ਗਗਨਦੀਪ ਅਰੋੜਾ
ਲੁਧਿਆਣਾ, 3 ਦਸੰਬਰ
ਸਨਅਤੀ ਸ਼ਹਿਰ ‘ਚ ਦੇ ਲੋਕਾਂ ਨੂੰ ਟਰੈਫਿਕ ਦੀ ਸਮੱਸਿਆ ਤੇ ਸ਼ਹਿਰ ਨੂੰ ਜਾਮ ਮੁਕਤ ਬਣਾਉਣ ਲਈ ਇਸ ਵਾਰ ਟਰੈਫਿਕ ਪੁਲੀਸ ਤੇ ਨਗਰ ਨਿਗਮ ਦੀ ਸਾਂਝੀ ਟੀਮ ਕੰਮ ਕਰੇਗੀ। ਨਗਰ ਨਿਗਮ ਤੇ ਟਰੈਫਿਕ ਪੁਲੀਸ ਨੇ ਆਪਣੀ ਸਾਂਝੀ ਟੀਮ ਬਣਾ ਲਈ ਹੈ, ਜੋਕਿ ਸ਼ਹਿਰ ਨੂੰ ਜਾਮ ਮੁਕਤ ਬਣਾਉਣ ‘ਚ ਅਹਿਮ ਰੋਲ ਅਦਾ ਕਰ ਰਹੀ ਹੈ ਪਰ ਦੋਵਾਂ ਦੀ ਸਾਂਝੀ ਕੋਸ਼ਿਸ਼ ਦੇ ਬਾਵਜੂਦ ਲੁਧਿਆਣਾ ਦੀਆਂ ਸੜਕਾਂ ‘ਤੇ ਟਰੈਫਿਕ ਜਾਮ ਬਰਕਰਾਰ ਹੈ।
ਪਿਛਲੇ ਚਾਰ ਦਿਨਾਂ ਤੋਂ ਸ਼ਹਿਰ ‘ਚ ਨਗਰ ਨਿਗਮ ਦੀ ਟੀਮ ਲਗਾਤਾਰ ਕਬਜ਼ੇ ਹਟਵਾ ਰਹੀ ਹੈ ਤੇ ਟਰੈਫਿਕ ਪੁਲੀਸ ਦੀ ਟੀਮ ਲਗਾਤਾਰ ਸੜਕ ਵਿਚਾਲੇ ਖੜ੍ਹੇ ਵਾਹਨਾਂ ਦੇ ਚਲਾਨ ਕੱਟ ਰਹੀ ਹੈ। ਦੋਵਾਂ ਵਿਭਾਗਾਂ ਦੀ ਸਾਂਝੀ ਟੀਮ ਨੇ ਸ਼ਹਿਰ ਦੇ ਪੋਸ਼ ਇਲਾਕਿਆਂ ਦੇ ਨਾਲ ਪੁਰਾਣੇ ਬਾਜ਼ਾਰਾਂ ਵਿੱਚ ਵੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਤੇ ਦੁਕਾਨਦਾਰਾਂ ਨੂੰ ਚਿਤਾਵਨੀ ਦਿੱਤੀ ਹੈ ਕਿ ਇਸ ਵਾਰ ਜੁਰਮਾਨਾ ਘੱਟ ਹੈ। ਜੇਕਰ ਸਾਮਾਨ ਦੁਬਾਰਾ ਬਾਹਰ ਲਾਇਆ ਅਤੇ ਜਾਮ ਲੱਗਣ ਦਾ ਕਾਰਨ ਬਣਿਆ ਤਾਂ ਹੋਰ ਜ਼ਿਆਦਾ ਜੁਰਮਾਨਾ ਕੀਤਾ ਜਾਵੇਗਾ। ਹੁਣ ਰੇਹੜੀ ਫੜ੍ਹੀ ਵਾਲਿਆਂ ਨੂੰ ਸਭ ਤੋਂ ਵੱਧ ਦਿੱਕਤ ਹੋਣ ਦੇ ਆਸਾਰ ਹਨ।
