ਦੇਵਿੰਦਰ ਸਿੰਘ ਜੱਗੀ
ਪਾਇਲ, 20 ਜਨਵਰੀ
ਪਿੰਡ ਰਾਜਗੜ੍ਹ ਵਿੱਚ ਨਾਜਾਇਜ਼ ਮਾਈਨਿੰਗ ਦਾ ਗੋਰਖਧੰਦਾ ਜ਼ੋਰ-ਸ਼ੋਰ ਨਾਲ ਚੱਲ ਰਿਹਾ ਹੈ। ਗੌਰਤਲਬ ਹੈ ਕਿ ਇਸ ਪਿੰਡ ਅਤੇ ਇਲਾਕੇ ਵਿੱਚ ਕਰੀਬ ਦਸ ਬਾਰਾਂ ਪੋਕ ਤੇ ਜੇਸੀਬੀ ਮਸ਼ੀਨਾਂ ਸਰਕਾਰ ਦੇ ਨਿਯਮਾਂ ਨੂੰ ਛਿੱਕੇ ਟੰਗ ਕੇ ਮਸ਼ੀਨ ਮਾਲਕਾਂ ਅਤੇ ਢੋਅ-ਢੁਆਈ ਵਾਲੇ ਵਾਹਨਾਂ ਦੇ ਮਾਲਕਾਂ ਦੀਆਂ ਤਿਜੌਰੀਆਂ ਭਰ ਰਹੀਆਂ ਹਨ।
ਇਸ ਦੌਰਾਨ ਮੌਕੇ ’ਤੇ ਪੁੱਜੇ ਪੱਤਰਕਾਰਾਂ ਦੀ ਟੀਮ ਨੇ ਮੌਕੇ ’ਤੇ ਨਾਜਾਇਜ਼ ਮਾਈਨਿੰਗ ਕਰਦੀਆਂ ਜੇਸੀਬੀ ਮਸ਼ੀਨ ਅਤੇ ਟਰਾਲੀਆਂ ਦੀ ਕਵਰੇਜ ਕੀਤੀ ਜਿਸ ਦੌਰਾਨ ਵੀਡੀਓਗ੍ਰਾਫੀ ਹੁੰਦੀ ਦੇਖ ਕੇ ਜੇਸੀਬੀ ਮਸ਼ੀਨ ਦੇ ਚਾਲਕ ਅਤੇ ਟਰਾਲੀ ਚਾਲਕ ਮੌਕੇ ਤੋਂ ਰਫੂਚੱਕਰ ਹੋ ਗਏ। ਪੱਤਰਕਾਰਾਂ ਨੇ ਇਸ ਘਟਨਾ ਦੀਆਂ ਫੋਟੋਆਂ ਅਤੇ ਵੀਡਿਓਗ੍ਰਾਫੀ ਐੱਸਡੀਐੱਮ ਪਾਇਲ ਮਨਕਮਲ ਸਿੰਘ ਚਾਹਲ ਨੂੰ ਭੇਜ ਕੇ ਜਾਣੂ ਕਰਵਾਇਆ ਜਿਨ੍ਹਾਂ ਮਾਮਲੇ ਦੀ ਜਾਂਚ ਦੇ ਹੁਕਮ ਦਿੱਤੇ। ਇਸ ਉਪਰੰਤ ਉਨ੍ਹਾਂ ਦੱਸਿਆ ਕਿ ਮੌਕੇ ’ਤੇ ਖੁਦਾਈ ਹੋਈ ਜ਼ਰੂਰ ਮਿਲੀ ਹੈ ਪਰ ਇਸ ਦੌਰਾਨ ਕੋਈ ਜੇਸੀਬੀ ਜਾਂ ਮਸ਼ੀਨਾਂ ਆਦਿ ਨਹੀਂ ਮਿਲੀਆਂ। ਇਸ ਦੌਰਾਨ ਘਟਨਾ ਦੀ ਭਿਣਕ ਪੈਂਦਿਆਂ ਹੀ ਪ੍ਰਸ਼ਾਸਨ ਹਰਕਤ ’ਚ ਆ ਗਿਆ ਜਿਸ ਤਹਿਤ ਐੱਸਡੀਓ ਮਾਈਨਿੰਗ ਲੁਧਿਆਣਾ ਮਨੀਸ਼ ਬੱਤਰਾ ਨੇ ਪੱਤਰਕਾਰਾਂ ਤੋਂ ਜਾਣਕਾਰੀ ਪ੍ਰਾਪਤ ਕੀਤੀ। ਇਸ ਸਬੰਧੀ ਜਦੋਂ ਐੱਸਐੱਚਓ ਦੋਰਾਹਾ ਨਛੱਤਰ ਸਿੰਘ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਉਨ੍ਹਾਂ ਮੌਕੇ ’ਤੇ ਏਐੱਸਆਈ ਬਰਜਿੰਦਰ ਸਿੰਘ ਨੂੰ ਭੇਜ ਦਿੱਤਾ ਹੈ, ਉਸ ਨਾਲ ਗੱਲ ਕਰ ਲਈ ਜਾਵੇ। ਜਦੋਂ ਪੱਤਰਕਾਰਾਂ ਨੇ ਬਰਜਿੰਦਰ ਸਿੰਘ ਨਾਲ ਗੱਲ ਕੀਤੀ ਤਾਂ ਉਸ ਨੇ ਕਿਹਾ ਕਿ ਮਾਈਨਿੰਗ ਵਿਭਾਗ ਦੇ ਅਧਿਕਾਰੀ ਮੌਕੇ ’ਤੇ ਪੁੱਜ ਰਹੇ ਹਨ। ਪੁਲੀਸ ਨੂੰ ਮੌਕੇ ਤੋਂ ਕੁਝ ਵੀ ਬਰਾਮਦ ਨਹੀਂ ਹੋਇਆ।