Jagraon Elections ਵਿੱਚ ਸਿਆਸੀ ਵਿਰੋਧੀਆਂ ਨੇ ਇੱਕੋ ਥਾਲੀ ’ਚ ਖਾਧੀ ਰੋਟੀ
ਵੋਟਾਂ ਖ਼ਾਤਰ ਲੜਨ ਵਾਲਿਆਂ ਲਈ ਸਬਕ ਬਣੀ ਕਾਂਗਰਸ ਤੇ ਭਾਜਪਾ ਉਮੀਦਵਾਰਾਂ ਦੀ ਸਾਂਝ
ਜਗਰਾਉਂ ਨਗਰ ਕੌਂਸਲ ਚੋਣਾਂ ਦੌਰਾਨ ਜਿੱਥੇ ਕਈ ਵਾਰਡਾਂ ਵਿੱਚ ਹਿੰਸਾ ਅਤੇ ਤਣਾਅ ਦਾ ਮਾਹੌਲ ਰਿਹਾ, ਉੱਥੇ ਹੀ ਵਾਰਡ ਨੰਬਰ 21 ’ਚੋਂ ਭਾਈਚਾਰਕ ਸਾਂਝ ਦੀ ਖ਼ੂਬਸੂਰਤ ਤਸਵੀਰ ਵੀ ਸਾਹਮਣੇ ਆਈ ਹੈ। ਇਸ ਵਾਰਡ ਤੋਂ ਕਾਂਗਰਸ ਦੀ ਉਮੀਦਵਾਰ ਕਵਿਤਾ ਕੱਕੜ ਅਤੇ ਭਾਜਪਾ ਦੀ ਉਮੀਦਵਾਰ ਜੋਤੀ ਰਾਣੀ ਚੋਣ ਮੈਦਾਨ ਵਿੱਚ ਇੱਕ-ਦੂਜੇ ਦੇ ਵਿਰੁੱਧ ਹਨ। ਚੋਣ ਪ੍ਰਚਾਰ ਦੌਰਾਨ ਦੋਵਾਂ ਧਿਰਾਂ ਵਿਚਾਲੇ ਤਿੱਖੀ ਜ਼ੋਰ-ਅਜ਼ਮਾਈ ਦੇਖਣ ਨੂੰ ਮਿਲੀ, ਪਰ ਵੋਟਾਂ ਵਾਲੇ ਦਿਨ ਇਨ੍ਹਾਂ ਪਰਿਵਾਰਾਂ ਨੇ ਸਿਆਸੀ ਕੜਵਾਹਟ ਪਾਸੇ ਰੱਖ ਕੇ ਸਾਂਝੀਵਾਲਤਾ ਦਾ ਸੁਨੇਹਾ ਦਿੱਤਾ।
ਦੁਪਹਿਰ ਵੇਲੇ ਜਦੋਂ ਮਤਦਾਨ ਪ੍ਰਕਿਰਿਆ ਜਾਰੀ ਸੀ, ਤਾਂ ਕਾਂਗਰਸੀ ਉਮੀਦਵਾਰ ਦਾ ਪਤੀ ਸੰਜੈ ਕੱਕੜ ਅਤੇ ਭਾਜਪਾ ਉਮੀਦਵਾਰ ਦਾ ਪਤੀ ਸਚਿਨ ਜਗੋਤਾ ਇੱਕੋ ਥਾਲੀ ’ਚ ਰੋਟੀ ਖਾਂਦੇ ਅਤੇ ਮੁਸਕਰਾਉਂਦੇ ਨਜ਼ਰ ਆਏ। ਇਸ ਮੌਕੇ ਦੋਵੇਂ ਉਮੀਦਵਾਰ ਪਤਨੀਆਂ ਵੀ ਉੱਥੇ ਮੌਜੂਦ ਸਨ ਅਤੇ ਮਾਹੌਲ ਪੂਰੀ ਤਰ੍ਹਾਂ ਖ਼ੁਸ਼ਗਵਾਰ ਸੀ। ਇਨ੍ਹਾਂ ਆਗੂਆਂ ਨੇ ਕਿਹਾ ਕਿ ਚੋਣਾਂ ਲੜਨਾ ਅਤੇ ਵੋਟਾਂ ਮੰਗਣਾ ਸਭ ਦਾ ਜਮਹੂਰੀ ਹੱਕ ਹੈ, ਪਰ ਇਸ ਖ਼ਾਤਰ ਆਪਸੀ ਰਿਸ਼ਤੇ ਖ਼ਰਾਬ ਕਰਨਾ ਸਿਆਣਪ ਨਹੀਂ। ਉਨ੍ਹਾਂ ਮੁਤਾਬਕ ਸਿਆਸੀ ਲੜਾਈ ਸਿਰਫ਼ ਵੋਟਾਂ ਪੈਣ ਤੱਕ ਸੀ, ਜਦਕਿ ਸਮਾਜਿਕ ਸਾਂਝ ਹਮੇਸ਼ਾ ਬਰਕਰਾਰ ਰਹਿਣੀ ਚਾਹੀਦੀ ਹੈ।

