Sikh Groups Block Ludhiana Highway: ਮੁਲਜ਼ਮ ਦੀ ਗ੍ਰਿਫ਼ਤਾਰੀ ਲਈ ਹਾਈਵੇਅ ਜਾਮ
ਸੋਸ਼ਲ ਮੀਡੀਆ ’ਤੇ ਸਿੱਖ ਕੌਮ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦਾ ਦੋਸ਼ ; ਪੁਲੀਸ ਦੇ ਭਰੋਸੇ ਮਗਰੋਂ ਧਰਨਾ ਚੁੱਕਿਆ
ਸੋਸ਼ਲ ਮੀਡੀਆ ’ਤੇ ਸਿੱਖ ਗੁਰੂ ਸਾਹਿਬਾਨ ਅਤੇ ਸਿੱਖ ਧਰਮ ਵਿਰੁੱਧ ਕਥਿਤ ਤੌਰ ’ਤੇ ਇਤਰਾਜ਼ਯੋਗ ਸ਼ਬਦਾਵਲੀ ਵਰਤਣ ਵਾਲੇ ਸ਼ਿਵ ਸੈਨਿਕ ਚੇਤਨ ਸ਼ਰਮਾ ਦੀ ਗ੍ਰਿਫ਼ਤਾਰੀ ਦੀ ਮੰਗ ਨੂੰ ਲੈ ਕੇ ਅੱਜ ਪੰਥਕ ਧਿਰਾਂ ਅਤੇ ਇਲਾਕੇ ਦੀ ਸੰਗਤ ਵੱਲੋਂ ਸਮਰਾਲਾ ਚੌਕ ਤੋਂ ਬਸਤੀ ਜੋਧੇਵਾਲ ਚੌਕ ਤੱਕ ਮੁੱਖ ਸੜਕ ’ਤੇ ਧਰਨਾ ਦਿੱਤਾ ਗਿਆ, ਜਿਸ ਕਾਰਨ ਆਵਾਜਾਈ ਪੂਰੀ ਤਰ੍ਹਾਂ ਠੱਪ ਹੋ ਗਈ। ਜਾਮ ਕਾਰਨ ਅੰਮ੍ਰਿਤਸਰ-ਦਿੱਲੀ ਹਾਈਵੇਅ ਅਤੇ ਨੇੜਲੀਆਂ ਲਿੰਕ ਸੜਕਾਂ ’ਤੇ ਵਾਹਨਾਂ ਦੀਆਂ ਲੰਮੀਆਂ ਕਤਾਰਾਂ ਲੱਗ ਗਈਆਂ, ਜਿਸ ਕਾਰਨ ਰਾਹਗੀਰਾਂ ਨੂੰ ਸਖ਼ਤ ਗਰਮੀ ਅਤੇ ਹੁੰਮਸ ਵਿੱਚ ਭਾਰੀ ਪ੍ਰੇਸ਼ਾਨੀ ਝੱਲਣੀ ਪਈ। ਮੁਜ਼ਾਹਰਾਕਾਰੀਆਂ ਨੇ ਪੁਲੀਸ ਪ੍ਰਸ਼ਾਸਨ ਖ਼ਿਲਾਫ਼ ਜ਼ੋਰਦਾਰ ਨਾਅਰੇਬਾਜ਼ੀ ਕੀਤੀ। ਇਸ ਮੌਕੇ ਸਾਬਕਾ ਬੰਦੀ ਸਿੰਘ ਭਵਨਦੀਪ ਸਿੰਘ ਸਿੱਧੂ ਅਤੇ ਜਰਨੈਲ ਸਿੰਘ ਬੈਂਸ ਨੇ ਕਿਹਾ ਕਿ ਅਜਿਹੇ ਸ਼ਰਾਰਤੀ ਅਨਸਰ ਪੰਜਾਬ ਦਾ ਸ਼ਾਂਤ ਮਾਹੌਲ ਖ਼ਰਾਬ ਕਰ ਰਹੇ ਹਨ। ਉਨ੍ਹਾਂ ਮੰਗ ਕੀਤੀ ਕਿ ਹਿੰਦੂ-ਸਿੱਖ ਭਾਈਚਾਰੇ ਵਿੱਚ ਦਰਾਰ ਪੈਦਾ ਕਰਨ ਵਾਲੇ ਅਜਿਹੇ ਲੋਕਾਂ ਦੀ ਸੁਰੱਖਿਆ ਤੁਰੰਤ ਵਾਪਸ ਲੈ ਕੇ ਉਨ੍ਹਾਂ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇ।
ਸਥਿਤੀ ਨੂੰ ਦੇਖਦਿਆਂ ਸੀਨੀਅਰ ਪੁਲੀਸ ਅਧਿਕਾਰੀ ਭਾਰੀ ਫੋਰਸ ਸਮੇਤ ਮੌਕੇ ’ਤੇ ਪਹੁੰਚੇ। ਮੁਜ਼ਾਹਰਾਕਾਰੀ ਮੁਲਜ਼ਮ ਦੀ ਤੁਰੰਤ ਗ੍ਰਿਫ਼ਤਾਰੀ ਦੀ ਮੰਗ ’ਤੇ ਅੜੇ ਰਹੇ, ਪਰ ਬਾਅਦ ਵਿੱਚ ਡੀ ਸੀ ਪੀ ਹਰਪਾਲ ਸਿੰਘ ਵੱਲੋਂ ਸਿੱਖ ਆਗੂਆਂ ਦੇ ਵਫ਼ਦ ਨੂੰ ਭਲਕੇ ਮੁਲਾਕਾਤ ਲਈ ਸਮਾਂ ਦੇਣ ਦੇ ਭਰੋਸੇ ਮਗਰੋਂ ਇਹ ਧਰਨਾ ਖ਼ਤਮ ਕੀਤਾ ਗਿਆ।
ਧਰਨਾਕਾਰੀਆਂ ਨੇ ਚਿਤਾਵਨੀ ਦਿੱਤੀ ਕਿ ਜੇ 10 ਦਿਨਾਂ ਦੇ ਅੰਦਰ ਮੁਲਜ਼ਮ ਨੂੰ ਗ੍ਰਿਫ਼ਤਾਰ ਨਾ ਕੀਤਾ ਗਿਆ, ਤਾਂ ਸਿੱਖ ਜਥੇਬੰਦੀਆਂ ਸਤਲੁਜ ਅਤੇ ਹਰੀਕੇ ਪੱਤਣ ਦਰਿਆ ’ਤੇ ਪੱਕਾ ਧਰਨਾ ਲਾ ਕੇ ਮੁਕੰਮਲ ਆਵਾਜਾਈ ਠੱਪ ਕਰਨਗੀਆਂ।

