Mission Clean Punjab: ਸ਼ਹਿਰ ਦੇ ਸਫ਼ਾਈ ਪ੍ਰਬੰਧਾਂ ਦਾ ਨਿਰੀਖਣ
ਨਿਗਮ ਕਮਿਸ਼ਨਰ ਨੇ ਇਲਾਕਾ ਵਾਸੀਆਂ ਦੀਆਂ ਸਮੱਸਿਆਵਾਂ ਸੁਣੀਆਂ
‘ਮਿਸ਼ਨ ਕਲੀਨ ਪੰਜਾਬ’ ਤਹਿਤ ਸ਼ਹਿਰ ਦੀ ਸਫ਼ਾਈ ਵਿਵਸਥਾ ਨੂੰ ਹੋਰ ਸੁਧਾਰਨ ਲਈ ਨਗਰ ਨਿਗਮ ਦੇ ਕਮਿਸ਼ਨਰ ਓਜਸਵੀ ਅਲੰਕਾਰ ਨੇ ਅੱਜ ਵੱਖ-ਵੱਖ ਸ਼ਹਿਰੀ ਇਲਾਕਿਆਂ ਦਾ ਅਚਨਚੇਤ ਨਿਰੀਖਣ ਕੀਤਾ। ਇਸ ਦੌਰਾਨ ਕਮਿਸ਼ਨਰ ਖ਼ੁਦ ਜ਼ਮੀਨੀ ਪੱਧਰ ’ਤੇ ਸਥਿਤੀ ਦਾ ਜਾਇਜ਼ਾ ਲੈਣ ਅਤੇ ਨਿਗਮ ਦੀਆਂ ਸੇਵਾਵਾਂ ਨੂੰ ਬਿਹਤਰ ਬਣਾਉਣ ਲਈ ਫੀਲਡ ਵਿੱਚ ਉੱਤਰੇ ਅਤੇ ਸ਼ਹਿਰ ਵਾਸੀਆਂ ਨਾਲ ਸਿੱਧੀ ਗੱਲਬਾਤ ਕਰਕੇ ਫੀਡਬੈਕ ਲਿਆ। ਨਿਗਮ ਕਮਿਸ਼ਨਰ ਨੇ ਸ਼ਹਿਰ ਦੇ ਪੁਰਾਣੇ ਅਤੇ ਰੇਲਵੇ ਲਾਈਨਾਂ ਦੇ ਆਲੇ-ਦੁਆਲੇ ਦੇ ਪ੍ਰਮੁੱਖ ਇਲਾਕਿਆਂ ਜਿਵੇਂ ਆਰ ਕੇ ਰੋਡ, ਸ਼ੇਰਪੁਰ ਪਿੰਡ, ਜਮਾਲਪੁਰ ਕਲੋਨੀ, ਮੈਟਰੋ ਰੋਡ ਅਤੇ ਚੀਮਾ ਚੌਕ ਸਮੇਤ ਕਈ ਹਿੱਸਿਆਂ ਦਾ ਦੌਰਾ ਕੀਤਾ। ਉਨ੍ਹਾਂ ਅੰਦਰੂਨੀ ਗਲੀਆਂ ਵਿੱਚ ਜਾ ਕੇ ਵਸਨੀਕਾਂ ਨੂੰ ਦਰਪੇਸ਼ ਮੁਸ਼ਕਲਾਂ ਸੁਣੀਆਂ। ਕਮਿਸ਼ਨਰ ਨੇ ਸਪੱਸ਼ਟ ਕੀਤਾ ਕਿ ਨਗਰ ਨਿਗਮ ਦੇ ਸਮੂਹ ਅਧਿਕਾਰੀਆਂ ਨੂੰ ਪਹਿਲਾਂ ਹੀ ਸਖ਼ਤ ਆਦੇਸ਼ ਦਿੱਤੇ ਗਏ ਹਨ ਕਿ ਸ਼ਹਿਰ ਦੀ ਸਫ਼ਾਈ ਅਤੇ ਕੂੜਾ ਪ੍ਰਬੰਧਨ ਦੇ ਮਾਮਲੇ ਵਿੱਚ ਕਿਸੇ ਵੀ ਪੱਧਰ ’ਤੇ ਕੋਈ ਢਿੱਲ-ਮੱਠ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਜ਼ਮੀਨੀ ਹਕੀਕਤ ਨੂੰ ਜਾਣਨ ਅਤੇ ਨਾਗਰਿਕਾਂ ਦੀਆਂ ਸਹੂਲਤਾਂ ਵਿੱਚ ਵਾਧਾ ਕਰਨ ਲਈ ਅਜਿਹੇ ਨਿਰੀਖਣ ਅਤੇ ਜਨਤਕ ਤਾਲਮੇਲ ਬਹੁਤ ਜ਼ਰੂਰੀ ਹਨ। ਸਮੂਹ ਜ਼ੋਨਲ ਕਮਿਸ਼ਨਰਾਂ ਅਤੇ ਸਿਹਤ ਸ਼ਾਖਾ ਦੇ ਅਧਿਕਾਰੀਆਂ ਨੂੰ ਰੋਜ਼ਾਨਾ ਫੀਲਡ ਵਿੱਚ ਚੈਕਿੰਗ ਕਰਨ ਦੀ ਹਦਾਇਤ ਕੀਤੀ ਗਈ ਹੈ। ਨਿਗਮ ਕਮਿਸ਼ਨਰ ਓਜਸਵੀ ਅਲੰਕਾਰ ਨੇ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਖੁੱਲ੍ਹੇ ਸਥਾਨਾਂ ਜਾਂ ਖਾਲੀ ਪਲਾਟਾਂ ਵਿੱਚ ਕੂੜਾ ਨਾ ਸੁੱਟ ਕੇ ਸ਼ਹਿਰ ਨੂੰ ਸਾਫ਼-ਸੁਥਰਾ ਰੱਖਣ ਵਿੱਚ ਨਿਗਮ ਦਾ ਸਹਿਯੋਗ ਦੇਣ।
