Illegal Gas Refilling Raid: ਛਾਪਾ ਮਾਰਨ ਗਈ Food Supply Team ’ਤੇ ਹਮਲਾ
ਨਾਜਾਇਜ਼ ਢੰਗ ਨਾਲ ਗੈਸ ਭਰਨ ਵਾਲੇ ਗਰੋਹ ਦਾ ਮੁੱਖ ਮੁਲਜ਼ਮ ਕਾਬੂ; ਸਰਕਾਰੀ ਡਿਊਟੀ ਵਿੱਚ ਵਿਘਨ ਪਾਉਣ ਦਾ ਦੋਸ਼
ਸ਼ਹਿਰ ਦੇ ਮੋਤੀ ਨਗਰ ਇਲਾਕੇ ਵਿੱਚ ਘਰੇਲੂ ਅਤੇ ਕਮਰਸ਼ੀਅਲ ਗੈਸ ਸਿਲੰਡਰਾਂ ’ਚੋਂ ਨਾਜਾਇਜ਼ ਤਰੀਕੇ ਨਾਲ ਗੈਸ ਭਰਨ ਵਾਲੇ ਗਰੋਹ ’ਤੇ ਛਾਪਾ ਮਾਰਨ ਗਈ ਫੂਡ ਸਪਲਾਈ ਵਿਭਾਗ ਦੀ ਟੀਮ ’ਤੇ ਮੁਲਜ਼ਮਾਂ ਨੇ ਹਮਲਾ ਕਰ ਦਿੱਤਾ। ਹਮਲਾਵਰਾਂ ਨੇ ਅਧਿਕਾਰੀਆਂ ਨਾਲ ਧੱਕਾਮੁੱਕੀ ਕੀਤੀ, ਉਨ੍ਹਾਂ ਦਾ ਘਿਰਾਓ ਕੀਤਾ ਅਤੇ ਸਰਕਾਰੀ ਡਿਊਟੀ ਵਿੱਚ ਵਿਘਨ ਪਾਇਆ। ਸੂਚਨਾ ਮਿਲਦਿਆਂ ਹੀ ਥਾਣਾ ਮੋਤੀ ਨਗਰ ਦੀ ਪੁਲੀਸ ਨੇ ਮੌਕੇ ਉੱਤੇ ਪਹੁੰਚ ਕੇ ਸਥਿਤੀ ਸੰਭਾਲੀ।
ਪੁਲੀਸ ਨੇ ਕਾਰਵਾਈ ਕਰਦਿਆਂ ਮੁੱਖ ਮੁਲਜ਼ਮ ਨੂੰ ਮੌਕੇ ਤੋਂ ਕਾਬੂ ਕਰ ਲਿਆ, ਜਦਕਿ ਉਸ ਦੇ ਬਾਕੀ ਸਾਥੀ ਫਰਾਰ ਹੋਣ ਵਿੱਚ ਕਾਮਯਾਬ ਹੋ ਗਏ। ਮੌਕੇ ਤੋਂ 7 ਵੱਡੇ ਅਤੇ 7 ਛੋਟੇ ਗੈਸ ਸਿਲੰਡਰ ਬਰਾਮਦ ਕੀਤੇ ਗਏ ਹਨ। ਨਗਰ ਨਿਗਮ ਦੇ ਜ਼ੋਨ-ਡੀ ਵਿੱਚ ਤਾਇਨਾਤ ਫੂਡ ਸਪਲਾਈ ਅਧਿਕਾਰੀ ਨਿਤਿਨ ਕਾਲੀਆ ਦੀ ਸ਼ਿਕਾਇਤ ਉੱਤੇ ਪੁਲੀਸ ਨੇ ਚੰਦਨ ਸਾਹਨੀ, ਸ਼ੇਖਰ ਸਾਹਨੀ, ਅੰਸਾਰੀ ਅਤੇ ਸੱਤ ਹੋਰ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ। ਪੁਲੀਸ ਵੱਲੋਂ ਗ੍ਰਿਫ਼ਤਾਰ ਮੁਲਜ਼ਮ ਚੰਦਨ ਸਾਹਨੀ ਤੋਂ ਬਾਰੀਕੀ ਨਾਲ ਪੁੱਛਗਿੱਛ ਕੀਤੀ ਜਾ ਰਹੀ ਹੈ।
ਸਹਾਇਕ ਖੁਰਾਕ ਤੇ ਸਪਲਾਈ ਅਫ਼ਸਰ ਨਿਤਿਨ ਕਾਲੀਆ ਅਨੁਸਾਰ ਉਨ੍ਹਾਂ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਮੋਤੀ ਨਗਰ ਇਲਾਕੇ ਵਿੱਚ ਵੱਡੇ ਪੱਧਰ ਉੱਤੇ ਗੈਸ ਦੀ ਨਾਜਾਇਜ਼ ਰੀਫਿਲਿੰਗ ਦਾ ਧੰਦਾ ਚੱਲ ਰਿਹਾ ਹੈ। ਇਸ ਤਹਿਤ ਵੱਡੇ ਸਿਲੰਡਰਾਂ ਵਿੱਚੋਂ ਕੱਢ ਕੇ ਗੈਸ ਛੋਟੇ ਸਿਲੰਡਰਾਂ ਵਿੱਚ ਭਰੀ ਜਾਂਦੀ ਸੀ। ਇਸ ਜਾਣਕਾਰੀ ਦੇ ਆਧਾਰ ਉੱਤੇ ਵਿਭਾਗ ਦੇ ਇੰਸਪੈਕਟਰ ਮਨਿੰਦਰ ਪਾਲ ਸਿੰਘ ਖੁਰਾਣਾ, ਜਤਿੰਦਰ ਕਪਿਲ, ਅਜੈ ਕੁਮਾਰ, ਦਵਿੰਦਰ ਸਿੰਘ ਅਤੇ ਪਰਵਿੰਦਰ ਲੱਧੜ ਦੀ ਸਾਂਝੀ ਟੀਮ ਨੇ ਦੱਸੇ ਗਏ ਟਿਕਾਣੇ ’ਤੇ ਛਾਪਾ ਮਾਰਿਆ। ਟੀਮ ਨੇ ਮੌਕੇ ਤੋਂ ਚੰਦਨ ਸਾਹਨੀ ਨੂੰ ਰੰਗੇ ਹੱਥੀਂ ਕਾਬੂ ਕਰ ਲਿਆ। ਦੁਕਾਨ ਵਿੱਚ ਕਈ ਘਰੇਲੂ ਅਤੇ ਉਦਯੋਗਿਕ ਸਿਲੰਡਰ ਪਏ ਸਨ ਅਤੇ ਪਲਾਸਟਿਕ ਦੀਆਂ ਪਾਈਪਾਂ ਤੇ ਨੋਜ਼ਲ ਲਗਾ ਕੇ ਖ਼ਤਰਨਾਕ ਢੰਗ ਨਾਲ ਗੈਸ ਬਦਲੀ ਜਾ ਰਹੀ ਸੀ। ਜਦੋਂ ਅਧਿਕਾਰੀਆਂ ਨੇ ਦਸਤਾਵੇਜ਼ ਮੰਗੇ ਤਾਂ ਮੁਲਜ਼ਮ ਕੋਈ ਤਸੱਲੀਬਖ਼ਸ਼ ਜਵਾਬ ਨਾ ਦੇ ਸਕਿਆ।
ਸਰਕਾਰੀ ਗੱਡੀ ਉੱਤੇ ਪਥਰਾਅ
ਜਦੋਂ ਸਰਕਾਰੀ ਟੀਮ ਨੇ ਨਾਜਾਇਜ਼ ਸਿਲੰਡਰ ਜ਼ਬਤ ਕਰ ਕੇ ਗੱਡੀ ਵਿੱਚ ਰੱਖਣੇ ਸ਼ੁਰੂ ਕੀਤੇ ਤਾਂ ਮਾਹੌਲ ਤਣਾਅਪੂਰਨ ਹੋ ਗਿਆ। ਮੁਲਜ਼ਮ ਚੰਦਨ ਸਾਹਨੀ ਨੇ ਆਪਣੇ ਸਾਥੀਆਂ ਸ਼ੇਖਰ ਸਾਹਨੀ, ਕਾਮਰੇਡ ਅੰਸਾਰੀ ਅਤੇ ਅੱਧਾ ਦਰਜਨ ਹੋਰ ਬੰਦਿਆਂ ਨੂੰ ਉੱਥੇ ਬੁਲਾ ਲਿਆ। ਇਨ੍ਹਾਂ ਸਾਰਿਆਂ ਨੇ ਰਲ ਕੇ ਨਾ ਸਿਰਫ਼ ਸਰਕਾਰੀ ਟੀਮ ਨੂੰ ਘੇਰਿਆ ਸਗੋਂ ਸਰਕਾਰੀ ਗੱਡੀ ਉੱਤੇ ਪਥਰਾਅ ਵੀ ਕੀਤਾ। ਇਸ ਘਟਨਾ ਮਗਰੋਂ ਤੁਰੰਤ ਪੁਲੀਸ ਨੂੰ ਸੂਚਿਤ ਕੀਤਾ ਗਿਆ। ਮੋਤੀ ਨਗਰ ਪੁਲੀਸ ਨੇ ਕਾਰਵਾਈ ਕਰਦਿਆਂ ਵਿਸ਼ਵਕਰਮਾ ਕਲੋਨੀ ਦੇ ਮੁੱਖ ਮੁਲਜ਼ਮ ਚੰਦਨ ਸਾਹਨੀ ਨੂੰ ਕਾਬੂ ਕਰ ਲਿਆ। ਪੁਲੀਸ ਨੇ ਉਸ ਦੀ ਨਿਸ਼ਾਨਦੇਹੀ ਉੱਤੇ 7 ਵੱਡੇ ਅਤੇ 7 ਛੋਟੇ ਗੈਸ ਸਿਲੰਡਰ ਕਬਜ਼ੇ ਵਿੱਚ ਲਏ ਹਨ। ਪੁਲੀਸ ਅਧਿਕਾਰੀ ਮੁਲਜ਼ਮ ਤੋਂ ਪੁੱਛਗਿੱਛ ਕਰ ਰਹੇ ਹਨ ਤਾਂ ਜੋ ਪਤਾ ਲੱਗ ਸਕੇ ਕਿ ਇਹ ਗੈਰ-ਕਾਨੂੰਨੀ ਧੰਦਾ ਕਦੋਂ ਤੋਂ ਚੱਲ ਰਿਹਾ ਸੀ ਅਤੇ ਇਸ ਦੇ ਮੁੱਖ ਸਪਲਾਇਰ ਕੌਣ ਹਨ। ਫਰਾਰ ਮੁਲਜ਼ਮਾਂ ਦੀ ਭਾਲ ਲਈ ਛਾਪੇਮਾਰੀ ਜਾਰੀ ਹੈ।

