ ਪਾ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਸ੍ਰੀ ਕੋਟਲੀ ਨੇ ਕਿਹਾ ਕਿ ਨਾਮਜ਼ਦਗੀ ਪੱਤਰ ਦਾਖਲ ਕਰਨ ਦੀ ਪ੍ਰਕਿਰਿਆ ਮੁਕੰਮਲ ਕਰਨ ਤੋਂ ਬਾਅਦ ਉਹ ਆਪ ਹਰੇਕ ਜ਼ੋਨ ਦੇ ਪਿੰਡਾਂ ਵਿੱਚ ਜਾ ਕੇ ਵਰਕਰਾਂ ਨੂੰ ਨਾਲ ਲੈ ਕੇ ਚੋਣ ਪ੍ਰਚਾਰ ਕਰਨਗੇ। ਇਸ ਮੌਕੇ ਲਛਮਣ ਸਿੰਘ ਗਰੇਵਾਲ, ਗੁਰਦੀਪ ਸਿੰਘ ਰਸੂਲੜਾ ਤੇ ਬੇਅੰਤ ਸਿੰਘ ਜੱਸੀ ਹਾਜ਼ਰ ਸਨ।
ਕੋਟਲੀ ਅਤੇ ਰਾਜਾ ਗਿੱਲ ਨੇ ਪਿੰਡਾਂ ’ਚ ਮੀਟਿੰਗਾਂ ਦਾ ਦੌਰ ਸ਼ੁਰੂ ਕੀਤਾ
Advertisementਮਾਛੀਵਾੜਾ: ਕਾਂਗਰਸ ਪਾਰਟੀ ਵੱਲੋਂ ਅੱਜ ਹਲਕਾ ਸਮਰਾਲਾ ’ਚ ਜ਼ਿਲ੍ਹਾ ਪਰਿਸ਼ਦ ਚੋਣਾਂ ਸਬੰਧੀ ਆਪਣੇ 2 ਉਮੀਦਵਾਰਾਂ ਦਾ ਐਲਾਨ ਕਰ ਦਿੱਤਾ ਹੈ। ਕਾਂਗਰਸ ਪਾਰਟੀ ਦੇ ਹਲਕਾ ਇੰਚਾਰਜ ਰੁਪਿੰਦਰ ਸਿੰਘ ਰਾਜਾ ਗਿੱਲ ਅਤੇ ਸਾਬਕਾ ਮੰਤਰੀ ਗੁਰਕੀਰਤ ਸਿੰਘ ਕੋਟਲੀ ਵੱਲੋਂ ਵਰਕਰਾਂ ਨਾਲ ਮੀਟਿੰਗ ਕਰਨ ਉਪਰੰਤ ਜ਼ਿਲ੍ਹਾ ਪਰਿਸ਼ਦ ਤੇ ਜ਼ੋਨ ਨੀਲੋਂ ਕਲਾਂ ਤੋਂ ਸੁਖਦੀਪ ਸਿੰਘ ਬਾਜਵਾ ਅਤੇ ਜ਼ੋਨ ਖੀਰਨੀਆਂ ਤੋਂ ਕੁਲਵਿੰਦਰ ਕੌਰ ਨੂੰ ਉਮੀਦਵਾਰ ਐਲਾਨਿਆ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸਾਬਕਾ ਮੰਤਰੀ ਕੋਟਲੀ ਤੇ ਰਾਜਾ ਗਿੱਲ ਨੇ ਕਿਹਾ ਕਿ ਮਾਛੀਵਾੜਾ ਬਲਾਕ ਸਮਿਤੀ ਦੇ ਬਾਕੀ 13 ਜ਼ੋਨਾਂ ਲਈ ਭਲਕੇ ਉਮੀਦਵਾਰਾਂ ਦਾ ਐਲਾਨ ਕਰ ਦਿੱਤਾ ਜਾਵੇਗਾ। ਸਾਬਕਾ ਮੰਤਰੀ ਕੋਟਲੀ ਅਤੇ ਰਾਜਾ ਗਿੱਲ ਨੇ ਅੱਜ ਚਕਲੀ ਆਦਲ ਜ਼ੋਨ ਤੋਂ ਪਾਰਟੀ ਉਮੀਦਵਾਰ ਭਿੰਦਰ ਕੌਰ ਦੇ ਹੱਕ ਵਿੱਚ ਮੀਟਿੰਗਾਂ ਕਰ ਵਰਕਰਾਂ ਦੀਆਂ ਡਿਊਟੀਆਂ ਲਗਾਈਆਂ। -ਪੱਤਰ ਪ੍ਰੇਰਕ
ਨਾਮਜ਼ਦਗੀ ਸਥਾਨ ਦੇ ਪ੍ਰਬੰਧਾਂ ਦਾ ਜਾਇਜ਼ਾ ਲਿਆ
ਮੁੱਲਾਂਪੁਰ ਦਾਖਾ: ਜ਼ਿਲ੍ਹਾ ਪਰਿਸ਼ਦ ਅਤੇ ਬਲਾਕ ਸਮਿਤੀ ਚੋਣਾਂ ਦੇ ਬਲਾਕ ਮੁੱਲਾਂਪੁਰ ਲਈ ਬਣਾਏ ਗਏ ਨਾਮਜ਼ਦਗੀ ਸਥਾਨ ਗੁਰੂ ਤੇਗ ਬਹਾਦਰ ਕਾਲਜ ਦਾਖਾ ਦੇ ਸੁਰੱਖਿਆ ਪ੍ਰਬੰਧਾਂ ਦਾ ਰਿਟਰਨਿੰਗ ਅਫ਼ਸਰ ਉਪਿੰਦਰਜੀਤ ਕੌਰ ਐੱਸਡੀਐੱਮ ਜਗਰਾਉਂ ਤੇ ਡੀਐੱਸਪੀ ਦਾਖਾ ਵਰਿੰਦਰ ਸਿੰਘ ਖੋਸਾ ਨੇ ਜਾਇਜ਼ਾ ਲਿਆ। ਡੀਐੱਸਪੀ ਖੋਸਾ ਨੇ ਮੁੱਖ ਅਫ਼ਸਰ ਥਾਣਾ ਦਾਖਾ ਨੂੰ ਨਾਮਜ਼ਦਗੀ ਸਥਾਨ ’ਤੇ ਗਾਰਦ ਲਾਉਣ ਲਈ ਹਦਾਇਤ ਕੀਤੀ। ਚੋਣਾਂ ਦੇ ਮੱਦੇਨਜ਼ਰ ਉਨ੍ਹਾਂ ਲਾਇਸੈਂਸੀ ਅਸਲਾ ਜਮ੍ਹਾਂ ਕਰਵਾਉਣ ਲਈ ਕਿਹਾ ਹੈ। ਅਸਲਾ ਜਮ੍ਹਾਂ ਨਾ ਕਰਾਉਣ ਵਾਲੇ ਖ਼ਿਲਾਫ਼ ਕਾਰਵਾਈ ਦੀ ਚਿਤਾਵਨੀ ਦਿੱਤੀ ਗਈ। ਸਰਪੰਚਾਂ ਨੂੰ ਹਦਾਇਤ ਕੀਤੀ ਗਈ ਕਿ ਗੁਰੂਘਰਾਂ ਵਿੱਚ ਅਸਲਾ ਜਮ੍ਹਾਂ ਕਰਵਾਉਣ ਲਈ ਅਨਾਊਸਮੈਂਟ ਕਰਵਾਈ ਜਾਵੇ। -ਨਿੱਜੀ ਪੱਤਰ ਪ੍ਰੇਰਕ
