Illegal Tyre Factory: ਐੱਸ ਡੀ ਐੱਮ ਦੇ ਹੁਕਮਾਂ ਨੂੰ ਟਿੱਚ ਜਾਣਦੈ ਪ੍ਰਦੂਸ਼ਣ ਬੋਰਡ
ਬਿਨਾਂ ਲਾਇਸੈਂਸ ਤੋਂ ਚੱਲ ਰਹੀ ਫੈਕਟਰੀ ਦਾ ਮਾਮਲਾ ਭਖਿਆ; ਨਰੈਣਗਡ਼੍ਹ ਵਾਸੀਆਂ ਵੱਲੋਂ ਸੰਘਰਸ਼ ਦੀ ਚਿਤਾਵਨੀ
ਪਿੰਡ ਇਕੋਲਾਹਾ-ਨਰੈਣਗੜ੍ਹ ’ਤੇ ਪੈਂਦੀ ਏਸ਼ੀਅਨ ਹਾਈ-ਟੈੱਕ ਇੰਟਰਨੈਸ਼ਨਲ ਟਾਇਰ ਸਾੜਨ ਵਾਲੀ ਫੈਕਟਰੀ ਬਿਨਾਂ ਲਾਇਸੈਂਸ ਤੋਂ ਚੱਲ ਰਹੀ ਹੈ। ਨਰੈਣਗੜ੍ਹ ਵਾਸੀਆਂ ਦੀ ਮੌਜੂਦਗੀ ਵਿੱਚ ਨੰਬਰਦਾਰ ਸੰਤੋਖ ਸਿੰਘ ਬੈਨੀਪਾਲ ਨੇ ਦੱਸਿਆ ਕਿ ਫੈਕਟਰੀ ਖ਼ਿਲਾਫ਼ ਇਲਾਕੇ ਦੇ ਲੋਕਾਂ ਨੇ ਪ੍ਰਸ਼ਾਸਨ ਨੂੰ ਲਿਖਤੀ ਸ਼ਿਕਾਇਤਾਂ ਦਿੱਤੀਆਂ ਸਨ। ਇਸ ਸਬੰਧੀ ਜਾਂਚ ਰਿਪੋਰਟ ਨੇ ਪ੍ਰਦੂਸ਼ਣ ਬੋਰਡ ਦੇ ਅਧਿਕਾਰੀਆਂ ਤੇ ਕਰਮਚਾਰੀਆਂ ਦੀ ਪੋਲ ਖੋਲ੍ਹ ਕੇ ਰੱਖ ਦਿੱਤੀ ਹੈ। ਉਨ੍ਹਾਂ ਦੱਸਿਆ ਕਿ ਜਾਂਚ ਰਿਪੋਰਟ ਵਿੱਚ ਪ੍ਰਦੂਸ਼ਣ ਕੰਟਰੋਲ ਬੋਰਡ ਇਸ ਫੈਕਟਰੀ ਨੂੰ ਖੁਦ ਜ਼ਹਿਰ ਉਗਲਣ ਵਾਲੀ ਮੰਨ ਚੁੱਕਿਆ ਹੈ, ਜਿਸ ਕੋਲ ਫੈਕਟਰੀ ਚਲਾਉਣ ਦਾ ਲਾਇਸੈਂਸ ਤੱਕ ਨਹੀਂ ਹੈ। ਨੰਬਰਦਾਰ ਬੈਨੀਪਾਲ ਨੇ ਦੱਸਿਆ ਕਿ ਐੱਸ ਡੀ ਐੱਮ ਦੇ ਪੱਤਰ ਨੇ ਪ੍ਰਦੂਸ਼ਣ ਬੋਰਡ ਦੇ ਸਾਰੇ ਦਾਅਵਿਆਂ ਦੀ ਫੂਕ ਕੱਢ ਦਿੱਤੀ ਹੈ। ਉਨ੍ਹਾਂ ਅੱਗੇ ਦੱਸਿਆ ਕਿ ਫੈਕਟਰੀ ਗੈਰ-ਕਾਨੂੰਨੀ ਹੈ। ਇਸ ਸਬੰਧੀ ਐਕਸੀਅਨ ਪੰਜਾਬ ਪ੍ਰਦੂਸ਼ਣ ਬੋਰਡ ਮੰਡੀ ਗੋਬਿੰਦਗੜ੍ਹ ਦੀ ਰਿਪੋਰਟ ਦੱਸਦੀ ਹੈ। ਡਿਪਟੀ ਡਾਇਰੈਕਟਰ ਫੈਕਟਰੀਜ਼ ਲੁਧਿਆਣਾ ਦੀ ਰਿਪੋਰਟ ਅਨੁਸਾਰ ਪ੍ਰਬੰਧਕਾਂ ਵੱਲੋਂ ਰਜਿਸਟ੍ਰੇਸ਼ਨ ਦਾ ਕੋਈ ਦਸਤਾਵੇਜ਼ ਪੇਸ਼ ਨਹੀਂ ਕੀਤਾ ਗਿਆ।
ਰਿਪੋਰਟਾਂ ਦੇ ਆਧਾਰ ਤੇ ਐੱਸ ਡੀ ਐੱਮ ਖੰਨਾ ਨੇ ਬੋਰਡ ਨੂੰ ਹੁਕਮ ਦਿੱਤਾ ਕਿ ਜਦੋਂ ਤੱਕ ਐੱਨ ਓ ਸੀ ਨਹੀਂ ਮਿਲਦੀ ਉਦੋਂ ਤੱਕ ਫੈਕਟਰੀ ਨੂੰ ਬੰਦ ਰੱਖਿਆ ਜਾਵੇ। ਉਨ੍ਹਾਂ ਕਿਹਾ ਕਿ ਐੱਸ ਡੀ ਐੱਮ ਦੇ ਹੁਕਮਾਂ ਮਗਰੋਂ ਵੀ ਫੈਕਟਰੀ ਬੰਦ ਨਹੀਂ ਹੋਈ। ਇਲਾਕੇ ਦੇ ਲੋਕਾਂ ਨੇ ਚਿਤਾਵਨੀ ਦਿੱਤੀ ਹੈ ਕਿ ਜੇ 48 ਘੰਟੇ ’ਚ ਕੋਈ ਕਾਰਵਾਈ ਨਾ ਹੋਈ ਤਾਂ ਉਹ ਪ੍ਰਦੂਸ਼ਣ ਬੋਰਡ ਦੇ ਦਫ਼ਤਰ ਮੰਡੀ ਗੋਬਿੰਦਗੜ੍ਹ ’ਚ ਧਰਨਾ ਦੇਣਗੇ।
ਅਗਲੇਰੀ ਕਾਰਵਾਈ ਲਈ ਉੱਚ ਅਧਿਕਾਰੀਆਂ ਨੂੰ ਪੱਤਰ ਭੇਜਿਆ: ਐਕਸੀਅਨ
ਪ੍ਰਦੂਸ਼ਣ ਬੋਰਡ ਦੇ ਐਕਸੀਅਨ ਮੋਹਿਤ ਸਿੰਗਲਾ ਨੇ ਕਿਹਾ ਕਿ ਐੱਸ ਡੀ ਐੱਮ ਖੰਨਾ ਕੋਲੋਂ ਉਨ੍ਹਾਂ ਨੂੰ ਪੱਤਰ ਪ੍ਰਾਪਤ ਹੋਇਆ ਸੀ। ਫੈਕਟਰੀ ਬੰਦ ਕਰਨ ਲਈ ਉਹ ਕੰਪੀਟੈਂਟ ਅਥਾਰਟੀ ਨਹੀਂ ਹਨ। ਇਸ ਲਈ ਉਸ ਪੱਤਰ ਨੂੰ ਅਗਲੇਰੀ ਕਾਰਵਾਈ ਲਈ ਵਿਭਾਗ ਦੇ ਉੱਚ ਅਧਿਕਾਰੀਆਂ ਨੂੰ ਭੇਜ ਦਿੱਤਾ ਗਿਆ ਹੈ।

