ਕਟਾਰੀਆ ਵੱਲੋਂ ਸ਼ਹੀਦ ਭਗਤ ਸਿੰਘ ਯੂਥ ਫੈਸਿਲਿਟੇਸ਼ਨ ਸੈਂਟਰ ਦਾ ਉਦਘਾਟਨ
ਸਮਾਗਮ ’ਚ 2000 ਤੋਂ ਵੱਧ ਨੌਜਵਾਨਾਂ ਨੇ ਸ਼ਿਰਕਤ ਕੀਤੀ
ਸਨ ਫਾਊਂਡੇਸ਼ਨ ਦੇ ਚੇਅਰਮੈਨ ਅਤੇ ਰਾਜ ਸਭਾ ਮੈਂਬਰ ਡਾ. ਵਿਕਰਮਜੀਤ ਸਿੰਘ ਸਾਹਨੀ ਵੱਲੋਂ ਕਰਵਾਏ ਸਮਾਗਮ ‘ਜੈੱਨ-ਜ਼ੀ-ਕੁਨੈਕਟ’ ਦੌਰਾਨ ਪੰਜਾਬ ਦੇ ਰਾਜਪਾਲ ਗੁਲਾਬ ਚੰਦ ਕਟਾੀਆ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਪੀ ਏ ਯੂ ਵਿੱਚ ਕਰਵਾਏ ਸਮਾਗਮ ਦੌਰਾਨ ਰਾਜਪਾਲ ਕਟਾਰੀਆ ਨੇ ਸ਼ਹੀਦ ਭਗਤ ਸਿੰਘ ਯੂਥ ਫੈਸਿਲਿਟੇਸ਼ਨ ਸੈਂਟਰ ਦਾ ਉਦਘਾਟਨ ਵੀ ਕੀਤਾ। ਇਸ ਸਮਾਗਮ ਵਿੱਚ 2000 ਤੋਂ ਵੱਧ ਨੌਜਵਾਨਾਂ ਨੇ ਸ਼ਿਰਕਤ ਕੀਤੀ।
ਇਸ ਦੌਰਾਨ ਕਰੀਅਰ, ਰੁਜ਼ਗਾਰਮੁਖੀ ਹੁਨਰ ਅਤੇ ਉੱਦਮਤਾ ਨਾਲ ਸਬੰਧਤ ਤਿੰਨ ਪੈਨਲ ਚਰਚਾਵਾਂ ਕਰਵਾਈਆਂ ਗਈਆਂ। ਇਸ ਤੋਂ ਬਾਅਦ ਰਾਜਪਾਲ ਕਟਾਰੀਆ ਅਤੇ ਸੰਸਦ ਮੈਂਬਰ ਡਾ. ਸਾਹਨੀ ਨਾਲ ਨੌਜਵਾਨਾਂ ਦਾ ਖੁੱਲ੍ਹਾ ਪ੍ਰਸ਼ਨ-ਉੱਤਰ ਸੈਸ਼ਨ ਹੋਇਆ। ਸਵੇਰ ਸਮੇਂ ਸਾਰੇ ਨੌਜਵਾਨਾਂ ਨੇ ਸਾਂਝੇ ਤੌਰ ’ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ‘ਮਨ ਕੀ ਬਾਤ’ ਪ੍ਰੋਗਰਾਮ ਨੂੰ ਵੀ ਸੁਣਿਆ।
ਰਾਜਪਾਲ ਗੁਲਾਬ ਚੰਦ ਕਟਾਰੀਆ ਨੇ ਕਿਹਾ ਕਿ ਉਹ ਡਾ. ਸਾਹਨੀ ਦੇ ਉਸ ਉਪਰਾਲੇ ਦੀ ਸ਼ਲਾਘਾ ਕਰਦੇ ਹਨ ਜਿਸ ਰਾਹੀਂ ਉਹ ਜੈਨ-ਜੀ ਨਾਲ ਜੁੜ ਰਹੇ ਹਨ ਅਤੇ ਪ੍ਰਧਾਨ ਮੰਤਰੀ ਦਾ ਸੰਦੇਸ਼ ਸਿੱਧਾ ਨੌਜਵਾਨਾਂ ਤੱਕ ਪਹੁੰਚਾ ਰਹੇ ਹਨ। ਉਹ ਨੌਜਵਾਨਾਂ ਨੂੰ ਹੁਨਰ ਪ੍ਰਦਾਨ ਕਰ ਕੇ ਅਤੇ ਉਨ੍ਹਾਂ ਨੂੰ ਰੁਜ਼ਗਾਰ ਮੁਹੱਈਆ ਕਰਵਾ ਕੇ ਆਪਣੇ ਪੈਰਾਂ ’ਤੇ ਖੜ੍ਹੇ ਕਰਨ ਦੀ ਭੂਮਿਕਾ ਨਿਭਾਅ ਰਹੇ ਹਨ।
