ਜ਼ਿਲ੍ਹੇ ਵਿੱਚੋਂ ਤਿੰਨ ਜਨਰਲ ਸਕੱਤਰ ਬਣਾਉਣ ’ਤੇ BJP ਵਿੱਚ ਅੰਦਰਖਾਤੇ ਵਿਰੋਧ
ਪੰਜ ਸੂਬਾੲੀ ਜਨਰਲ ਸਕੱਤਰਾਂ ਵਿੱਚੋਂ ਤਿੰਨ ਲੁਧਿਆਣਾ ਤੋਂ
ਭਾਜਪਾ ਦੀ ਨਵੀਂ ਸੂਬਾ ਕਮੇਟੀ ਦੀ ਸੂਚੀ ਜਾਰੀ ਹੋਣ ਮਗਰੋਂ ਪਾਰਟੀ ਅੰਦਰ ਸਿਆਸੀ ਘਮਾਸਾਨ ਸ਼ੁਰੂ ਹੋ ਗਿਆ ਹੈ। ਵਰਕਰਾਂ ਅਤੇ ਟਕਸਾਲੀ ਆਗੂਆਂ ਨੇ ਸੂਬਾ ਕਮੇਟੀ ਵਿੱਚ ਬਣਾਏ ਗਏ ਜਨਰਲ ਸਕੱਤਰਾਂ ਦੀ ਚੋਣ ’ਤੇ ਸਵਾਲ ਖੜ੍ਹੇ ਕੀਤੇ ਹਨ। ਵਿਰੋਧ ਦਾ ਮੁੱਖ ਕਾਰਨ ਇਹ ਹੈ ਕਿ ਪਾਰਟੀ ਵੱਲੋਂ ਬਣਾਏ ਕੁੱਲ ਪੰਜ ਜਨਰਲ ਸਕੱਤਰਾਂ ਵਿੱਚੋਂ ਤਿੰਨ ਇਕੱਲੇ ਲੁਧਿਆਣਾ ਜ਼ਿਲ੍ਹੇ ਨਾਲ ਸਬੰਧਤ ਹਨ, ਜਦਕਿ ਸੂਬਾ ਕਮੇਟੀ ਵਿੱਚ ਸਮੁੱਚੇ ਪੰਜਾਬ ਦੇ 23 ਜ਼ਿਲ੍ਹਿਆਂ ਦੀ ਬਰਾਬਰ ਦੀ ਭਾਗੀਦਾਰੀ ਹੋਣੀ ਚਾਹੀਦੀ ਹੈ।
ਨਵੀਂ ਸੂਚੀ ਤਹਿਤ ਸੀਨੀਅਰ ਆਗੂ ਅਨਿਲ ਸਰੀਨ ਅਤੇ ਸਾਬਕਾ ਜ਼ਿਲ੍ਹਾ ਪ੍ਰਧਾਨ ਰਜਨੀਸ਼ ਧੀਮਾਨ ਨੂੰ ਜਨਰਲ ਸਕੱਤਰ ਬਣਾਇਆ ਗਿਆ ਹੈ। ਇਸ ਤੋਂ ਇਲਾਵਾ ਪਰਮਿੰਦਰ ਬਰਾੜ ਨੂੰ ਵੀ ਇਸ ਅਹੁਦੇ ’ਤੇ ਨਿਯੁਕਤ ਕੀਤਾ ਗਿਆ ਹੈ, ਜਿਨ੍ਹਾਂ ਦਾ ਜ਼ਿਲ੍ਹਾ ਸੂਚੀ ਵਿੱਚ ਮੁਹਾਲੀ ਦਰਸਾਇਆ ਗਿਆ ਹੈ, ਪਰ ਪਾਰਟੀ ਹਲਕਿਆਂ ਵਿੱਚ ਉਨ੍ਹਾਂ ਨੂੰ ਲੁਧਿਆਣਾ ਦਾ ਹੀ ਵਾਸੀ ਮੰਨਿਆ ਜਾਂਦਾ ਹੈ ਅਤੇ ਉਹ ਇੱਥੋਂ ਹੀ ਚੋਣ ਲੜਨ ਦੇ ਚਾਹਵਾਨ ਹਨ। ਭਾਜਪਾ ਦੇ ਸਾਬਕਾ ਜ਼ਿਲ੍ਹਾ ਪ੍ਰਧਾਨ ਡਾ. ਸੁਭਾਸ਼ ਵਰਮਾ ਨੇ ਇਸ ਫ਼ੈਸਲੇ ਦਾ ਖੁੱਲ੍ਹ ਕੇ ਵਿਰੋਧ ਕਰਦਿਆਂ ਕਿਹਾ ਕਿ ਪਾਰਟੀ ਦੇ ਇਤਿਹਾਸ ਵਿੱਚ ਪਹਿਲੀ ਵਾਰ ਹੋਇਆ ਹੈ ਕਿ ਇੱਕੋ ਜ਼ਿਲ੍ਹੇ ਵਿੱਚੋਂ ਇੱਕੋ ਜਿਹੇ ਅਹੁਦੇ ਲਈ ਤਿੰਨ-ਤਿੰਨ ਆਗੂ ਚੁਣੇ ਗਏ ਹੋਣ, ਜੋ ਕਿ ਪਾਰਟੀ ਦੇ ਸੰਵਿਧਾਨ ਦੇ ਵੀ ਉਲਟ ਹੈ। ਸੂਤਰਾਂ ਅਨੁਸਾਰ ਸੂਬਾ ਪ੍ਰਧਾਨ ਅਤੇ ਸੰਗਠਨ ਮੰਤਰੀ ਵਿਚਕਾਰ ਦੂਰੀਆਂ ਦੀਆਂ ਚਰਚਾਵਾਂ ਦਰਮਿਆਨ ਇਹ ਨਵੀਂ ਕਮੇਟੀ ਪਾਰਟੀ ਅੰਦਰ ਵੱਡਾ ਵਿਵਾਦ ਖੜ੍ਹਾ ਕਰ ਰਹੀ ਹੈ, ਜਿਸ ਕਾਰਨ ਟਕਸਾਲੀ ਆਗੂਆਂ ਵਿੱਚ ਭਾਰੀ ਨਾਰਾਜ਼ਗੀ ਦੇਖਣ ਨੂੰ ਮਿਲ ਰਹੀ ਹੈ।

