ਦੇਵਿੰਦਰ ਸਿੰਘ ਜੱਗੀ
ਪਾਇਲ, 20 ਸਤੰਬਰ
ਮਾਰਕੀਟ ਕਮੇਟੀ ਮਲੌਦ ਦੇ ਨਵ-ਨਿਯੁਕਤ ਚੇਅਰਮੈਨ ਕਰਨ ਸਿਹੌੜਾ ਦੇ ਅਹੁਦੇ ਦੀ ਤਾਜਪੋਸ਼ੀ ਅੱਜ ਕੈਬਨਿਟ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਅਤੇ ਵਿਧਾਇਕ ਮਨਵਿੰਦਰ ਸਿੰਘ ਗਿਆਸਪੁਰਾ ਦੀ ਹਾਜ਼ਰੀ ਵਿੱਚ ਹੋਈ।
ਇਸ ਮੌਕੇ ਕੈਬਨਿਟ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਨੇ ਕਿਹਾ ਕਿ ਕਰਨ ਸਿਹੌੜਾ ਵਰਗੇ ਮਿਹਨਤੀ ਨੌਜਵਾਨ ਨੂੰ ਇਹ ਵੱਡਾ ਮਾਣ ਦੇ ਕੇ ਪਾਰਟੀ ਦੀ ਨੌਜਵਾਨਾਂ ਪ੍ਰਤੀ ਉਸਾਰੂ ਸੋਚ ਨੂੰ ਪ੍ਰਗਟ ਕੀਤਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦਾ ਮੁੱਖ ਧੰਦਾ ਖੇਤੀਬਾੜੀ ਹੈ, ਪਰ ਅੱਜ ਸਮੇਂ ਦੀ ਲੋੜ ਨੂੰ ਦੇਖਦੇ ਹੋਏ ਨੌਜਵਾਨ ਵਿਦੇਸ਼ਾਂ ਦਾ ਰੁੱਖ ਕਰਨ ਦੀ ਬਜਾਏ ਖੇਤੀ ਅਤੇ ਸਹਾਇਕ ਧੰਦਿਆਂ ਨੂੰ ਅਪਣਾਉਣ, ਜਿਸ ਵਿੱਚ ਪੰਜਾਬ ਸਰਕਾਰ ਆਪਣਾ ਹਰ ਤਰ੍ਹਾਂ ਦਾ ਯੋਗਦਾਨ ਦੇਣ ਲਈ ਤਿਆਰ ਹੈ। ਜੇਕਰ ਪਿਛਲੀਆਂ ਸਰਕਾਰਾਂ ਨੀਤੀ ਅਤੇ ਨੀਅਤ ਸਾਫ਼ ਰੱਖਦੀਆਂ ਤਾਂ ਅੱਜ ਬੱਚਿਆਂ ਨੂੰ ਬਜ਼ਰੁਗ ਮਾਪਿਆਂ ਤੋਂ ਦੂਰ ਲੱਖਾਂ ਰੁਪਏ ਖਰਚ ਕੇ ਬੇਗਾਨੇ ਮੁਲਕ ਜਾ ਕੇ ਹੱਡਭੰਨਵੀਂ ਮਿਹਨਤ ਨਾ ਕਰਨੀ ਪੈਂਦੀ। ਇਸ ਮੌਕੇ ਹਲਕਾ ਵਿਧਾਇਕ ਗਿਆਸਪੁਰਾ ਨੇ ਜਿੱਥੇ ਕਰਨ ਸਿਹੌੜਾ ਨੂੰ ਚੇਅਰਮੈਨ ਬਣਨ ਤੇ ਵਧਾਈ ਦਿੱਤੀ। ਉਹਨਾਂ ਕਿਹਾ ਕਿ ਆਪ ਸਰਕਾਰ ਵੱਲੋਂ ਇਲਾਕੇ ਦੀਆਂ ਮੁੱਖ ਸੜਕਾਂ ਨੂੰ ਡੇਢ ਸਾਲ ਵਿੱਚ ਹੀ ਨਵੀਆਂ ਬਣਾਕੇ ਲੋਕਾਂ ਦੇ ਸਪੁਰਦ ਕੀਤੀਆਂ ਹਨ ਜੋ ਪਿਛਲੀਆਂ ਸਰਕਾਰਾਂ ਨੇ 15 ਸਾਲ ਵਿੱਚ ਵੀ ਨਹੀਂ ਬਣਾਈਆਂ। ਇਸ ਮੌਕੇ ਵਿਧਾਇਕ ਤਰੁਣਪ੍ਰੀਤ ਸਿੰਘ ਸੌਂਦ ਖੰਨਾ, ਚੇਅਰਮੈਨ ਮਹਿੰਦਰ ਸਿੰਘ ਸਿੱਧੂ, ਚੇਅਰਮੈਨ ਨਵਜੋਤ ਸਿੰਘ ਜਰਗ, ਚੇਅਰਮੈਨ ਜੱਸੀ ਸੋਹੀਆ ਪਟਿਆਲਾ, ਏ ਪੀ ਜੱਲ੍ਹਾ, ਐੱਸਡੀਐਮ. ਜਸਲੀਨ ਕੌਰ ਭੁੱਲਰ, ਡੀਐਸਪੀ. ਨਿਖਿਲ ਗਰਗ, ਚੇਅਰਮੈਨ ਬੂਟਾ ਸਿੰਘ ਰਾਣੋ, ਚੇਅਰਮੈਨ ਗੁਰਪ੍ਰੀਤ ਸਿੰਘ ਬੇਰਕਲਾਂ, ਸੀ.ਆਰ. ਕੰਗ, ਆਦਿ ਹਾਜ਼ਰ ਸਨ। ਇਸ ਮੌਕੇ ਚੇਅਰਮੈਨ ਕਰਨ ਸਿਹੌੜਾ ਨੇ ਆੜ੍ਹਤੀਆਂ ਅਤੇ ਸ਼ੈਲਰ ਮਾਲਕਾਂ ਨੂੰ ਵਿਸ਼ਵਾਸ ਦਿਵਾਇਆ ਕਿ ਪਾਰਟੀਬਾਜ਼ੀ ਤੋਂ ਉੱਪਰ ਉੱਠ ਕੇ ਹਰ ਇੱਕ ਆੜ੍ਹਤੀ ਅਤੇ ਸ਼ੈਲਰ ਦੇ ਹਿੱਤਾਂ ਦੀ ਰਾਖੀ ਲਈ ਕੰਮ ਕੀਤਾ ਜਾਵੇਗਾ।
ਤਾਜਪੋਸ਼ੀ ਸਮਾਗਮ ਮੌਕੇ ਆਗੂਆਂ ਦੇ ਫੋਨ ਚੋਰੀ
ਤਾਜਪੋਸ਼ੀ ਸਮਾਗਮ ਦੌਰਾਨ ਜਿੱਥੇ ਆਗੂ ਫੋਟੋਆਂ ਖਿਚਵਾਉਣ ਲਈ ਸਰਗਰਮ ਸਨ, ਉੱਥੇ ਭੀੜ ਦਾ ਫਾਇਦਾ ਲੈਂਦੇ ਹੋਏ ਚੋਰਾਂ ਨੇ ਵੀ ਪੂਰੀ ਸਰਗਰਮੀ ਦਿਖਾਈ, ਜਿਸ ਵਿੱਚ ਕਈ ਆਗੂਆਂ ਅਤੇ ਵਾਲੰਟੀਅਰਾਂ ਦੇ ਮੋਬਾਈਲ ਫੋਨ ਚੋਰੀ ਹੋ ਗਏ।