ਤੇਜ਼ ਰਫ਼ਤਾਰ ਫਾਰਚੂਨਰ ਸੜਕ ਦੇ ਵਿਚਕਾਰ ਪਲਟੀ
ਬੀ ਆਰ ਐੱਸ ਨਗਰ ਨੇੜੇ ਤਡ਼ਕਸਾਰ ਵਾਪਰਿਅਾ ਹਾਦਸਾ; ਪੁਲੀਸ ਵੱਲੋਂ ਜਾਂਚ ਜਾਰੀ
ਲੁਧਿਆਣਾ ਦੇ ਬੀ ਆਰ ਐੱਸ ਨਗਰ ਨੇੜੇ ਐਤਵਾਰ ਤੜਕੇ ਇੱਕ ਤੇਜ ਰਫਤਾਰ ਫਾਰਚੂਨਰ ਕਾਰ ਪਲਟਣ ਤੋਂ ਬਾਅਦ ਚਕਨਾਚੂਰ ਹੋ ਗਈ। ਗੱਡੀ ਦੀ ਰਫਤਾਰ ਦਾ ਅੰਦਾਜ਼ਾ ਇਸ ਤੋਂ ਲਾਇਆ ਜਾ ਸਕਦਾ ਹੈ ਕਿ ਹਾਦਸੇ ਤੋਂ ਬਾਅਦ ਸੁਰੱਖਿਆ ਲਈ ਸੀਟਾਂ ਅੱਗ ਲਾਏ ਏਅਰ ਬੈਗ ਵੀ ਫਟ ਗਏ ਅਤੇ ਟਾਇਰ ਇੱਧਰ-ਉੱਧਰ ਖਿੰਡ ਗਏ। ਹਾਦਸੇ ਤੋਂ ਪਹਿਲਾਂ ਇਹ ਫਾਰਚੂਨਰ ਕਾਰ ਵੱਲੋਂ ਇੱਕ ਹੋਰ ਵਾਹਨ ਨੂੰ ਵੀ ਟੱਕਰ ਮਾਰੇ ਜਾਣ ਦਾ ਪਤਾ ਲੱਗਾ ਹੈ। ਇਸ ਹਾਦਸੇ ’ਚ ਖਾਸ ਗੱਲ ਇਹ ਰਹੀ ਕਿ ਕਾਰ ਚਾਲਕ ਸੁਰੱਖਿਅਤ ਬਚ ਗਿਆ। ਪੁਲੀਸ ਵੱਲੋਂ ਮਾਮਲੇ ਦੀ ਹੋਰ ਜਾਂਚ ਕੀਤੀ ਜਾ ਰਹੀ ਹੈ। ਪ੍ਰਾਪਤ ਹੋਈ ਜਾਣਕਾਰੀ ਅਨੁਸਾਰ ਇਹ ਹਾਦਸਾ ਐਤਵਾਰ ਤੜਕੇ ਕਰੀਬ ਦੋ-ਢਾਈ ਵਜੇ ਦੇ ਵਿਚਕਾਰ ਵਾਪਰਿਆ ਸੀ। ਇਹ ਖਦਸ਼ਾ ਪ੍ਰਗਟਾਇਆ ਜਾ ਰਿਹਾ ਹੈ ਕਿ ਹਾਦਸੇ ਮੌਕੇ ਗੱਡੀ ਦੀ ਸਪੀਡ ਬਹੁਤ ਜ਼ਿਆਦਾ ਸੀ, ਜਿਸ ਕਰਕੇ ਚਾਲਕ ਸੰਤੁਲਨ ਬਣਾ ਕੇ ਰੱਖਣ ਵਿੱਚ ਅਸਫਲ ਰਿਹਾ ਅਤੇ ਗੱਡੀ ਬੀ ਆਰ ਐੱਸ ਨਗਰ ਨੇੜੇ ਸੜਕ ਦੇ ਵਿਚਕਾਰ ਪਲਟ ਗਈ। ਪਲਟਣ ਤੋਂ ਗੱਡੀ ਦੇ ਪਰਖੱਚੇ ਉੱਡ ਗਏ, ਟਾਇਰ ਫਟ ਗਏ, ਇੱਕ ਟਰਾਇਰ ਦਾ ਗੱਡੀ ਤੋਂ ਹੀ ਅਲੱਗ ਹੋ ਗਿਆ। ਹੋਰ ਤਾਂ ਹੋਰ ਗੱਡੀ ਵਿੱਚ ਸਵਾਰੀਆਂ ਦੀ ਸੁਰੱਖਿਆ ਲਈ ਲਾਏ ਏਅਰ ਬੈਗ ਵੀ ਪੂਰੀ ਤਰ੍ਹਾਂ ਫਟ ਗਏ। ਪੁਲੀਸ ਦੀ ਮੁਢਲੀ ਜਾਂਚ ’ਚ ਇਹ ਸਾਹਮਣੇ ਆਇਆ ਕਿ ਇਸ ਫਾਰਚੂਨਰ ਗੱਡੀ ਨੇ ਪਹਿਲਾਂ ਪੀ ਏ ਯੂ ਦੇ ਨੇੜੇ ਵੀ ਇੱਕ ਗੱਡੀ ਨੂੰ ਟੱਕਰ ਮਾਰੀ ਸੀ। ਇਹ ਅੰਦਾਜ਼ਾ ਲਾਇਆ ਜਾ ਰਿਹਾ ਹੈ ਕਿ ਟੱਕਰ ਤੋਂ ਬਾਅਦ ਆਪਣੇ ਬਚਾਅ ਲਈ ਚਾਲਕ ਨੇ ਗੱਡੀ ਦੀ ਰਫਤਾਰ ਹੋਰ ਤੇਜ਼ ਕਰ ਦਿੱਤੀ ਅਤੇ ਇਹ ਹਾਦਸਾ ਵਾਪਰ ਗਿਆ। ਇਸ ਹਾਦਸੇ ’ਚ ਚੰਗੀ ਗੱਲ ਇਹ ਰਹੀ ਕਿ ਕਿਸੇ ਦਾ ਕੋਈ ਜਾਨੀ ਨੁਕਸਾਨ ਨਹੀਂ ਹੋਇਆ। ਗੱਡੀ ਦਾ ਚਾਲਕ ਵੀ ਸੁਰੱਖਿਅਤ ਦੱਸਿਆ ਜਾ ਰਿਹਾ ਹੈ। ਇਹ ਹਾਦਸਾ ਇਸ ਕਰਕੇ ਵੀ ਸ਼ੱਕ ਦੇ ਘੇਰੇ ’ਚ ਆ ਗਿਆ ਕਿ ਹਾਦਸਾਗ੍ਰਸਤ ਗੱਡੀ ’ਤੇ ਕੋਈ ਨੰਬਰ ਪਲੇਟ ਨਹੀਂ ਸੀ। ਪੁਲੀਸ ਵੱਲੋਂ ਬਿਨਾਂ ਨੰਬਰ ਵਾਲੀ ਗੱਡੀ ਨੂੰ ਕਬਜ਼ੇ ਵਿੱਚ ਲੈ ਕੇ ਹੋਰ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਪੁਲੀਸ ਵੱਲੋਂ ਇਸ ਦੇ ਮਾਲਕ ਤੱਕ ਪਹੁੰਚ ਲਈ ਵੱਖ ਵੱਖ ਥਾਵਾਂ ’ਤੇ ਲੱਗੇ ਸੀ ਸੀ ਟੀ ਵੀ ਕੈਮਰਿਆਂ ਦੀ ਘੋਖ ਵੀ ਕੀਤੀ ਜਾ ਰਹੀ ਹੈ।