ਨਾਜਾਇਜ਼ ਕਬਜ਼ੇ ਤੇ ਜਾਮ ਮੁਕਤ ਸ਼ਹਿਰ ਬਣਾਉਣ ਲਈ ਟਰੈਫਿਕ ਪੁਲੀਸ ਦੇ ਉਚ ਅਧਿਕਾਰੀਆਂ ਦੇ ਨਾਲ ਜ਼ੋਨਲ ਕਮਿਸ਼ਨਰ ਖੁਦ ਸੜਕਾਂ ‘ਤੇ ਹਨ। ਕਾਰਵਾਈ ਦੌਰਾਨ ਕਿਸੇ ਦੀ ਕੋਈ ਸੁਣਵਾਈ ਨਹੀਂ ਕੀਤੀ ਜਾ ਰਹੀ ਅਤੇ ਟੀਮ ਸਿੱਧੀ ਕਾਰਵਾਈ ਕਰ ਰਹੀ ਹੈ। ਨਗਰ ਨਿਗਮ ਦੀ ਟੀਮ ਆਪਣਾ ਬਲ ਤੇ ਵੱਡੇ ਵਾਹਨ ਲੈ ਕੇ ਬਾਜ਼ਾਰ ‘ਚ ਚੱਲ ਰਹੀ ਹੈ ਤਾਂ ਟਰੈਫਿਕ ਪੁਲੀਸ ਦੇ ਸੀਨੀਅਰ ਅਧਿਕਾਰੀ ਖੁਦ ਚੱਲ ਰਹੇ ਹਨ। ਨਾਜਾਇਜ਼ ਕਬਜ਼ਿਆਂ ਤੇ ਰੇਹੜੀ ਫੜ੍ਹੀ ਵਾਲਿਆਂ ‘ਤੇ ਨਗਰ ਨਿਗਮ ਦੀ ਟੀਮ ਕਾਰਵਾਈ ਕਰ ਰਹੀ ਹੈ। ਇਸ ਤੋਂ ਇਲਾਵਾ ਦੁਕਾਨਦਾਰਾਂ ਦੇ ਚਲਾਨ ਵੀ ਕੱਟੇ ਜਾ ਰਹੇ ਹਨ। ਇਸ ਤੋਂ ਇਲਾਵਾ ਜਾਮ ਲੱਗਣ ਦਾ ਕਾਰਨ ਬਣਨ ਵਾਲੇ ਵਾਹਨਾਂ ਦੇ ਚੱਲਾਨ ਵੀ ਕੀਤੇ ਜਾ ਰਹੇ ਹਨ ਤੇ ਦੁਕਾਨਦਾਰਾਂ ਨੂੰ ਨੋਟਿਸ ਦਿੱਤੇ ਜਾ ਰਹੇ ਹਨ। ਚਾਰ ਦਿਨਾਂ ‘ਚ ਸ਼ਹਿਰ ਦਾ ਟਰੈਫਿਕ ਕਈ ਥਾਈਂ ਸਹੀ ਹੋਇਆ ਹੈ ਤੇ ਕਈ ਥਾਵਾਂ ‘ਤੇ ਹਾਲੇ ਵੀ ਹਾਲਾਤ ਪਹਿਲਾਂ ਵਰਗੇ ਹਨ। ਕੁਝ ਦੁਕਾਨਦਾਰ ਅਤੇ ਰੇਹੜੀ ਫੜ੍ਹੀ ਵਾਲੇ ਟੀਮਾਂ ਦੇ ਜਾਣ ਮਗਰੋਂ ਫਿਰ ਇੱਕ ਵਾਰ ਉਵੇਂ ਹੀ ਕੰਮ ਕਰਨ ਲੱਗ ਜਾਂਦੇ ਹਨ, ਜਿਸ ਕਾਰਨ ਫਿਰ ਜਾਮ ਦੀ ਸਥਿਤੀ ਪੈਦਾ ਹੋ ਰਹੀ ਹੈ।
ਹੁਣ ਨਗਰ ਨਿਗਮ ਤੇ ਟਰੈਫਿਕ ਪੁਲੀਸ ਦੀਆਂ ਟੀਮਾਂ ਲਗਾਤਾਰ ਕਾਰਵਾਈ ਨੂੰ ਅੰਜਾਮ ਦੇ ਰਹੀਆਂ ਹਨ ਤੇ ਸਾਂਝੇ ਤੌਰ ‘ਤੇ ਕੰਮ ਕਰ ਰਹੀਆਂ ਹਨ, ਜਿਸ ਨਾਲ ਸ਼ਹਿਰ ਨੂੰ ਜਾਮ ਮੁਕਤ ਬਣਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਏਡੀਸੀਪੀ ਸਮੀਰ ਵਰਮਾ ਨੇ ਕਿਹਾ ਕਿ ਨਗਰ ਨਿਗਮ ਨਾਲ ਮਿਲ ਕੇ ਸ਼ਹਿਰ ਵਿੱਚ ਵਿਸ਼ੇਸ਼ ਮੁਹਿੰਮ ਚਲਾਈ ਜਾ ਰਹੀ ਹੈ, ਜਿਸ ਦਾ ਮਕਸਦ ਸ਼ਹਿਰ ਨੂੰ ਜਾਮ ਮੁਕਤ ਕਰਵਾਉਣਾ ਹੈ।