ਟ੍ਰਿਬਿਊਨ ਨਿਊਜ਼ ਸਰਵਿਸ
ਲੁਧਿਆਣਾ, 21 ਜਨਵਰੀ
ਵਿਧਾਨ ਸਭਾ ਚੋਣਾਂ ਨੂੰ ਮੁੱਖ ਰੱਖਦੇ ਹੋਏ ਭਾਰਤੀ ਚੋਣ ਕਮਿਸ਼ਨ ਦੀਆਂ ਹਦਾਇਤਾਂ ਤਹਿਤ ਨੋਡਲ ਅਫ਼ਸਰ ਸਵੀਪ ਡਾ. ਨਯਨ ਜੱਸਲ ਵੱਲੋਂ ਸਥਾਨਕ ਬੱਚਤ ਭਵਨ ਵਿਖੇ ਮੀਟਿੰਗ ਕੀਤੀ ਗਈ ਜਿਸ ਵਿੱਚ ਉਨ੍ਹਾਂ 20 ਫਰਵਰੀ ਚੋਣਾਂ ਵਾਲੇ ਦਿਨ ਪੀਡਬਲਿਊਡੀ (ਅੰਗਹੀਣ) ਵੋਟਰਾਂ ਲਈ ਸਮੂਹ ਪੋਲਿੰਗ ਸਟੇਸ਼ਨਾਂ ’ਤੇ ਵ੍ਹੀਲਚੇਅਰ ਮੁਹੱਈਆ ਕਰਵਾਉਣ ਦੇ ਨਿਰਦੇਸ਼ ਜਾਰੀ ਕੀਤੇ ਤਾਂ ਕਿ ਕਿਸੇ ਵੀ ਪੋਲਿੰਗ ਸਟੇਸ਼ਨ ’ਤੇ ਪੀ.ਡਬਲਿਊ.ਡੀ. ਵੋਟਰਾਂ ਨੂੰ ਵੋਟ ਪਾਉਣ ਸਮੇਂਂ ਕੋਈ ਦਿੱਕਤ ਪੇਸ਼ ਨਾ ਆਵੇ।
ਮੀਟਿੰਗ ਦੌਰਾਨ ਉਨ੍ਹਾਂ ਲੁਧਿਆਣਾ ਜ਼ਿਲ੍ਹੇ ਦੇ ਸਮੂਹ ਹਸਪਤਾਲਾਂ ਤੇ ਐਨਜੀਓ ਦੇ ਨੁਮਾਇੰਦਿਆਂ, ਜ਼ਿਲ੍ਹਾ ਵਿਕਾਸ ਅਤੇ ਪੰਚਾਇਤ ਅਫ਼ਸਰ ਲੁਧਿਆਣਾ, ਜ਼ਿਲ੍ਹਾ ਸਮਾਜਿਕ ਸੁਰੱਖਿਆ ਅਤੇ ਬਾਲ ਵਿਕਾਸ ਅਫ਼ਸਰ ਅਤੇ ਸਿਵਲ ਸਰਜਨ ਲੁਧਿਆਣਾ ਡਾ. ਐਸ.ਪੀ. ਸਿੰਘ ਨਾਲ ਵਿਚਾਰ ਵਟਾਂਦਰਾ ਕੀਤਾ। ਉਨ੍ਹਾਂ ਕਿਹਾ ਕਿ ਭਾਰਤੀ ਚੋਣ ਕਮਿਸ਼ਨ ਦੀਆਂ ਹਦਾਇਤਾਂ ਤਹਿਤ ਇਹ ਯਕੀਨੀ ਬਣਾਇਆ ਜਾਵੇ ਕਿ ਸਾਰੇ ਪੋਲਿੰਗ ਸਟੇਸ਼ਨਾਂ ’ਤੇ ਵ੍ਹੀਲਚੇਅਰ, ਪੀ.ਡਬਲਿਊ.ਡੀ. ਵੋਟਰਾਂ ਦੀ ਸਹਾਇਤਾ ਲਈ ਹਰ ਪੋਲਿੰਗ ਸਟੇਸ਼ਨ ’ਤੇ ਬੂਥ ਵਾਲੰਟੀਅਰਾਂ ਦੀ ਡਿਊਟੀ, ਸਾਰੇ ਪੋਲਿੰਗ ਸਟੇਸ਼ਨਾਂ ’ਤੇ ਬਰੇਲ ਬੈਲਟ ਸ਼ੀਟ, ਹੈਲਪ ਡੈਸਕ, ਸਮਝਣ ਵਿਚ ਆਸਾਨ (ਚਿੱਤਰ ਵਾਲੇ) ਪੋਸਟਰ, ਸੰਕੇਤ ਅਤੇ ਤਰਜੀਹੀ ਕਤਾਰ ਦੀਆਂ ਸਹੂਲਤਾਂ ਦਾ ਪ੍ਰਬੰਧ ਕੀਤਾ ਜਾਵੇ।
ਡਾ. ਜੱਸਲ ਨੇ ਕਿਹਾ ਕਿ ਵੋਟਾਂ ਵਾਲੇ ਦਿਨ ਪੀ.ਡਬਲਿਊ.ਡੀ. ਵੋਟਰਾਂ ਨੂੰ ਘਰ ਤੋਂ ਪੋਲਿੰਗ ਸਟੇਸ਼ਨ ਤੱਕ ਲੈ ਕੇ ਜਾਣ ਅਤੇ ਵਾਪਸ ਲਿਜਾਉਣ ਲਈ ਵਾਹਨਾਂ ਦਾ ਪ੍ਰਬੰਧ ਕੀਤਾ ਜਾਵੇ। ਇਸ ਤੋਂ ਇਲਾਵਾ ਪੋਲਿੰਗ ਸਟੇਸ਼ਨਾਂ ’ਤੇ ਪੀਣ ਵਾਲੇ ਪਾਣੀ, ਟਾਇਲਟ ਅਤੇ ਰੈਂਪ ਦੀ ਸੁਵਿਧਾ ਵੀ ਮੁਹੱਈਆ ਕਰਵਾਈ ਜਾਵੇ।