ਕੁੱਤਿਆਂ ਦੀ ਨਸਬੰਦੀ ਦੇ ਕੰਮ ’ਚ ਬੇਨੇਮੀਆਂ ਦਾ ਖ਼ੁਲਾਸਾ
ਐੱਸ ਡੀ ਐੱਮ ਵੱਲੋਂ ਕੰਪਨੀ ਦਾ ਟੈਂਡਰ ਰੱਦ; ਰਿਕਵਰੀ ਦੇ ਹੁਕਮ ਦਿੱਤੇ
ਸ਼ਹਿਰ ਵਿਚ ਕੁੱਤਿਆਂ ਦੀ ਨਸਬੰਦੀ ਦਾ ਕੰਮ ਦੇਖਦੀ ਕੰਪਨੀ ਸ਼ਿਆਮ ਹੈਲਪਿੰਗ ਇਨਸਾਈਟ ਦੀ ਕਾਰਗੁਜ਼ਾਰੀ ਸਵਾਲਾਂ ਦੇ ਘੇਰੇ ’ਚ ਹੈ। ਕਈ ਖਾਮੀਆਂ ਸਾਹਮਣੇ ਆਉਣ ਮਗਰੋਂ ਐੱਸ ਡੀ ਐੱਮ ਸਵਾਤੀ ਟਿਵਾਣਾ ਨੇ ਕੁੱਤਿਆਂ ਦੀ ਨਸਬੰਦੀ ਦਾ ਟੈਂਡਰ ਰੱਦ ਕਰਦਿਆਂ ਕੰਪਨੀ ਤੋਂ ਰਿਕਵਰੀ ਦੇ ਹੁਕਮ ਦਿੱਤੇ ਹਨ। ਕੰਪਨੀ ਵੱਲੋਂ ਸਮਝੌਤੇ ਦੀਆਂ ਸ਼ਰਤਾਂ ਅਨੁਸਾਰ ਕੰਮ ਨਾ ਕਰਨ ਸਬੰਧੀ ਵਧੀਕ ਡਿਪਟੀ ਕਮਿਸ਼ਨਰ (ਸ਼ਹਿਰੀ ਵਿਕਾਸ) ਨੂੰ ਪੱਤਰ ਲਿਖਿਆ ਗਿਆ ਹੈ, ਜਿਸ ਵਿੱਚ ਨਗਰ ਕੌਂਸਲ ਨੇ ਸ਼ਿਆਮ ਹੈਲਪਿਗ ਇਨਸਾਈਟ ਨੂੰ ਵਰਕ ਆਰਡਰ ਨੰਬਰ 503 (13 ਅਗਸਤ 2025) ਰਾਹੀਂ ਕੁੱਤਿਆਂ ਦੀ ਨਸਬੰਦੀ ਦਾ ਕੰਮ ਅਲਾਟ ਕੀਤਾ ਸੀ ਪਰ ਕੰਪਨੀ ਵੱਲੋਂ ਨਗਰ ਕੌਂਸਲ ਖੰਨਾ ਨਾਲ ਕੀਤੇ ਸਮਝੌਤੇ ਦੀਆਂ ਸ਼ਰਤਾਂ ਦੀ ਪਾਲਣਾ ਨਹੀਂ ਕੀਤੀ।
ਦੱਸਣਯੋਗ ਹੈ ਕਿ ਸ਼ਹਿਰ ਵਿਚ ਕੁੱਤਿਆਂ ਦੀ ਲੰਮੇ ਸਮੇਂ ਤੋਂ ਦਹਿਸ਼ਤ ਹੈ, ਜਿਸ ਦਾ ਰੋਜ਼ਾਨਾ ਲੋਕਾਂ ਨੂੰ ਸਾਹਮਣਾ ਕਰਨਾ ਪੈਂਦਾ ਹੈ। ਹੁਣ ਮਾਮਲਾ ਸਾਹਮਣੇ ਆਇਆ ਕਿ ਕੰਪਨੀ ਵੱਲੋਂ ਆਪਣਾ ਕੰਮ ਠੀਕ ਢੰਗ ਨਾਲ ਨਹੀਂ ਕੀਤਾ ਜਾ ਰਿਹਾ। ਐੱਸ ਡੀ ਐੱਮ ਨੂੰ ਪਸ਼ੂ ਹਸਪਤਾਲ ਖੰਨਾ ਦੇ ਵੈਟਰਨਰੀ ਅਫ਼ਸਰ, ਜੋ ਇਸ ਕੰਮ ਦੇ ਨੋਡਲ ਅਫ਼ਸਰ ਹਨ, ਦੀ ਰਿਪੋਰਟ ਪ੍ਰਾਪਤ ਹੋਈ ਹੈ। ਉਨ੍ਹਾਂ ਨੇ ਪਿਛਲੇ ਸਾਲ 21 ਨਵੰਬਰ ਨੂੰ ਇਸ ਸੈਂਟਰ ਦਾ ਦੌਰਾ ਕੀਤਾ ਸੀ ਅਤੇ ਕੰਮ ਤਸੱਲੀਬਖ਼ਸ਼ ਨਾ ਹੋਣ ਕਾਰਨ ਕੰਪਨੀ ਨੂੰ ਇਸ ਸਬੰਧੀ ਪੱਤਰ ਵੀ ਭੇਜਿਆ ਸੀ, ਪਰ ਕੰਪਨੀ ਵੱਲੋਂ ਕਥਿਤ ਤੌਰ ’ਤੇ ਜਵਾਬ ਨਹੀਂ ਮਿਲਿਆ। ਰਿਪੋਰਟ ਮੁਤਾਬਕ, ਕੰਪਨੀ ਕੋਲ ਕੁੱਤਿਆਂ ਨੂੰ ਲਾਏ ਜਾਣ ਵਾਲੇ ਹਲਕਾਅ ਦੇ ਟੀਕੇ ਵੀ ਨਹੀਂ ਸਨ। ਕੁੱਤਿਆਂ ਨੂੰ ਅਪਰੇਸ਼ਨ ਤੋਂ ਪਹਿਲਾਂ ਅਤੇ ਬਾਅਦ ਵਿਚ ਦਿੱਤੀ ਜਾਣ ਵਾਲੀ ਦਵਾਈ ਦਾ ਵੀ ਕੋਈ ਰਿਕਾਰਡ ਨਹੀਂ ਸੀ ਅਤੇ ਨਾ ਹੀ ਬਾਇਓ ਮੈਡੀਕਲ ਵੇਸਟ ਸਬੰਧੀ ਜ਼ਰੂਰੀ ਹਦਾਇਤਾਂ ਦਾ ਪਾਲਣ ਕੀਤਾ ਜਾ ਰਿਹਾ ਸੀ।
ਐੱਸ ਡੀ ਐੱਮ ਅਨੁਸਾਰ ਕੰਪਨੀ ਦੀਆਂ ਕਈ ਖ਼ਾਮੀਆਂ ਦੇ ਮੱਦੇਨਜ਼ਰ ਸਮਝੌਤੇ ਦੀ ਸ਼ਰਤ 4.17 ਮੁਤਾਬਕ ਜੇ ਕੰਪਨੀ ਦੇ ਕੰਮ ਵਿਚ ਕੋਈ ਕਮੀ ਪਾਈ ਜਾਂਦੀ ਹੈ ਤਾਂ ਪ੍ਰਸ਼ਾਸਕ ਤੇ ਕਾਰਜ ਸਾਧਕ ਅਫ਼ਸਰ ਨਗਰ ਕੌਂਸਲ ਖੰਨਾ ਕੋਲ ਟੈਂਡਰ ਰੱਦ ਕਰਨ ਦੇ ਅਧਿਕਾਰ ਹਨ।
ਸੌਂਪਿਆ ਕੰਮ ਪੂਰਾ ਕੀਤਾ: ਕੰਪਨੀ
ਉਧਰ, ਸ਼ਿਆਮ ਹੈਲਪਿੰਗ ਇਨਸਾਈਟ ਕੰਪਨੀ ਦੇ ਮਾਲਕ ਮਹਿੰਦਰ ਗੁਜਰ ਨੇ ਦੱਸਿਆ ਕਿ ਟੈਂਡਰ ਅਨੁਸਾਰ ਉਨ੍ਹਾਂ ਨੂੰ ਖੰਨਾ ਸ਼ਹਿਰ ਵਿਚ ਲਗਪਗ 1400 ਆਵਾਰਾ ਕੁੱਤੇ ਕਾਬੂ ਕਰਨ ਲਈ ਕਿਹਾ ਗਿਆ ਸੀ ਜਦੋਂਕਿ 1402 ਕੁੱਤੇ ਕਾਬੂ ਕਰ ਕੇ ਟੈਂਡਰ ਪੂਰਾ ਕਰ ਲਿਆ ਹੈ। ਉਨ੍ਹਾਂ ਕਿਹਾ ਕਿ ਜੇ ਖੰਨਾ ਸ਼ਹਿਰ ਵਿਚ ਹੋਰ ਕੁੱਤਿਆਂ ਨੂੰ ਕਾਬੂ ਕਰਨਾ ਹੈ ਤਾਂ ਇਸ ਲਈ ਹੋਰ ਵੱਖਰਾ ਟੈਂਡਰ ਲਾਇਆ ਜਾਵੇ। ਕੰਪਨੀ ਕੰਮ ਕਰਨ ਲਈ ਤਿਆਰ ਹੈ।

