Jagraon Mandi Dispute: ਗੁਆਚੀ ਸਿਆਸੀ ਜ਼ਮੀਨ ਤਲਾਸ਼ ਰਹੇ ਬਿੱਟੂ ਗਲਤ ਰਸਤੇ ਪਏ: ਝੱਜ
ਮੰਡੀਆਂ ਅਤੇ ਖਰੀਦ ਸਬੰਧੀ ਦੋਸ਼ਾਂ ਦਾ ਚੇਅਰਮੈਨ ਨੇ ਜਵਾਬ ਦਿੱਤਾ
ਸਾਬਕਾ ਕੇਂਦਰੀ ਰਾਜ ਮੰਤਰੀ ਰਵਨੀਤ ਬਿੱਟੂ ਵੱਲੋਂ ਬੀਤੇ ਕੱਲ੍ਹ ਮੀਂਹ ਮਗਰੋਂ ਜਗਰਾਉਂ ਦਾਣਾ ਮੰਡੀ ਦਾ ਦੌਰਾ ਕਰ ਕੇ ਪਾਣੀ ਨਿਕਾਸੀ ਦੇ ਨਾਕਸ ਪ੍ਰਬੰਧਾਂ ਤੇ ਝੋਨੇ ਦੀ ਖਰੀਦ ਸਹੀ ਢੰਗ ਨਾਲ ਨਾ ਹੋਣ ਸਣੇ ਕੁਝ ਦੋਸ਼ ਮੜ੍ਹੇ ਗਏ ਸਨ ਜਿਨ੍ਹਾਂ ਦਾ ਅੱਜ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਅਤੇ ਮਾਰਕੀਟ ਕਮੇਟੀ ਚੇਅਰਮੈਨ ਕੁਲਵਿੰਦਰ ਸਿੰਘ ਕਾਲਾ ਝੱਜ ਨੇ ਜਵਾਬ ਦਿੱਤਾ। ਉਨ੍ਹਾਂ ਪ੍ਰੈੱਸ ਕਾਨਫਰੰਸ ਸੱਦ ਕੇ ਮੰਡੀ ਬੋਰਡ ਵੱਲੋਂ ਹਲਕੇ ਅੰਦਰ ਬਣਾਈਆਂ ਸੜਕਾਂ ਤੇ ਮੰਡੀਆਂ ਦੇ ਫੜਾਂ ਸਣੇ ਹੋਰ ਕੰਮ ਦੀ ਸੂਚੀ ਪੇਸ਼ ਕਰਦਿਆਂ ਕਿਹਾ ਕਿ ਅਸਲ ਵਿੱਚ ਰਵਨੀਤ ਬਿੱਟੂ ਦੀ ਸਿਆਸੀ ਜ਼ਮੀਨ ਗੁਆਚ ਗਈ ਹੈ। ਕਾਂਗਰਸ ਛੱਡ ਕੇ ਸੱਤਾ ਦੇ ਲਾਲਚ ਕਾਰਨ ਭਾਜਪਾ ਵਿੱਚ ਆਏ ਰਵਨੀਤ ਬਿੱਟੂ ਨੂੰ ਪਹਿਲਾਂ ਤਾਂ ਭਾਜਪਾ ਨੇ ਰਾਜ ਸਭਾ ਲਈ ਨਾਮਜ਼ਦ ਹੀ ਨਹੀਂ ਕੀਤਾ। ਬਾਅਦ ਵਿੱਚ ਉਨ੍ਹਾਂ ਨੂੰ ਕੇਂਦਰੀ ਰਾਜ ਮੰਤਰੀ ਦੇ ਅਹੁਦੇ ਤੋਂ ਵੀ ਹਟਾ ਦਿੱਤਾ ਗਿਆ। ਸ੍ਰੀ ਝੱਜ ਨੇ ਕਿਹਾ ਕਿ ਹੁਣ ਰਵਨੀਤ ਬਿੱਟੂ ਦੇ ਪੱਲੇ ਕੁਝ ਖਾਸ ਹੀ ਨਹੀਂ। ਉਹ ਸਿਰਫ਼ ਆਪਣੀ ਸਿਆਸਤ ਚਮਕਾਉਣ ਤੇ ਗੁਆਚੀ ਸਿਆਸੀ ਜ਼ਮੀਨ ਤਲਾਸ਼ਣ ਲਈ ਹੱਥ ਪੈਰ ਮਾਰਦੇ ਹੋਏ ਗਲਤ ਟਰੈਕ ’ਤੇ ਚੜ੍ਹ ਗਏ ਹਨ।
