ਹੋਦ ਚਿੱਲੜ ਕਾਂਡ ਦੇ 42 ਸਾਲਾਂ ਬਾਅਦ ਵੀ ਇਨਸਾਫ਼ ਨਹੀਂ ਮਿਲਿਆ: ਗਿਆਸਪੁਰਾ
ਮਾਰੇ ਗਏ ਲੋਕਾਂ ਦੀ ਯਾਦ ਵਿੱਚ ਪਾਠ ਦੇ ਭੋਗ ਪਾਏ; ਭਾਜਪਾ ਸਰਕਾਰ ਦਾ ਪੁਤਲਾ ਫੂਕਿਆ
ਹੋਦ ਚਿੱਲੜ ਕਾਂਡ ਵਿੱਚ ਮਾਰੇ ਗਏ ਲੋਕਾਂ ਦੀ ਯਾਦ ਵਿੱਚ ਹਲਕਾ ਪਾਇਲ ਤੋਂ ਵਿਧਾਇਕ ਮਨਵਿੰਦਰ ਸਿੰਘ ਗਿਆਸਪੁਰਾ ਦੀ ਅਗਵਾਈ ਹੇਠ ਸੁਖਮਨੀ ਸਾਹਿਬ ਦੇ ਪਾਠ ਦੇ ਭੋਗ ਪਾਏ ਗਏ ਅਤੇ ਅਰਦਾਸ ਕੀਤੀ ਗਈ।
ਹੋਦ ਚਿੱਲੜ ਕਮੇਟੀ ਦੇ ਪ੍ਰਧਾਨ ਅਤੇ ਵਿਧਾਇਕ ਮਨਵਿੰਦਰ ਸਿੰਘ ਗਿਆਸਪੁਰਾ ਨੇ ਸ਼ਰਧਾਂਜਲੀਆਂ ਭੇਟ ਕਰਦਿਆਂ ਕਿਹਾ ਕਿ 32 ਨਿਰਦੋਸ਼ ਸਿੱਖਾਂ ਦਾ ਕਤਲੇਆਮ ਅੱਜ ਵੀ ਭਾਰਤੀ ਨਿਆਂ ਪ੍ਰਣਾਲੀ ’ਤੇ ਇੱਕ ਕਾਲਾ ਧੱਬਾ ਹੈ ਕਿਉਂਕਿ 42 ਸਾਲ ਬੀਤਣ ਦੇ ਬਾਵਜੂਦ ਦੋਸ਼ੀਆਂ ਨੂੰ ਸਜ਼ਾ ਨਹੀਂ ਮਿਲੀ।
ਉਨ੍ਹਾਂ ਕਿਹਾ ਕਿ ਹੋਦ ਚਿੱਲੜ ਵਿੱਚ ਮਾਸੂਮ ਬੱਚੇ, ਬਜ਼ੁਰਗਾਂ ਨੂੰ ਤੇਲ ਪਾ ਕੇ ਜ਼ਿੰਦਾ ਸਾੜਿਆ ਗਿਆ ਅਤੇ ਫੌਜੀ ਇੰਦਰਜੀਤ ਸਿੰਘ ਨੂੰ ਵਰਦੀ ਪਾਈ ਹੋਣ ਦੇ ਬਾਵਜੂਦ ਕਤਲ ਕਰ ਦਿੱਤਾ ਗਿਆ ਸੀ। ਸਮਾਗਮ ਦੌਰਾਨ ਸੰਗਤ ਨੂੰ ਉਹ ਸਾਰੀਆਂ ਥਾਵਾਂ ਦਿਖਾਈਆਂ ਗਈਆਂ ਜਿੱਥੇ ਕਤਲੇਆਮ ਕੀਤਾ ਗਿਆ ਸੀ। ਇਸ ਘਟਨਾ ਦੌਰਾਨ ਆਪਣੇ ਪਰਿਵਾਰ ਦੇ 12 ਜੀਅ ਗੁਆਉਣ ਵਾਲੀ ਸੁਰਜੀਤ ਕੌਰ ਨੇ ਸੰਗਤ ਨੂੰ ਉਹ ਖੂਹ ਦਿਖਾਇਆ, ਜਿਸ ਵਿੱਚ 32 ਨਿਰਦੋਸ਼ ਸਿੱਖਾਂ ਨੂੰ ਸਾੜ ਕੇ ਸੁੱਟ ਦਿੱਤਾ ਗਿਆ ਸੀ।
ਸ੍ਰੀ ਗਿਆਸਪੁਰਾ ਨੇ ਦੱਸਿਆ ਕਿ ਇਸ ਮਾਮਲੇ ਵਿੱਚ ਐੱਸ ਪੀ, ਡੀ ਐੱਸ ਪੀ ਸਣੇ ਹੋਰਾਂ ਖ਼ਿਲਾਫ਼ 2017 ਤੋਂ ਪਟੀਸ਼ਨ ਅਜੇ ਵੀ ਪੰਜਾਬ ਹਰਿਆਣਾ ਹਾਈ ਕੋਰਟ ਵਿੱਚ ਚੱਲ ਰਹੀ ਹੈ, ਪਰ ਅਜੇ ਤੱਕ ਇਨਸਾਫ਼ ਨਹੀਂ ਮਿਲਿਆ। ਇਸ ਮੌਕੇ ਭਾਜਪਾ ਸਰਕਾਰ ਦਾ ਪੁਤਲਾ ਵੀ ਫੂਕਿਆ ਗਿਆ।
ਇਸ ਮੌਕੇ ਸੁਰਜੀਤ ਕੌਰ ਰਿਵਾੜੀ, ਗੋਪਾਲ ਦਾਸ ਰਿਵਾੜੀ, ਗੁਰਜੰਟ ਸਿੰਘ ਕਰਨਾਲ, ਅਵਿਨਾਸ਼ਪ੍ਰੀਤ ਸਿੰਘ ਬੈਂਸ, ਬੂਟਾ ਸਿੰਘ ਰਾਣੋ, ਕੰਵਲਜੀਤ ਸਿੰਘ ਬਿੱਟੂ, ਮਨਜੀਤ ਸਿੰਘ ਧਾਮੀ, ਐੱਸ ਡੀ ਓ ਨਿਰਮਲ ਸਿੰਘ, ਬੀ ਕੇ ਸਿੰਘ, ਸੁਖਵਿੰਦਰ ਸਿੰਘ ਨੋਨਾ, ਮਨਜੀਤ ਸਿੰਘ ਪੀ ਏ, ਅਮਰਦੀਪ ਸਿੰਘ ਕੂਹਲੀ ਖੁਰਦ, ਹਰਦੀਪ ਸਿੰਘ ਅਜਨੌਦ, ਗੁਰਜਿੰਦਰ ਸਿੰਘ ਨਿੱਕਾ, ਦਲਵਿੰਦਰ ਸਿੰਘ ਝਾਬੇਵਾਲ ਵੀ ਹਾਜ਼ਰ ਸਨ।

