ਨਵੇਂ ਸਾਲ ਵਿੱਚ ਲੁਧਿਆਣਵੀ ਧੁੱਪ ਨੂੰ ਤਰਸੇ

ਨਵੇਂ ਸਾਲ ਵਿੱਚ ਲੁਧਿਆਣਵੀ ਧੁੱਪ ਨੂੰ ਤਰਸੇ

ਲੁਧਿਆਣਾ ’ਚ ਪਈ ਸੰਘਣੀ ਧੁੰਦ ਵਿੱਚ ਬੱਤੀਆਂ ਜਗਾ ਕੇ ਲੰਘਦੇ ਹੋਏ ਵਾਹਨ। -ਫੋਟੋ: ਹਿਮਾਂਸ਼ੂ

ਸਤਵਿੰਦਰ ਬਸਰਾ

ਲੁਧਿਆਣਾ, 15 ਜਨਵਰੀ

ਨਵੇਂ ਸਾਲ ਦੇ ਅੱਜ 15ਵੇਂ ਦਿਨ ਵੀ ਸਨਅਤੀ ਸ਼ਹਿਰ ਧੁੰਦ ਦੀ ਚਿੱਟੀ ਚਾਦਰ ਵਿੱਚ ਢੱਕਿਆ ਰਿਹਾ। ਮੌਸਮ ਮਾਹਿਰਾਂ ਅਨੁਸਾਰ ਦਿਨ ਦਾ ਤਾਪਮਾਨ ਔਸਤਨ ਨਾਲੋਂ 6-7 ਡਿਗਰੀ ਸੈਲਸੀਅਸ ਘੱਟ ਚੱਲ ਰਿਹਾ ਹੈ। ਲੁਧਿਆਣਵੀਆਂ ਨੂੰ ਆਉਂਦੇ 2-3 ਦਿਨ ਹੋਰ ਅਜਿਹੇ ਹਾਲਾਤਾਂ ਨਾਲ ਸਾਹਮਣਾ ਕਰਨਾ ਪੈ ਸਕਦਾ ਹੈ।

ਨਵਾਂ ਸਾਲ ਚੜ੍ਹੇ ਨੂੰ ਅੱਜ 15 ਦਿਨ ਬੀਤੇ ਗਏ ਪਰ ਹਰ ਰੋਜ਼ ਪੈਂਦੀ ਸੰਘਣੀ ਧੁੰਦ ਕਾਰਨ ਲੁਧਿਆਣਵੀਆਂ ਨੂੰ ਹਾਲਾਂ ਤੱਕ ਇਸ ਸਾਲ ਸੂਰਜ ਦੇ ਚੰਗੀ ਤਰ੍ਹਾਂ ਦਰਸ਼ਨ ਨਹੀਂ ਹੋ ਸਕੇ। ਸ਼ਹਿਰ ਅਤੇ ਆਸ-ਪਾਸ ਇਲਾਕਿਆਂ ਵਿੱਚ ਸ਼ੁੱਕਰਵਾਰ ਵੀ ਸਾਰਾ ਦਿਨ ਸੰਘਣੀ ਧੁੰਦ ਛਾਈ ਰਹੀ। ਸਵੇਰ ਸਮੇਂ ਧੁੰਦ ਦੌਰਾਨ ਕੁੱਝ ਕੁ ਮੀਟਰ ਤੱਕ ਦੀ ਦੂਰੀ ’ਤੇ ਕੁੱਝ ਵੀ ਦਿਖਾਈ ਨਹੀਂ ਦੇ ਰਿਹਾ ਸੀ। ਸੜਕਾਂ ’ਤੇ ਚੱਲ ਰਹੇ ਵਾਹਨ ਕੀੜੀ ਦੀ ਚਾਲ ਚੱਲ ਰਹੇ ਸਨ। ਦੂਜੇ ਪਾਸੇ ਪੀਏਯੂ ਦੇ ਮੌਸਮ ਵਿਭਾਗ ਦੀ ਮਾਹਿਰ ਡਾ. ਪ੍ਰਭਜੋਤ ਕੌਰ ਦਾ ਕਹਿਣਾ ਹੈ ਕਿ ਭਾਵੇਂ ਪਿਛਲੇ ਸਾਲ ਜਨਵਰੀ ਦੇ ਪਹਿਲੇ ਹਫ਼ਤੇ ਇਸੇ ਤਰ੍ਹਾਂ ਠੰਢ ਪਈ ਸੀ, ਪਰ ਇਸ ਵਾਰ ਪਹਿਲਾਂ ਚੜ੍ਹਦੇ ਸਾਲ ਦੇ ਪਹਿਲੇ ਪੰਜ ਦਿਨ ਤੱਕ ਜਿਆਦਾ ਠੰਢ ਪਈ, ਫਿਰ 8 ਜਨਵਰੀ ਤੱਕ ਤਾਪਮਾਨ ਵਧ ਗਿਆ ਸੀ, ਪਰ 9 ਤੋਂ 15 ਜਨਵਰੀ ਤੱਕ ਠੰਢ ਨੇ ਫਿਰ ਜ਼ੋਰ ਫੜ ਲਿਆ ਹੈ।

