ਮਹਾਮਾਰੀ ਦੀ ਮਾਰ

ਕਰੋਨਾ ਨੇ ਪੰਜਾਬੀ ਭਵਨ ਦੇ ਕਿਤਾਬ ਬਾਜ਼ਾਰ ਰੋਲੇ

ਕਰੋਨਾ ਨੇ ਪੰਜਾਬੀ ਭਵਨ ਦੇ ਕਿਤਾਬ ਬਾਜ਼ਾਰ ਰੋਲੇ

ਪੰਜਾਬੀ ਭਵਨ ਦੇ ਕਿਤਾਬ ਬਾਜ਼ਾਰ ਦੀ ਬੰਦ ਹੋਈ ਕੰਟੀਨ ਨੂੰ ਲੱਗਿਆ ਤਾਲਾ।

ਸਤਵਿੰਦਰ ਬਸਰਾ

ਲੁਧਿਆਣਾ, 3 ਅਗਸਤ

ਕਰੋਨਾ ਮਹਾਂਮਾਰੀ ਦੀ ਸਮਾਜ ਨੂੰ ਦੋਹਰੀ ਮਾਰ ਪੈਣੀ ਸ਼ੁਰੂ ਹੋ ਗਈ ਹੈ। ਇੱਕ ਪਾਸੇ ਇਹ ਬਿਮਾਰੀ ਲੋਕਾਂ ਦੀਆਂ ਕੀਮਤੀ ਜਾਨਾਂ ਲੈ ਰਹੀ ਹੈ ਅਤੇ ਦੂਜੇ ਪਾਸੇ ਉਨ੍ਹਾਂ ਦੇ ਵਪਾਰ ਨੂੰ ਖੋਰਾ ਲਾ ਕੇ ਆਰਥਿਕ ਤੰਗੀ ਦਾ ਸ਼ਿਕਾਰ ਬਣਾ ਰਹੀ ਹੈ। ਇਹੋ ਜਿਹੇ ਹਾਲਾਤ ਲੁਧਿਆਣਾ ਦੇ ਪੰਜਾਬੀ ਭਵਨ ਦੇ ਕਿਤਾਬ ਬਾਜ਼ਾਰ ਦੇ ਦੁਕਾਨਦਾਰਾਂ ਦੇ ਦੇਖੇ ਜਾ ਸਕਦੇ ਹਨ। ਕੋਵਿਡ-19 ਕਰਕੇ ਇਨ੍ਹਾਂ ਦੁਕਾਨਾਂ ’ਤੇ 80 ਫ਼ੀਸਦ ਗਾਹਕਾਂ ਦੀ ਕਮੀ ਹੋ ਗਈ ਹੈ। ਇਸੇ ਮੰਦੀ ਕਰਕੇ ਇੱਥੋਂ ਦੀ ਕੰਟੀਨ ਵੀ ਦੋ ਦਿਨ ਪਹਿਲਾਂ ਬੰਦ ਹੋ ਗਈ ਹੈ। ਸਥਾਨਕ ਪੰਜਾਬੀ ਭਵਨ ਵਿੱਚ ਲੇਖਕਾਂ ਅਤੇ ਪਾਠਕਾਂ ਦੀ ਸਹੂਲਤ ਲਈ ਕਿਤਾਬ ਬਾਜ਼ਾਰ ਬਣਾਇਆ ਗਿਆ ਹੈ। ਕਰੋਨਾ ਤੋਂ ਪਹਿਲਾਂ ਇਨ੍ਹਾਂ ਦੁਕਾਨਾਂ ‘ਤੇ ਦੂਰੋਂ-ਨੇੜਿਓਂ ਗਾਹਕਾਂ ਦਾ ਆਉਣਾ ਲੱਗਿਆ ਰਹਿੰਦਾ ਸੀ ਪਰ ਲੌਕਡਾਊਨ ਤੋਂ ਬਾਅਦ ਦੁਕਾਨਾਂ ‘ਤੇ ਗਾਹਕਾਂ ਦੀ ਕਮੀ ਆਉਣ ਨਾਲ ਦੁਕਾਨਦਾਰ ਆਰਥਿਕ ਮੰਦੀ ਦਾ ਸ਼ਿਕਾਰ ਹੋਣ ਲੱਗ ਪਏ ਹਨ। ਇੱਥੇ ਹੀ ਜਨ ਚੇਤਨਾ ਨਾਂ ਹੇਠ ਕਿਤਾਬਾਂ ਦੀ ਦੁਕਾਨ ਚਲਾਉਂਦੀ ਬਿੰਨੀ ਜੈਨ ਨੇ ਦੱਸਿਆ ਕਿ ਕਰੋਨਾ ਕਰਕੇ ਗਾਹਕ ਨਾ-ਮਾਤਰ ਹੀ ਰਹਿ ਗਏ ਹਨ। ਉਨ੍ਹਾਂ ਪੰਜਾਬੀ ਸਾਹਿਤ ਅਕਾਡਮੀ ਦੇ ਪ੍ਰਬੰਧਕਾਂ ਨੂੰ ਕਿਰਾਇਆ ਮੁਆਫ਼ ਕਰਨ ਲਈ ਪੱਤਰ ਲਿਖਿਆ ਸੀ ਪਰ ਉਨ੍ਹਾਂ ਨੇ ਇਸ ਤੋਂ ਅਸਮਰੱਥਾ ਪ੍ਰਗਟਾ ਦਿੱਤੀ ਹੈ। ਸ਼ਹੀਦ ਭਗਤ ਸਿੰਘ ਬੁੱਕ ਸੈਂਟਰ ਦੇ ਮਾਲਕ ਮਾਸਟਰ ਹਰੀਸ਼ ਮੌਦਗਿੱਲ ਨੇ ਦੱਸਿਆ ਕਿ ਕੰਮ ਨਾ ਹੋਣ ਕਰਕੇ ਉਨ੍ਹਾਂ ਨੂੰ ਮੁਲਾਜ਼ਮਾਂ ਦੀਆਂ ਤਨਖਾਹਾਂ, ਬਿਜਲੀ ਦਾ ਖਰਚਾ ਅਤੇ ਹੋਰ ਫੁਟਕਲ ਖਰਚੇ ਪੱਲਿਓਂ ਦੇਣੇ ਪੈ ਰਹੇ ਹਨ। ਹੁਣ ਅਪਰੈਲ, ਮਈ ਅਤੇ ਜੂਨ ਮਹੀਨੇ ਦੇ ਕਿਰਾਏ ‘ਚ ਛੋਟ ਲਈ ਅਕਾਡਮੀ ਨੂੰ ਲਿਖਿਆ ਹੋਇਆ ਹੈ। ਇੱਥੇ ਹੀ ਕੰਟੀਨ ਚਲਾਉਂਦੇ ਗੁਰਜੀਤ ਸਿੰਘ ਖਾਲਸਾ ਨੇ ਦੱਸਿਆ ਕਿ ਉਨ੍ਹਾਂ ਦੇ ਸਿਰ ਮਹੀਨੇ ਦਾ 14 ਹਜ਼ਾਰ ਰੁਪਏ ਕਿਰਾਇਆ ਪੈਂਦਾ ਸੀ ਪਰ ਕਰੋਨਾ ਕਰਕੇ ਕੰਮ 20 ਫ਼ੀਸਦੀ ਤੋਂ ਵੀ ਘੱਟ ਰਹਿ ਗਿਆ ਸੀ। ਇਸ ਕਰਕੇ ਦੁਕਾਨਾਂ ਦਾ ਕਿਰਾਇਆ ਕੱਢਣਾ ਵੀ ਮੁਸ਼ਕਲ ਹੋ ਗਿਆ ਸੀ। ਇਸ ਲਈ ਹੁਣ ਮਜਬੂਰ ਹੋ ਕਿ ਦੁਕਾਨਾਂ ਖਾਲੀ ਕਰਨੀਆਂ ਪਈਆਂ ਹਨ। 

