Hit and Run: ਟਰੱਕ ਚਾਲਕ ਨੇ ਕਈ ਵਾਹਨਾਂ ਨੂੰ ਟੱਕਰ ਮਾਰੀ
ਸਨਅਤੀ ਸ਼ਹਿਰ ਦੇ ਮੋਤੀ ਨਗਰ ਇਲਾਕੇ ਵਿੱਚ ਅੱਜ ਬੇਕਾਬੂ ਟਰੱਕ ਨੇ ਸੜਕ ’ਤੇ ਕਈ ਗੱਡੀਆਂ ਨੂੰ ਟੱਕਰ ਮਾਰ ਦਿੱਤੀ। ਟੱਕਰ ਇੰਨੀ ਜ਼ਬਰਦਸਤ ਸੀ ਕਿ ਦੋ ਈ-ਰਿਕਸ਼ੇ ਪੂਰੀ ਤਰ੍ਹਾਂ ਚਕਨਾਚੂਰ ਹੋ ਗਏ ਜਦਕਿ ਇੱਕ ਮੋਟਰਸਾਈਕਲ ਸਵਾਰ ਨੌਜਵਾਨ ਜ਼ਖ਼ਮੀ ਹੋ ਗਿਆ। ਵਾਰਦਾਤ...
ਸਨਅਤੀ ਸ਼ਹਿਰ ਦੇ ਮੋਤੀ ਨਗਰ ਇਲਾਕੇ ਵਿੱਚ ਅੱਜ ਬੇਕਾਬੂ ਟਰੱਕ ਨੇ ਸੜਕ ’ਤੇ ਕਈ ਗੱਡੀਆਂ ਨੂੰ ਟੱਕਰ ਮਾਰ ਦਿੱਤੀ। ਟੱਕਰ ਇੰਨੀ ਜ਼ਬਰਦਸਤ ਸੀ ਕਿ ਦੋ ਈ-ਰਿਕਸ਼ੇ ਪੂਰੀ ਤਰ੍ਹਾਂ ਚਕਨਾਚੂਰ ਹੋ ਗਏ ਜਦਕਿ ਇੱਕ ਮੋਟਰਸਾਈਕਲ ਸਵਾਰ ਨੌਜਵਾਨ ਜ਼ਖ਼ਮੀ ਹੋ ਗਿਆ। ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਮੁਲਜ਼ਮ ਚਾਲਕ ਮੌਕੇ ’ਤੇ ਹੀ ਆਪਣਾ ਟਰੱਕ ਛੱਡ ਕੇ ਫ਼ਰਾਰ ਹੋ ਗਿਆ। ਸੂਚਨਾ ਮਿਲਦਿਆਂ ਪੁਲੀਸ ਨੇ ਜ਼ਖ਼ਮੀਆਂ ਨੂੰ ਹਸਪਤਾਲ ਪਹੁੰਚਾਇਆ ਅਤੇ ਟਰੱਕ ਨੂੰ ਜ਼ਬਤ ਕਰ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਘਟਨਾ ਮੌਕੇ ਹਾਜ਼ਰ ਲੋਕਾਂ ਨੇ ਦੱਸਿਆ ਕਿ ਮੋਤੀ ਨਗਰ ਦੀ ਮੁੱਖ ਸੜਕ ’ਤੇ ਆ ਰਹੇ ਟਰੱਕ ਦੀ ਰਫ਼ਤਾਰ ਕਾਫ਼ੀ ਤੇਜ਼ ਸੀ। ਇਸੇ ਦੌਰਾਨ ਚਾਲਕ ਵਾਹਨ ਉੱਪਰੋਂ ਆਪਣਾ ਸੰਤੁਲਨ ਖੋਹ ਬੈਠਾ ਅਤੇ ਅੱਗੇ ਚੱਲ ਰਹੇ ਵਾਹਨਾਂ ਨੂੰ ਟੱਕਰ ਮਾਰ ਦਿੱਤੀ। ਇਸ ਹਾਦਸੇ ਵਿੱਚ ਮੋਟਰਸਾਈਕਲ ਸਵਾਰ ਮੋਹਿਤ ਨਾਮਕ ਨੌਜਵਾਨ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਿਆ। ਸੜਕ ’ਤੇ ਡਿੱਗਣ ਕਾਰਨ ਉਸ ਦੇ ਡੂੰਘੀਆਂ ਸੱਟਾਂ ਵੱਜੀਆਂ। ਇਸ ਤੋਂ ਬਾਅਦ ਟਰੱਕ ਨੇ ਸੜਕ ’ਤੇ ਚੱਲ ਰਹੇ ਦੋ ਈ-ਰਿਕਸ਼ਿਆਂ ਨੂੰ ਵੀ ਟੱਕਰ ਮਾਰ ਦਿੱਤੀ ਜੋ ਪੂਰੀ ਤਰ੍ਹਾਂ ਨੁਕਸਾਨੇ ਗਏ। ਹਾਦਸੇ ਵੇਲੇ ਟਿੱਬਾ ਰੋਡ ਦੇ ਰਹਿਣ ਵਾਲੇ ਈ-ਰਿਕਸ਼ਾ ਚਾਲਕ ਤਾਰਕੇਸ਼ਵਰ ਪਾਂਡੇ ਅਤੇ ਬਾਜੜਾ ਵਾਸੀ ਚਾਲਕ ਨਰੇਸ਼ ਕੁਮਾਰ ਆਪਣੀਆਂ ਸਵਾਰੀਆਂ ਲੈ ਕੇ ਜਾ ਰਹੇ ਸਨ। ਨਰੇਸ਼ ਨੇ ਦੱਸਿਆ ਕਿ ਉਸ ਦੇ ਰਿਕਸ਼ੇ ਵਿੱਚ ਕਰੀਬ ਪੰਜ ਯਾਤਰੀ ਸਵਾਰ ਸਨ। ਟਰੱਕ ਦੀ ਟੱਕਰ ਕਾਰਨ ਰਿਕਸ਼ਾ ਪੂਰੀ ਤਰ੍ਹਾਂ ਟੁੱਟ ਗਿਆ ਪਰ ਸਵਾਰੀਆਂ ਦਾ ਬਚਾਅ ਹੋ ਗਿਆ। ਸੂਚਨਾ ਮਿਲਦਿਆਂ ਹੀ ਏ ਐੱਸ ਆਈ ਸਰਬਜੀਤ ਸਿੰਘ ਪੁਲੀਸ ਫੋਰਸ ਸਣੇ ਮੌਕੇ ’ਤੇ ਪਹੁੰਚੇ। ਪੁਲੀਸ ਟੀਮ ਨੇ ਸਭ ਤੋਂ ਪਹਿਲਾਂ ਵਿਚਕਾਰ ਸੜਕ ’ਤੇ ਹਾਦਸਾਗ੍ਰਸਤ ਪਏ ਵਾਹਨਾਂ ਨੂੰ ਕਰੇਨ ਦੀ ਮਦਦ ਨਾਲ ਇੱਕ ਪਾਸੇ ਕਰਵਾਇਆ ਤੇ ਆਵਾਜਾਈ ਬਹਾਲ ਕੀਤੀ।

