ਨਿੱਜੀ ਪੱਤਰ ਪ੍ਰੇਰਕ
ਜਗਰਾਉਂ, 7 ਜੁਲਾਈ
ਬਹੁਜਨ ਸਮਾਜ ਪਾਰਟੀ ਦੀ ਅੱਜ ਇਥੇ ਹੋਈ ਮੀਟਿੰਗ ਵਿੱਚ ਪਾਰਟੀ ਦੀ ਮਜ਼ਬੂਤੀ ਲਈ ਸਰਗਰਮੀ ਵਧਾਉਣ ਸਮੇਤ ਹੋਰ ਅਹਿਮ ਫ਼ੈਸਲੇ ਲਏ ਗਏ। ਇਹ ਮੀਟਿੰਗ ਰਛਪਾਲ ਸਿੰਘ ਗਾਲਿਬ ਦੀ ਅਗਵਾਈ ਹੇਠ ਹੋਈ। ਆਗੂ ਲਖਵੀਰ ਸਿੰਘ ਸੀਰਾ, ਡਾਕਟਰ ਸੁਖਵਿੰਦਰ ਸਿੰਘ ਜੰਡੀ, ਯਾਦਵਿੰਦਰ ਸਿੰਘ ਵਿੱਕੀ ਅਤੇ ਹਰਜੀਤ ਸਿੰਘ ਲੀਲਾਂ ਨੇ ਕਿਹਾ ਕਿ ਬਸਪਾ ਆਪਣਾ ਗੁਆਚਿਆ ਆਧਾਰ ਮਜ਼ਬੂਤ ਕਰਨ ਦੇ ਨਾਲ-ਨਾਲ ਲੋਕ ਮੁੱਦਿਆਂ ’ਤੇ ਸੰਘਰਸ਼ ਵਿੱਚ ਅਹਿਮ ਭੂਮਿਕਾ ਨਿਭਾਵੇਗੀ। ਲੈਂਡ ਪੂਲਿੰਗ ਨੀਤੀ ਨੂੰ ਕਿਸਾਨ ਵਿਰੋਧੀ ਕਰਾਰ ਦਿੰਦਿਆਂ ਉਨ੍ਹਾਂ ਪੰਜਾਬ ਸਰਕਾਰ ਤੋਂ ਇਹ ਨੀਤੀ ਵਾਪਸ ਲੈਣ ਦੀ ਮੰਗ ਕੀਤੀ। ਬਸਪਾ ਆਗੂਆਂ ਨੇ ਕਿਹਾ ਕਿ ਇਸ ਨਾਲ ਸੈਂਕੜੇ ਕਿਸਾਨ ਬੇਰੁਜ਼ਗਾਰ ਹੋਣਗੇ। ਇਹ ਨੀਤੀ ਪੰਜਾਬ ਵਿਰੋਧੀ ਅਤੇ ਪੰਜਾਬ ਦਾ ਭਵਿੱਖ ਉਜਾੜਨ ਵਾਲੀ ਹੈ ਜਿਸ ਨੂੰ ਕਿਸੇ ਕੀਮਤ 'ਤੇ ਲਾਗੂ ਨਹੀਂ ਹੋਣ ਦਿੱਤਾ ਜਾਵੇਗਾ। ਉਨ੍ਹਾਂ ਵਿਧਾਨ ਸਭਾ ਹਲਕਾ ਜਗਰਾਉਂ ਵਿੱਚ ਬਸਪਾ ਨੂੰ ਮਜਬੂਤ ਕਰਨ ਲਈ ਪ੍ਰਣ ਕੀਤਾ। ਹਲਕਾ ਪ੍ਰਧਾਨ ਰਛਪਾਲ ਸਿੰਘ ਗਾਲਿਬ ਨੇ ਕਿਹਾ ਕਿ ਪਾਰਟੀ ਵਿੱਚ ਅਨੁਸ਼ਾਸਨ ਨੂੰ ਸਖ਼ਤੀ ਦੇ ਨਾਲ ਲਾਗੂ ਕੀਤਾ ਜਾਵੇਗਾ। ਜਿਹੜੇ ਵੀ ਵਿਅਕਤੀ ਬਹੁਜਨ ਸਮਾਜ ਪਾਰਟੀ ਦੇ ਨਾਮ ਲੈ ਕੇ ਕੋਈ ਵੀ ਕੰਮ ਜ਼ਾਬਤੇ ਵਿੱਚ ਰਹਿ ਕੇ ਨਹੀਂ ਕਰਨਗੇ ਉਨ੍ਹਾਂ ਨੂੰ ਸਖ਼ਤੀ ਨਾਲ ਰੋਕਿਆ ਜਾਵੇਗਾ। ਉਨ੍ਹਾਂ ਜ਼ਿਲ੍ਹਾ ਪ੍ਰਧਾਨ ਨੂੰ ਭਰੋਸਾ ਦਿਵਾਇਆ ਕਿ ਹਲਕੇ ਵਿੱਚ ਪਾਰਟੀ ਦੀ ਮੈਂਬਰਸ਼ਿਪ ਪੂਰੇ ਜ਼ੋਰ ਸ਼ੋਰ ਤੇ ਇਮਾਨਦਾਰੀ ਨਾਲ ਕੀਤੀ ਜਾਵੇਗੀ।