ਸ਼ਹਿਰ ਦੀਆਂ ਸਮੱਸਿਆਵਾਂ ਖ਼ਿਲਾਫ਼ ਸੜਕਾਂ ’ਤੇ ਉਤਰੇ ਜਗਰਾਉਂ ਵਾਸੀ
ਜਸਬੀਰ ਸਿੰਘ ਸ਼ੇਤਰਾ
ਜਗਰਾਉਂ, 10 ਜੁਲਾਈ
ਪਿਛਲੇ ਤਿੰਨ ਸਾਲਾਂ ਅੰਦਰ ਸ਼ਹਿਰ ਦੀ ਬਦ ਤੋਂ ਬਦਤਰ ਹੋਈ ਹਾਲਤ ਖ਼ਿਲਾਫ਼ ਸ਼ਹਿਰ ਵਾਸੀਆਂ ਵਿੱਚ ਰੋਹ ਵਧ ਰਿਹਾ ਹੈ। ਬਹੁਗਿਣਤੀ ਲੋਕ ਜਿੱਥੇ ਬੁੜ-ਬੁੜ ਕਰਕੇ ਹੀ ਹਟ ਜਾਂਦੇ ਹਨ, ਉਥੇ ਹੀ ਕੁਝ ਜੁਝਾਰੂ ਲੋਕ ਹੁਣ ਸੜਕਾਂ ’ਤੇ ਆ ਰਹੇ ਹਨ। ਅਜਿਹੇ ਹੀ ਕੁਝ ਲੋਕਾਂ ਨੇ ਅੱਜ ਸੁੱਤੀ ਸਰਕਾਰ, ਅਵੇਸਲੇ ਪ੍ਰਸ਼ਾਸਨ ’ਤੇ ਸਾਰੇ ਕੌਂਸਲਰਾਂ ਨੂੰ ਜਗਾਉਣ ਲਈ ਅੱਜ ਹੱਥਾਂ ਵਿੱਚ ਤਖਤੀਆਂ ਫੜ ਕੇ ਮਾਰਚ ਕੀਤਾ। ਨਾਲ ਹੀ 16 ਜੁਲਾਈ ਨੂੰ ਨਗਰ ਕੌਂਸਲ ਮੂਹਰੇ ਦਿੱਤੇ ਜਾਣ ਵਾਲੇ ਧਰਨੇ ਵਿੱਚ ਸ਼ਹਿਰ ਵਾਸੀਆਂ ਨੂੰ ਵੱਧ ਚੜ੍ਹ ਕੇ ਸ਼ਾਮਲ ਹੋਣ ਦੀ ਅਪੀਲ ਕੀਤੀ।
ਇਸ ਮੌਕੇ ਨਗਰ ਸੁਧਾਰ ਸਭਾ ਦੇ ਪ੍ਰਧਾਨ ਅਵਤਾਰ ਸਿੰਘ, ਸਕੱਤਰ ਕੰਵਲਜੀਤ ਖੰਨਾ, ਗੁਰਪ੍ਰੀਤ ਸਿੰਘ, ਗੁਰਮੇਲ ਸਿੰਘ ਰੂਮੀ, ਸੁਰਜੀਤ ਸਿੰਘ ਦੌਧਰ ਤੇ ਹੋਰਨਾਂ ਨੇ ਕਿਹਾ ਕਿ ਹੁਣ ਤਕ ਤਾਂ ਜਗਰਾਉਂ ਇਸ ਕਰਕੇ ਸੰਤਾਪ ਭੋਗਦਾ ਰਿਹਾ ਕਿਉਂਕਿ ਜਿਸ ਪਾਰਟੀ ਦੀ ਸਰਕਾਰ ਬਣਦੀ ਸੀ ਵਿਧਾਇਕ ਉਲਟ ਪਾਰਟੀ ਦਾ ਜਿੱਤ ਜਾਂਦਾ। ਹੁਣ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਤੇ ਵਿਧਾਇਕਾ ਸਰਵਜੀਤ ਕੌਰ ਮਾਣੂੰਕੇ ਵੀ ਇਸੇ ਨਾਲ ਸਬੰਧਤ ਹੈ ਤੇ ਲਗਾਤਾਰ ਦੂਜੀ ਵਾਰ ਭਾਰੀ ਬਹੁਮਤ ਨਾਲ ਲੋਕਾਂ ਨੇ ਜਿਤਾਇਆ। ਪਰ ਇਸ ਦੇ ਬਾਵਜੂਦ ਜਗਰਾਉਂ ਇਓਂ ਬੇਰੁਖੀ ਦਾ ਸ਼ਿਕਾਰ ਹੈ ਜਿਵੇਂ ਇਹ ਪੰਜਾਬ ਦਾ ਹਿੱਸਾ ਹੀ ਨਾ ਹੋਵੇ। ਜੇਕਰ ਪੰਜਾਬ ਵਿੱਚ ਵਿਕਾਸ ਕਾਰਜ ਹੋ ਰਹੇ ਹਨ ਤਾਂ ਉਹ ਜਗਰਾਉਂ ਵਿੱਚ ਕਿਉਂ ਨਹੀਂ ਨਜ਼ਰ ਆਉਂਦੇ। ਉਨ੍ਹਾਂ ਸ਼ਹਿਰ ਦੇ ਸਾਰੇ ਕੌਂਸਲਰਾਂ ਨੂੰ ਵੀ ਇਹੋ ਸਵਾਲ ਕੀਤਾ।
ਆਗੂਆਂ ਨੇ ਕਿਹਾ ਕਿ ਜੇਕਰ ਨਗਰ ਕੌਂਸਲ ਵਿੱਚ ਪ੍ਰਧਾਨ ਕਾਂਗਰਸ ਦਾ ਬਣ ਗਿਆ ਤਾਂ ਕੀ ਇਸ ਦੀ ਸਜ਼ਾ ਸ਼ਹਿਰ ਨੂੰ ਦਿੱਤੀ ਜਾ ਰਹੀ ਹੈ ਜਿਸ ਦਾ ਖਮਿਆਜ਼ਾ ਸਾਰੇ ਸ਼ਹਿਰ ਵਾਸੀ ਭੁਗਤ ਰਹੇ ਹਨ। ਉਨ੍ਹਾਂ ਕਿਹਾ ਕਿ ਕੂੜੇ ਦੇ ਵਿਸ਼ਾਲ ਢੇਰ ਤਾਂ ਪਹਿਲਾਂ ਹੀ ਥਾਂ-ਥਾਂ ਲੱਗਣ ਕਰਕੇ ਰੋਸ਼ਨੀਆਂ ਦਾ ਸ਼ਹਿਰ ਕੂੜੇ ਦੇ ਢੇਰਾਂ ਕਰਕੇ ਜਾਣਿਆ ਜਾਣ ਲੱਗਾ ਸੀ। ਪਰ ਹੁਣ ਕੂੜਾ ਚੁੱਕਣਾ ਵੀ ਬੰਦ ਕਰ ਦਿੱਤਾ ਗਿਆ ਹੈ। ਜੇਕਰ ਅਗਲੇ ਦਿਨਾਂ ਵਿੱਚ ਭਾਰੀ ਬਾਰਸ਼ਾਂ ਹੁੰਦੀਆਂ ਹਨ ਤਾਂ ਫੈਲਣ ਵਾਲੀਆਂ ਬਿਮਾਰੀਆਂ ਲਈ ਇਹੋ ਸਰਕਾਰ, ਪ੍ਰਸ਼ਾਸਨ ਤੇ ਕੌਂਸਲਰ ਜ਼ਿੰਮੇਵਾਰ ਹੋਣਗੇ।