ਉਨ੍ਹਾਂ ਦੱਸਿਆ ਕਿ ਜਨਵਰੀ ਮਹੀਨੇ ਦਿਨ ਦਾ ਔਸਤਨ ਤਾਪਮਾਨ 17 ਤੋਂ 18 ਡਿਗਰੀ ਸੈਲਸੀਅਸ ਤੱਕ ਹੁੰਦਾ ਹੈ, ਪਰ ਇਸ ਵਾਰ ਇਹ ਤਾਪਮਾਨ 12 ਤੋਂ 13 ਡਿਗਰੀ ਸੈਲਸੀਅਸ ਤੱਕ ਚੱਲ ਰਿਹਾ ਹੈ। ਇਸ ਤੋਂ ਸਾਫ਼ ਹੈ ਕਿ ਔਸਤ ਤਾਪਮਾਨ ਨਾਲੋਂ ਅਜੇ ਵੀ 6 ਤੋਂ 7 ਡਿਗਰੀ ਸੈਲਸੀਅਸ ਤਾਪਮਾਨ ਘੱਟ ਚੱਲ ਰਿਹਾ ਹੈ। ਉਨ੍ਹਾਂ ਦੱਸਿਆ ਕਿ ਆਉਂਦੇ 2-3 ਦਿਨ ਮੌਸਮ ਖੁਸ਼ਕ ਰਹੇਗਾ ਪਰ ਪਹਾੜੀ ਇਲਾਕਿਆਂ ’ਚ ਬਰਫ਼ਬਾਰੀ ਹੋਣ, ਹਵਾ ਦਾ ਮੈਦਾਨੀ ਇਲਾਕਿਆਂ ਵੱਲ ਵਹਾਅ ਹੋਣ ਕਾਰਨ ਠੰਢੀਆਂ ਹਵਾਵਾਂ ਚੱਲ ਸਕਦੀਆਂ ਹਨ, ਧੁੰਦ ਪੈ ਸਕਦੀ ਹੈ ਅਤੇ ਕਈ ਥਾਵਾਂ ’ਤੇ ਕੋਰਾ ਪੈਣ ਦੀ ਵੀ ਸੰਭਾਵਨਾ ਹੈ। ਉਨ੍ਹਾਂ ਦੱਸਿਆ ਕਿ ਠੰਢ ਕਣਕ ਦੀ ਫ਼ਸਲ ਲਈ ਵਧੀਆ ਹੈ, ਪਰ ਕੋਰਾ ਸਬਜ਼ੀਆਂ ਅਤੇ ਹੋਰ ਫ਼ਸਲਾਂ ਦਾ ਨੁਕਸਾਨ ਕਰ ਸਕਦਾ ਹੈ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਸ਼ਹਿਰ

View All