ਉਨ੍ਹਾਂ ਭਾਜਪਾ ਆਗੂ ਨੂੰ ਸਵਾਲ ਕੀਤਾ ਕਿ ਉਹ ਜਗਰਾਉਂ ਹਲਕੇ ਦੇ ਵਿਕਾਸ ਲਈ ਪਾਏ ਆਪਣੇ ਯੋਗਦਾਨ ਬਾਰੇ ਦੱਸਣ। ਇਹ ਵੀ ਦੱਸਣ ਕਿ ਕਾਂਗਰਸ ਤੇ ਭਾਜਪਾ ਵਿੱਚ ਹੁੰਦੇ ਹੋਏ ਜਦੋਂ ਸੂਬੇ ਵਿੱਚ ਇਨ੍ਹਾਂ ਪਾਰਟੀਆਂ ਦੀਆਂ ਸਰਕਾਰਾਂ ਸਨ ਤਾਂ ਕਿਉਂ ਨਾ ਇਹ ਸਾਰੇ ਮਸਲੇ ਹੱਲ ਕਰਵਾਏ ਜਿਨ੍ਹਾਂ ਦੀ ਅੱਜ ਉਹ ਗੱਲ ਕਰ ਰਹੇ ਹਨ। ਇਸ ਸਮੇਂ ਆੜ੍ਹਤੀ ਆਗੂ ਧਰਮਿੰਦਰ ਭਾਰਦਵਾਜ, ਪਰਮਜੀਤ ਸਿੰਘ ਪੰਮਾ, ਜਗਸੀਰ ਸਿੰਘ ਕਲੇਰ, ਪ੍ਰਲਾਹਦ ਸਿੰਗਲਾ ਆਦਿ ਵੀ ਹਾਜ਼ਰ ਸਨ।
ਮੰਡੀ ਬੋਰਡ ਦੇ ਚੇਅਰਮੈਨ ਨੂੰ ਮਿਲੇ ਕਾਲਾ ਝੱਜ
ਮਾਰਕੀਟ ਕਮੇਟੀ ਜਗਰਾਉਂ ਦੇ ਚੇਅਰਮੈਨ ਕੁਲਵਿੰਦਰ ਸਿੰਘ ਕਾਲਾ ਝੱਜ ਨੇ ਅੱਜ ਮੰਡੀ ਬੋਰਡ ਪੰਜਾਬ ਦੇ ਚੇਅਰਮੈਨ ਹਰਚੰਦ ਸਿੰਘ ਬਰਸਟ ਨਾਲ ਮੁਲਾਕਾਤ ਕੀਤੀ। ਇਸ ਸਮੇਂ ਉਨ੍ਹਾਂ ਜਗਰਾਉਂ ਮੰਡੀਆਂ ਦੀਆਂ ਅਹਿਮ ਮੰਗਾਂ ਤੋਂ ਜਾਣੂ ਕਰਵਾ ਕੇ ਇਨ੍ਹਾਂ ਦੇ ਹੱਲ ਲਈ ਮੰਗ-ਪੱਤਰ ਸੌਂਪਿਆ। ਨਾਲ ਹੀ ਮੰਡੀ ਦਾ ਸੂਏ ਵਾਲੇ ਪਾਸੇ ਸਾਲਾਂ ਤੋਂ ਬੰਦ ਪਿਆ ਗੇਟ ਕਿਸਾਨਾਂ ਤੇ ਆੜ੍ਹਤੀਆਂ ਦੀ ਸਹੂਲਤ ਲਈ ਮੁੜ ਖੋਲ੍ਹਣ ਦੀ ਮੰਗ ਕੀਤੀ। ਉਨ੍ਹਾਂ ਦੱਸਿਆ ਕਿ ਮੰਡੀ ਵਿੱਚੋਂ ਜਿਣਸ ਦੀ ਚੋਰੀ ਰੋਕਣ ਸਣੇ ਹੋਰ ਮਸਲਿਆਂ ਦੇ ਹੱਲ ਲਈ ਲੋੜੀਂਦੇ ਕਦਮ ਚੁੱਕੇ ਜਾ ਰਹੇ ਹਨ।

