ਬੀਮਾ ਰਾਸ਼ੀ ਦਾ ਚੈੱਕ ਮ੍ਰਿਤਕ ਦੇ ਪੁੱਤਰ ਨੂੰ ਸੌਂਪਿਆ
ਪੱਤਰ ਪ੍ਰੇਰਕ
ਗੁਰੂਸਰ ਸੁਧਾਰ, 30 ਮਈ
ਜਨਤਕ ਖੇਤਰ ਦੀ ਪ੍ਰਮੁੱਖ ਭਾਰਤੀ ਸਟੇਟ ਬੈਂਕ ਦੀ ਸਥਾਨਕ ਸ਼ਾਖਾ ਵਿੱਚ ਕਰਵਾਏ ਸਾਦਾ ਅਤੇ ਪ੍ਰਭਾਵਸ਼ਾਲੀ ਸਮਾਗਮ ਦੌਰਾਨ ਪ੍ਰਧਾਨ ਮੰਤਰੀ ਜੀਵਨ ਜੋਤੀ ਬੀਮਾ ਯੋਜਨਾ ਅਧੀਨ ਦੋ ਲੱਖ ਰੁਪਏ ਦਾ ਚੈੱਕ ਪਿੰਡ ਰੱਤੋਵਾਲ ਵਾਸੀ ਮ੍ਰਿਤਕ ਕੁਲਵਿੰਦਰ ਕੌਰ ਦੇ ਪੁੱਤਰ ਅਵਨੀਤ ਸਿੰਘ ਨੂੰ ਸੌਂਪਿਆ ਗਿਆ। ਬਰਾਂਚ ਪ੍ਰਬੰਧਕ ਸੁਭਾਸ਼ ਚੰਦਰ ਅਨੁਸਾਰ ਕੰਟਰੋਲਰ ਰਾਕੇਸ਼ ਚੌਧਰੀ ਦੇ ਨਿਰਦੇਸ਼ ਅਨੁਸਾਰ ਦੋ ਹਫ਼ਤੇ ਅੰਦਰ ਮ੍ਰਿਤਕ ਕੁਲਵਿੰਦਰ ਕੌਰ ਦੇ ਪੁੱਤਰ ਅਵਨੀਤ ਸਿੰਘ ਦੇ ਖਾਤੇ ਵਿੱਚ ਬੀਮਾ ਰਾਸ਼ੀ ਜਮ੍ਹਾਂ ਕਰਵਾ ਦਿੱਤੀ ਗਈ ਹੈ। ਬੈਂਕ ਦੇ ਖੇਤਰੀ ਦਫ਼ਤਰ ਦੀ ਪ੍ਰਤੀਨਿਧ ਮੰਜੂ ਵਰਮਾ ਨੇ ਸਮਾਗਮ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਇਹ ਯੋਜਨਾ ਆਮ ਨਾਗਰਿਕ ਲਈ ਮਜ਼ਬੂਤ ਵਿੱਤੀ ਸੁਰੱਖਿਆ ਢਾਲ ਹੈ।
ਬੈਂਕ ਅਧਿਕਾਰੀ ਮੰਜੂ ਵਰਮਾ ਨੇ ਕਿਹਾ ਕਿ ਪ੍ਰਧਾਨ ਮੰਤਰੀ ਜੀਵਨ ਜੋਤੀ ਬੀਮਾ ਯੋਜਨਾ ਤਹਿਤ ਕੇਵਲ 436 ਰੁਪਏ ਦੇ ਮਾਮੂਲੀ ਸਾਲਾਨਾ ਪ੍ਰੀਮੀਅਮ ਨਾਲ ਕੁਦਰਤੀ ਮੌਤ ਹੋਣ 'ਤੇ ਵੀ 2 ਲੱਖ ਰੁਪਏ ਦੀ ਜੀਵਨ ਬੀਮਾ ਸੁਰੱਖਿਆ ਮਿਲਦੀ ਹੈ। ਉਨ੍ਹਾਂ ਕਿਹਾ ਕਿ ਇਸ ਯੋਜਨਾ ਦਾ ਲਾਭ 18 ਤੋਂ 50 ਸਾਲ ਦੀ ਉਮਰ ਦੇ ਬੱਚਤ ਖਾਤਾ ਧਾਰਕਾਂ ਨੂੰ ਮਿਲਦਾ ਹੈ, ਜਿਹੜੇ ਯੋਜਨਾ ਵਿੱਚ ਸ਼ਾਮਲ ਹੋਣ ਲਈ ਸਹਿਮਤੀ ਦਿੰਦੇ ਹਨ। ਸਮਾਗਮ ਦੌਰਾਨ ਪ੍ਰਚਾਰ ਸਮਗਰੀ ਵੀ ਵੰਡੀ ਗਈ। ਸ਼ਾਖਾ ਪ੍ਰਬੰਧਕ ਸੁਭਾਸ਼ ਚੰਦਰ, ਸੇਵਾ ਪ੍ਰਬੰਧਕ ਅੰਨੂ ਕੁਮਾਰੀ, ਖ਼ਜ਼ਾਨਚੀ ਮਨਜੀਤ ਸਿੰਘ ਸਮੇਤ ਹੋਰ ਕਰਮਚਾਰੀ ਅਤੇ ਗਾਹਕ ਮੌਜੂਦ ਸਨ।