ਜਰਖੜ ਅਕੈਡਮੀ ਨੇ ਓਲੰਪੀਅਨ ਸੁਰਜੀਤ ਸਿੰਘ ਰੰਧਾਵਾ ਦੀ ਬਰਸੀ ਮਨਾਈ
ਖਿਡਾਰੀਆਂ ਤੇ ਪ੍ਰਬੰਧਕਾਂ ਨੇ ਸ਼ਰਧਾਂਜਲੀ ਦਿੱਤੀ; ਮਹਾਨ ਖਿਡਾਰੀ ਦੇ ਜੀਵਨ ਬਾਰੇ ਚਾਨਣਾ ਪਾਇਆ
ਮਾਤਾ ਸਾਹਿਬ ਕੌਰ ਹਾਕੀ ਅਕੈਡਮੀ ਜਰਖੜ ਨੇ ਭਾਰਤੀ ਹਾਕੀ ਟੀਮ ਦੇ ਸਾਬਕਾ ਕਪਤਾਨ, 1975 ਵਿਸ਼ਵ ਕੱਪ ਦੇ ਜੇਤੂ ਹੀਰੋ ਓਲੰਪੀਅਨ ਸੁਰਜੀਤ ਸਿੰਘ ਰੰਧਾਵਾ ਦੀ 42ਵੀਂ ਬਰਸੀ ਖੇਡ ਭਾਵਨਾ ਤੇ ਸਤਿਕਾਰ ਨਾਲ ਮਨਾਈ। ਜਰਖੜ ਹਾਕੀ ਅਕੈਡਮੀ ਦੇ ਖਿਡਾਰੀਆਂ ਅਤੇ ਸਮੂਹ ਪ੍ਰਬੰਧਕਾਂ ਨੇ ਓਲੰਪੀਅਨ ਸੁਰਜੀਤ ਸਿੰਘ ਰੰਧਾਵਾ ਦੇ ਆਦਮ ਕੱਦ ਬੁੱਤ ’ਤੇ ਹਾਰ ਪਾ ਕੇ ਅਤੇ 2 ਮਿੰਟ ਦਾ ਮੋਨ ਧਾਰਨ ਕਰਕੇ ਸ਼ਰਧਾਂਜਲੀ ਭੇਟ ਕੀਤੀ। ਅਕੈਡਮੀ ਦੇ ਡਾਇਰੈਕਟਰ ਜਗਰੂਪ ਸਿੰਘ ਜਰਖੜ ਨੇ ਬੱਚਿਆਂ ਨੂੰ ਜਿੱਥੇ ਓਲੰਪੀਅਨ ਸੁਰਜੀਤ ਰੰਧਾਵਾ ਦੇ ਜੀਵਨ ਬਾਰੇ ਚਾਨਣਾ ਪਾਇਆ, ਉੱਥੇ ਬੱਚਿਆਂ ਨੇ ਵੀ ਓਲੰਪੀਅਨ ਸੁਰਜੀਤ ਵਰਗੇ ਮਹਾਨ ਖਿਡਾਰੀ ਬਣਨ ਦਾ ਅਹਿਦ ਲਿਆ। ਓਲੰਪੀਅਨ ਸੁਰਜੀਤ ਸਿੰਘ ਰੰਧਾਵਾ ਜੋ 7 ਜਨਵਰੀ 1984 ਨੂੰ ਜਲੰਧਰ ਲਾਗੇ ਇੱਕ ਸੜਕ ਹਾਦਸੇ ਵਿੱਚ ਇਸ ਦੁਨੀਆ ਤੋਂ ਰੁਖ਼ਸਤ ਹੋ ਗਏ ਸਨ। ਉਨ੍ਹਾਂ ਭਾਰਤੀ ਹਾਕੀ ਟੀਮ ਦੀ ਨੁਮਾਇੰਦਗੀ ਕਰਦਿਆਂ ਭਾਰਤ ਨੂੰ ਚੈਂਪੀਅਨ ਬਣਾਉਣ ਤੋਂ ਇਲਾਵਾ ਅੰਤਰਰਾਸ਼ਟਰੀ ਪੱਧਰ ’ਤੇ ਹੋਰ ਵੱਡੀਆਂ ਪ੍ਰਾਪਤੀਆਂ ਹਾਸਲ ਕੀਤੀਆਂ।
ਮਾਤਾ ਸਾਹਿਬ ਕੌਰ ਖੇਡ ਸਟੇਡੀਅਮ ਜਰਖੜ ਭਾਰਤ ਦਾ ਇੱਕੋ ਇੱਕ ਅਜਿਹਾ ਖੇਡ ਸਟੇਡੀਅਮ ਹੈ ਜਿੱਥੇ ਦੁਨੀਆਂ ਦੇ 7 ਮਹਾਨ ਖਿਡਾਰੀਆਂ ਦੇ ਆਦਮ ਕੱਦ ਬੁੱਤ ਵੀ ਸਥਾਪਿਤ ਕੀਤੇ ਗਏ ਹਨ। ਅਕੈਡਮੀ ਦੇ ਕੋਚ ਗੁਰਸਤਿੰਦਰ ਸਿੰਘ ਪਰਗਟ ਅਤੇ ਹਰਮੀਤ ਸਿੰਘ ਨੇ ਵੀ ਅਕੈਡਮੀ ਦੇ ਬੱਚਿਆਂ ਨੂੰ ਓਲੰਪੀਅਨ ਸੁਰਜੀਤ ਸਿੰਘ ਰੰਧਾਵਾ ਦੀਆਂ ਪ੍ਰਾਪਤੀਆਂ ਬਾਰੇ ਭਰਪੂਰ ਜਾਣਕਾਰੀ। ਇਸ ਮੌਕੇ ਸਾਬਕਾ ਕੌਮੀ ਹਾਕੀ ਖਿਡਾਰੀ ਹੁਕਮ ਸਿੰਘ ਲੁਧਿਆਣਾ, ਪਰਮਜੀਤ ਸਿੰਘ ਪੰਮਾ ਗਰੇਵਾਲ, ਜੁਆਏਦੀਪ ਸਿੰਘ, ਪਵਨਪ੍ਰੀਤ ਸਿੰਘ ਡੰਗੋਰਾ, ਰਘਵੀਰ ਸਿੰਘ ਡੰਗੋਰਾ ਆਦਿ ਜਰਖੜ ਅਕੈਡਮੀ ਦੇ ਸਮੂਹ ਖਿਡਾਰੀ ਅਤੇ ਪ੍ਰਬੰਧਕ ਹਾਜ਼ਰ ਸਨ।

