ਨਿੱਜੀ ਪੱਤਰ ਪ੍ਰੇਰਕ
ਖੰਨਾ, 26 ਸਤੰਬਰ
ਮੁਕਤਸਰ ਬਾਰ ਐਸੋਸੀਏਸ਼ਨ ਦੇ ਮੈਂਬਰ ਨਾਲ ਕੀਤੀ ਪੁਲੀਸ ਕਾਰਵਾਈ ਵਿਰੁੱਧ ਪੰਜਾਬ ਐਂਡ ਹਰਿਆਣਾ ਬਾਰ ਕੌਂਸਲ ਵੱਲੋਂ ਸੂਬੇ ਦੀਆਂ ਸਾਰੀਆਂ ਬਾਰ ਐਸੋਸ਼ੀਏਸ਼ਨਾਂ ਨੇ ਅੱਜ ਤੋਂ ਅਣਮਿੱਥੇ ਸਮੇਂ ਲਈ ਅਦਾਲਤਾਂ ਵਿਚ ਕੰਮ ਬੰਦ ਕਰਨ ਦਾ ਸੱਦਾ ਦਿੱਤਾ। ਇਸ ਮੌਕੇ ਖੰਨਾ ਬਾਰ ਐਸੋਸੀਏਸ਼ਨ ਦੇ ਪ੍ਰਧਾਨ ਸੁਮਿਤ ਲੂਥਰਾ ਨੇ ਕਿਹਾ ਕਿ ਬਾਰ ਕੌਂਸਲ ਦੇ ਨਿਰਦੇਸ਼ਾਂ ਦੀ ਪਾਲਣਾ ਕਰਦੇ ਹੋਏ ਉਦੋਂ ਤੱਕ ਕੰਮ ਬੰਦ ਰੱਖਿਆ ਜਾਵੇਗਾ ਜਦੋਂ ਤੱਕ ਸੂਬਾ ਸਰਕਾਰ ਮੁਕਤਸਰ ਮਾਮਲੇ ਵਿਚ ਸੂਬੇ ਦੇ ਬਾਹਰ ਦੀ ਕਿਸੇ ਅਜ਼ਾਦ ਏਜੰਸੀ ਤੋਂ ਜਾਂਚ ਦਾ ਹੁਕਮ ਨਹੀਂ ਦਿੰਦੀ। ਉਨ੍ਹਾਂ ਵਕੀਲ ਵਿਰੁੱਧ ਦਰਜ ਕੀਤੀ ਗਈ ਗੈਰ ਕਾਨੂੰਨੀ ਐਫਆਈਆਰ ਰੱਦ ਕਰਨ ਅਤੇ ਮੁਕਤਸਰ ਦੇ ਐਸਐਸਪੀ ਨੂੰ ਤੁਰੰਤ ਮੁਅੱਤਲ ਕਰਨ ਦੀ ਮੰਗ ਕੀਤੀ।