ਡਰਾਈ ਡੇਅ ਤਹਿਤ ਜ਼ਿਲ੍ਹੇ ਭਰ ’ਚ ਲਾਰਵੇ ਦਾ ਜਾਂਚ
ਕੁਲਵਿੰਦਰ ਸਿੰਘ ਗਿੱਲ
ਅਹਿਮਦਗੜ੍ਹ 27 ਜੂਨ
ਸਿਵਲ ਸਰਜਨ ਮਾਲੇਰਕੋਟਲਾ ਡਾ. ਸੰਜੇ ਗੋਇਲ ਦੀ ਅਗਵਾਈ ਹੇਠ ਸਿਹਤ ਵਿਭਾਗ ਦੀ ਟੀਮ ਨੇ ਅੱਜ ਜ਼ਿਲ੍ਹੇ ਵਿੱਚ ਡੇਂਗੂ ਤੋਂ ਬਚਾਅ ਲਈ ਫਰਾਈ ਡੇਅ-ਡਰਾਈ ਡੇਅ ਮੁਹਿੰਮ ਤਹਿਤ ਵੱਡੇ ਪੱਧਰ ’ਤੇ ਕਸਬਿਆਂ ਅਤੇ ਪਿੰਡਾਂ ਦੀ ਜਾਂਚ ਕੀਤੀ। ਜ਼ਿਲ੍ਹਾ ਐਪੀਡੀਮਾਲੋਜਿਸਟ ਡਾ. ਰਮਨਦੀਪ ਕੌਰ ਨੇ ਦੱਸਿਆ ਕਿ ਇਸ ਮੁਹਿੰਮ ਤਹਿਤ ਸਿਹਤ ਵਿਭਾਗ ਦੀਆਂ 85 ਟੀਮਾਂ ਵੱਲੋਂ ਉਹਨਾਂ ਥਾਵਾਂ ਦੀ ਵਿਸ਼ੇਸ਼ ਤੌਰ ’ਤੇ ਚੈਕਿੰਗ ਕੀਤੀ ਗਈ ਜਿੱਥੇ ਲਾਰਵਾ ਮਿਲਣ ਦੀ ਸੰਭਾਵਨਾ ਵਧੇਰੇ ਸੀ। ਇਸ ਮੌਕੇ ਫ਼ੀਲਡ ਮਲਟੀਪਰਪਜ ਟੀਮਾਂ ਵੱਲੋਂ ਜਿਲ੍ਹੇ ਦੇ 3349 ਘਰਾਂ ਤੱਕ ਪੁਹੰਚ ਕੀਤੀ ਗਈ ਅਤੇ 7200 ਦੇ ਕਰੀਬ ਕੰਟੇਨਰ ਚੈੱਕ ਕੀਤੇ ਗਏ।
ਚੈਕਿੰਗ ਦੌਰਾਨ 18 ਥਾਵਾਂ ਤੋਂ ਲਾਰਵਾ ਮਿਲਿਆ ਜਿਸਨੂੰ ਤੁਰੰਤ ਨਸ਼ਟ ਕਰਵਾਇਆ ਗਿਆ। ਇਸ ਮੌਕੇ ਸਿਵਲ ਸਰਜਨ ਡਾ. ਸੰਜੇ ਗੋਇਲ ਨੇ ਕਿਹਾ ਕਿ ਜਿਹਨਾਂ ਘਰਾਂ ਤੋਂ ਲਾਰਵਾ ਮਿਲਿਆ ਹੈ ਉਹਨਾਂ ਨੂੰ ਚਿਤਾਵਨੀ ਨੋਟਿਸ ਜਾਰੀ ਕੀਤੇ ਗਏ ਹਨ। ਉਹਨਾਂ ਦੱਸਿਆ ਕਿ ਡੇਂਗੂ ਦੀ ਰੋਕਥਾਮ ਲਈ ਜਿਲ੍ਹਾ ਸਿਹਤ ਵਿਭਾਗ ਪੂਰੀ ਤਰ੍ਹਾਂ ਸਰਗਰਮ ਹੈ ਅਤੇ ਜਿਲ੍ਹੇ ਵਿੱਚ ਵਿਸ਼ੇਸ਼ ਟੀਮਾਂ ਬਣਾਈਆਂ ਗਈਆਂ ਹਨ ਜੋ ਵੱਖ- ਵੱਖ ਇਲਾਕਿਆਂ ਵਿੱਚ ਘਰਾਂ ਵਿੱਚ ਜਾ ਕੇ ਅਤੇ ਵਿਭਾਗ ਵੱਲੋਂ ਦਰਸਾਈਆਂ ਵਿਸ਼ੇਸ਼ ਥਾਵਾਂ ਤੇ ਜਾ ਕੇ ਲਾਰਵੇ ਦੀ ਜਾਂਚ ਕਰ ਰਹੀਆਂ ਹਨ ਇਸ ਮੌਕੇ ਰਣਵੀਰ ਸਿੰਘ ਢੰਡੇ, ਇੰਚਾਰਜ ਰਾਜੇਸ਼ ਰਿਖੀ, ਮੁਹੰਮਦ ਰਾਸ਼ਿਦ ਸਮੇਤ ਸਿਹਤ ਵਿਭਾਗ ਦੀਆਂ ਟੀਮਾਂ ਹਾਜ਼ਰ ਸਨ।