ਡਾ. ਸਾਹਨੀ ਨੇ ਦੱਸਿਆ ਕਿ ਸ਼ਹੀਦ ਭਗਤ ਸਿੰਘ ਯੂਥ ਫੈਸਿਲਿਟੇਸ਼ਨ ਸੈਂਟਰ ਇੱਕੋ ਛੱਤ ਹੇਠ ਨੌਜਵਾਨਾਂ ਨੂੰ 10 ਤਰ੍ਹਾਂ ਦੀਆਂ ਸੇਵਾਵਾਂ ਪ੍ਰਦਾਨ ਕਰੇਗਾ। ਇਨ੍ਹਾਂ ਵਿੱਚ ਕਰੀਅਰ ਕਾਊਂਸਲਿੰਗ ਅਤੇ ਸਕਿੱਲ ਮੈਪਿੰਗ, ਮਸਨੂਈ ਬੌਧਿਕਤਾ ਅਤੇ ਭਵਿੱਖੀ ਹੁਨਰਾਂ ਦੀ ਸਿਖਲਾਈ, ਰੁਜ਼ਗਾਰ ਪ੍ਰਾਪਤੀ ਲਈ ਸਹਾਇਤਾ, ਸਟਾਰਟਅੱਪ ਇਨਕਿਊਬੇਸ਼ਨ, ਕਰਜ਼ਿਆਂ ਅਤੇ ਸਰਕਾਰੀ ਯੋਜਨਾਵਾਂ ਤੱਕ ਪਹੁੰਚ, ਵੈੱਲਨੈੱਸ ਕਾਊਂਸਲਿੰਗ ਅਤੇ ਪਬਲਿਕ ਇੰਪੈਕਟ ਡੈਸ਼ਬੋਰਡ ਵਰਗੀਆਂ ਸਹੂਲਤਾਂ ਸ਼ਾਮਲ ਹਨ। ਡਾ. ਸਾਹਨੀ ਨੇ ਦੱਸਿਆ ਕਿ ਸਨ ਫਾਊਂਡੇਸ਼ਨ ਪੰਜਾਬ ਭਰ ਵਿੱਚ ਹੁਨਰ ਵਿਕਾਸ ਕੇਂਦਰਾਂ ਦਾ ਨੈੱਟਵਰਕ ਚਲਾ ਰਿਹਾ ਹੈ। ਇਨ੍ਹਾਂ ਕੇਂਦਰਾਂ ਰਾਹੀਂ ਹੁਣ ਤੱਕ 6,560 ਨੌਜਵਾਨਾਂ ਨੂੰ ਸਿਖਲਾਈ, 5,426 ਨੌਜਵਾਨਾਂ ਨੂੰ ਰੁਜ਼ਗਾਰ ਅਤੇ 410 ਨੌਜਵਾਨਾਂ ਨੂੰ ਸਵੈ-ਰੁਜ਼ਗਾਰ ਸ਼ੁਰੂ ਕਰਨ ਲਈ ਸਹਾਇਤਾ ਪ੍ਰਦਾਨ ਕੀਤੀ ਜਾ ਚੁੱਕੀ ਹੈ। ਫਾਊਂਡੇਸ਼ਨ ਨੇ ਪੰਜਾਬ ਵਿੱਚ 12 ਨਸ਼ਾ ਮੁਕਤੀ ਅਤੇ ਪੁਨਰਵਾਸ ਕੇਂਦਰਾਂ ਨੂੰ ਗੋਦ ਲਿਆ ਹੈ। ਇਨ੍ਹਾਂ ਕੇਂਦਰਾਂ ਵਿੱਚ ਹਰ ਸਾਲ ਲਗਭਗ 500 ਠੀਕ ਹੋ ਰਹੇ ਮਰੀਜ਼ਾਂ ਨੂੰ ਹੁਨਰ ਸਿਖਲਾਈ ਦਿੱਤੀ ਜਾਂਦੀ ਹੈ। ਹੁਣ ਤੱਕ 1,000 ਤੋਂ ਵੱਧ ਲੋਕਾਂ ਨੂੰ ਰੁਜ਼ਗਾਰ ਦਿਵਾਇਆ ਜਾ ਚੁੱਕਾ ਹੈ, ਜਦਕਿ 250 ਲੋਕ ਸਵੈ-ਰੁਜ਼ਗਾਰ ਦੀ ਦਿਸ਼ਾ ਵਿੱਚ ਅੱਗੇ ਵਧ ਚੁੱਕੇ ਹਨ।

