ਲੁਧਿਆਣਾ (ਗਗਨਦੀਪ ਅਰੋੜਾ): ਜ਼ਿਲ੍ਹਾ ਲੁਧਿਆਣਾ ਵਿਚ ਹੁਣ ਤੱਕ 50 ਲੱਖ ਰੁਪਏ ਤੋਂ ਵਧੇਰੇ ਜੁਰਮਾਨਾ ਰਾਸ਼ੀ ਦੇ ਚਲਾਨ ਕੱਟੇ ਜਾ ਚੁੱਕੇ ਹਨ। 2 ਜੂਨ ਨੂੰ ਇਕੋ ਦਿਨ 15,18,800 ਰੁਪਏ ਦੇ ਚਲਾਨ ਕੱਟੇ ਗਏ।ਡਿਪਟੀ ਕਮਿਸ਼ਨਰ ਪ੍ਰਦੀਪ ਕੁਮਾਰ ਅਗਰਵਾਲ ਨੇ ਦੱਸਿਆ ਕਿ ਬੀਤੇ ਦਿਨੀਂ ਮਾਸਕ ਨਾ ਪਹਿਨਣ ’ਤੇ 5,563 ਚਲਾਨ ਕਰ ਕੇ 12,95,300 ਰੁਪਏ ਦੇ ਜੁਰਮਾਨੇ ਕੀਤੇ ਗਏ। ਇਸੇ ਤਰ੍ਹਾਂ ਜਨਤਕ ਥਾਵਾਂ ’ਤੇ ਥੁੱਕਣ ਦੇ ਦੋਸ਼ ਹੇਠ 2,171 ਚਲਾਨ ਕਰ ਕੇ 2,22,500 ਰੁਪਏ ਦੇ ਜੁਰਮਾਨੇ ਕੀਤੇ ਗਏ। ਦੋ ਵਿਅਕਤੀ ਇਕਾਂਤਵਾਸ ਦੀ ਉਲੰਘਣਾ ਕਰਨ ਦੇ ਦੋਸ਼ੀ ਵੀ ਪਾਏ ਗਏ, ਜਿਨ੍ਹਾਂ ਨੂੰ 1000 ਰੁਪਏ ਜੁਰਮਾਨਾ ਕੀਤਾ ਗਿਆ। ਡਿਪਟੀ ਕਮਿਸ਼ਨਰ ਨੇ ਸਪੱਸ਼ਟ ਕੀਤਾ ਕਿ ਜ਼ਰੂਰੀ ਵਸਤਾਂ ਲੈਣ ਲਈ ਜੇ ਕੋਈ ਵਿਅਕਤੀ ਆਪਣੇ ਘਰ ਤੋਂ ਬਿਨਾਂ ਮਾਸਕ ਪਹਿਨੇ ਬਾਹਰ ਨਿਕਲਿਆ ਤਾਂ ਉਸ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਇਹ ਚਲਾਨ ਉਪ ਮੰਡਲ ਮੈਜਿਸਟ੍ਰੇਟ, ਤਹਿਸੀਲਦਾਰ, ਨਾਇਬ ਤਹਿਸੀਲਦਾਰ, ਸਬ- ਰਜਿਸਟਰਾਰ, ਪੁਲੀਸ ਅਧਿਕਾਰੀ ਜਾਂ ਗਜ਼ਟਿਡ ਅਧਿਕਾਰੀਆਂ ਵੱਲੋਂ ਕੱਟੇ ਜਾ ਸਕਦੇ ਹਨ।