ਕਿਰਾਏ ਮੁਆਫ਼ ਕਰਨ ’ਤੇ ਮੁਲਾਜ਼ਮ ਕੱਢਣੇ ਪੈਣਗੇ: ਜਨਰਲ ਸਕੱਤਰ

ਪੰਜਾਬੀ ਸਾਹਿਤ ਅਕਾਡਮੀ ਦੇ ਜਨਰਲ ਸਕੱਤਰ ਡਾ. ਸੁਰਜੀਤ ਸਿੰਘ ਨੇ ਦੱਸਿਆ ਕਿ ਅਕਾਡਮੀ ਨੂੰ ਮੁਲਾਜ਼ਮਾਂ ਦੀਆਂ ਤਨਖਾਹਾਂ ਅਤੇ ਹੋਰ ਖਰਚਿਆਂ ਲਈ ਮਹੀਨੇ ਵਿੱਚ ਕਰੀਬ ਡੇਢ ਲੱਖ ਰੁਪਏ ਦੀ ਲੋੜ ਪੈਂਦੀ ਹੈ। ਇਨ੍ਹਾਂ ਵਿੱਚੋਂ 75 ਹਜ਼ਾਰ ਰੁਪਏ ਤਾਂ ਬੋਰਡ ਦੇ ਖੇਤਰੀ ਡਿੱਪੂ ਦਾ ਕਿਰਾਇਆ ਆ ਜਾਂਦਾ ਹੈ ਪਰ ਬਾਕੀ ਰਕਮ ਦੀ ਪੂਰਤੀ ਦੁਕਾਨਾਂ ਦੇ ਕਿਰਾਏ ਤੋਂ ਹੀ ਹੁੰਦੀ ਹੈ। ਇਸ ਲਈ ਜੇ ਕਿਰਾਇਆ ਮੁਆਫ਼ ਕਰ ਦਈਏ ਤਾਂ ਅਕਾਡਮੀ ਨੂੰ ਆਪਣੇ ਮੁਲਾਜ਼ਮਾਂ ਨੂੰ ਹਟਾਉਣਾ ਪਵੇਗਾ ਜੋ ਸੰਭਵ ਨਹੀਂ ਹੈ। ਦੂਜੇ ਪਾਸੇ ਕਰੋਨਾ ਕਰਕੇ ਅਕਾਡਮੀ ਦੇ ਹਾਲ ਆਦਿ ਵਿੱਚ ਕੋਈ ਸਮਾਗਮ ਨਹੀਂ ਹੁੰਦਾ ਜਿਸ ਕਰਕੇ ਆਮਦਨ ਦਾ ਇਹ ਸਾਧਨ ਵੀ ਠੱਪ ਹੈ। ਉਨ੍ਹਾਂ ਇੰਨਾ ਜ਼ਰੂਰ ਕਿਹਾ ਕਿ ਦੁਕਾਨਦਾਰ ਜਦੋਂ ਤੱਕ ਕੋਵਿਡ-19 ਦਾ ਅਸਰ ਹੈ ਦੁਕਾਨਾਂ ਚਲਾ ਸਕਦੇ ਹਨ ਅਤੇ ਕਿਸ਼ਤਾਂ ਦੇ ਰੂਪ ਵਿੱਚ ਕਿਰਾਏ ਦਾ ਭੁਗਤਾਨ ਕਰ ਸਕਦੇ ਹਨ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਮੁੱਖ ਖ਼ਬਰਾਂ

ਕਿਸਾਨ ਮੁੱਦੇ ’ਤੇ ਦਿੱਲੀ ਪੁਲੀਸ ਨੇ ਪੰਜਾਬ ਦੇ ਚਾਰ ਸੰਸਦ ਮੈਂਬਰਾਂ ਦੀ ‘ਕੁੱਟਮਾਰ’ ਕੀਤੀ: ਬਿੱਟੂ

ਕਿਸਾਨ ਮੁੱਦੇ ’ਤੇ ਦਿੱਲੀ ਪੁਲੀਸ ਨੇ ਪੰਜਾਬ ਦੇ ਚਾਰ ਸੰਸਦ ਮੈਂਬਰਾਂ ਦੀ ‘ਕੁੱਟਮਾਰ’ ਕੀਤੀ: ਬਿੱਟੂ

ਬਗ਼ੈਰ ਇਜਾਜ਼ਤ ਤੋਂ ਕੀਤਾ ਜਾ ਰਿਹਾ ਸੀ ਪ੍ਰਦਰਸ਼ਨ: ਪੁਲੀਸ

ਸ਼ਹਿਰ

View All