ਹਾਈ ਅਲਰਟ: ਥਾਣਿਆਂ ਤੇ ਸਰਕਾਰੀ ਇਮਾਰਤਾਂ ਦੀ ਸੁਰੱਖਿਆ ਵਧਾਈ : The Tribune India

ਹਾਈ ਅਲਰਟ: ਥਾਣਿਆਂ ਤੇ ਸਰਕਾਰੀ ਇਮਾਰਤਾਂ ਦੀ ਸੁਰੱਖਿਆ ਵਧਾਈ

ਥਾਣਿਆਂ ਦੇ ਬਾਹਰ ਰੇਤ ਦੀਆਂ ਬੋਰੀਆਂ ਨਾਲ ਬੰਕਰ ਬਣਾਏ; ਲਾਇਸੈਂਸੀ ਹਥਿਆਰਾਂ ਦਾ ਜਾਇਜ਼ਾ ਲਿਆ

ਹਾਈ ਅਲਰਟ: ਥਾਣਿਆਂ ਤੇ ਸਰਕਾਰੀ ਇਮਾਰਤਾਂ ਦੀ ਸੁਰੱਖਿਆ ਵਧਾਈ

ਥਾਣਾ ਬਸਤੀ ਜੋਧੇਵਾਲ ਦੇ ਬਾਹਰ ਲਗਾਈਆਂ ਗਈਆਂ ਰੇਤ ਦੀਆਂ ਬੋਰੀਆਂ। -ਫੋਟੋ: ਹਿਮਾਂਸ਼ੂ

ਗਗਨਦੀਪ ਅਰੋੜਾ

ਲੁਧਿਆਣਾ, 5 ਦਸੰਬਰ

ਪੰਜਾਬ ’ਚ ਲਗਾਤਾਰ ਮਾਹੌਲ ਨੂੰ ਦੇਖਦਿਆਂ ਤੇ ਖੁਫ਼ੀਆ ਏਜੰਸੀਆਂ ਦੇ ਅਲਰਟ ਤੋਂ ਬਾਅਦ ਪੰਜਾਬ ਦੇ ਸਾਰੇ ਪੁਲੀਸ ਸਟੇਸ਼ਨਾਂ ਅਤੇ ਸਰਕਾਰੀ ਇਮਾਰਤਾਂ ਦੀ ਸੁਰੱਖਿਆ ਵਧਾਉਣ ਦੇ ਹੁਕਮ ਜਾਰੀ ਕਰ ਦਿੱਤੇ ਗਏ ਹਨ। 

ਇਸ ਤੋਂ ਪਹਿਲਾਂ ਵੀ ਧਮਕੀ ਮਗਰੋਂ ਖੁਫ਼ੀਆ ਇਨਪੁੱਟਸ ਆਏ ਸਨ ਤਾਂ ਸਰਕਾਰੀ ਇਮਾਰਤਾਂ ਦੇ ਨਾਲ ਨਾਲ ਸਾਰੇ ਪੁਲੀਸ ਸਟੇਸ਼ਨਾਂ ਦੀ ਸੁਰੱਖਿਆ ਵਧਾਈ ਗਈ ਸੀ। ਹੁਣ ਇਸ ਵਾਰ ਫਿਰ ਧਮਕੀ ਮਿਲੀ ਹੈ ਤੇ ਇਨਪੁੱਟਸ ਇਹ ਹਨ ਕਿ ਕਿਸੇ ਵੀ ਸਰਕਾਰੀ ਇਮਾਰਤ ਜਾਂ ਫਿਰ ਥਾਣੇ ਚੌਕੀਆਂ ’ਤੇ ਹਮਲਾ ਹੋ ਸਕਦਾ ਹੈ, ਜਿਸ ਮਗਰੋਂ ਪੰਜਾਬ ਪੁਲੀਸ ਪੂਰੀ ਤਰ੍ਹਾਂ ਅਲਰਟ ਹੋ ਚੁੱਕੀ ਹੈ। ਜੇਕਰ ਕਮਿਸ਼ਨਰੇਟ ਪੁਲੀਸ ਦੀ ਗੱਲ ਕੀਤੀ ਜਾਵੇ ਤਾਂ ਸ਼ਹਿਰ ਦੇ ਹਰ ਥਾਣਾ ਇੰਚਾਰਜ ਨੂੰ ਹੁਕਮ ਜਾਰੀ ਕਰ ਦਿੱਤੇ ਗਏ ਹਨ ਕਿ ਉਹ ਥਾਣੇ ਦੇ ਬਾਹਰ ਅਤੇ ਅੰਦਰ ਦੀ ਸੁਰੱਖਿਆ ਯਕੀਨੀ ਬਣਾਉਣ। 

ਇਹੀ ਹੁਕਮ ਚੌਕੀਆਂ ਨੂੰ ਦਿੱਤੇ ਗਏ ਹਨ ਕਿ ਸੁਰੱਖਿਆ ਦੇ ਪੁਖਤਾ ਪ੍ਰਬੰਧ ਕੀਤੇ ਜਾਣ ਤਾਂ ਕਿ ਕੋਈ ਵੀ ਸ਼ਰਾਰਤੀ ਅਨਸਰ ਮਾਹੌਲ ਖਰਾਬ ਨਾ ਕਰ ਸਕੇ। ਮੁਹਾਲੀ ਦੇ ਇੰਟੈਲੀਜੈਂਸ ਦਫ਼ਤਰ ’ਤੇ ਰਾਕੇਟ ਲਾਂਚਰ ਨਾਲ ਹਮਲਾ ਕਰਨ ਤੋਂ ਬਾਅਦ ਪੰਜਾਬ ’ਚ ਕਈ ਵੱਡੀਆਂ ਵਾਰਦਾਤਾਂ ਹੋਈਆਂ ਸਨ। ਜਿਸ ਤੋਂ ਬਾਅਦ ਪੰਜਾਬ ਪੁਲੀਸ ਦੇ ਉਚ ਅਧਿਕਾਰੀਆਂ ਦੇ ਵੱਲੋਂ ਸਰਕਾਰੀ ਇਮਾਰਤਾਂ ਦੇ ਨਾਲ ਨਾਲ ਸਾਰੇ ਥਾਣਿਆਂ ਤੇ ਚੌਕੀਆਂ ਦੇ ਬਾਹਰ ਸੁਰੱਖਿਆ ਵਿਵਸਥਾ ਸਖਤ ਕਰਨ ਦੇ ਹੁਕਮ ਜਾਰੀ ਕੀਤੇ ਗਏ ਸਨ। ਹਾਲਾਂਕਿ ਪੰਜਾਬ ਪੁਲੀਸ ਨੇ ਗੈਂਗਸਟਰਾਂ ਵੱਲੋਂ ਲਗਾਤਾਰ ਕੀਤੀਆਂ ਜਾ ਰਹੀਆਂ ਵਾਰਦਾਤਾਂ ਤੋਂ ਬਾਅਦ ਗਨ ਕਲਚਰ ਨੂੰ ਖਤਮ ਕਰਨ ਦੀ ਕੋਸ਼ਿਸ਼ ਕੀਤੀ ਹੈ।

ਗਾਣਿਆਂ ’ਤੇ ਵੀ ਪੂਰਨ ਪਾਬੰਦੀ ਲਾ ਦਿੱਤੀ ਗਈ ਹੈ ਤੇ ਇਸ ਤੋਂ ਬਾਅਦ ਨਾਲ ਹੀ ਲਾਇਸੈਂਸੀ ਹਥਿਆਰਾਂ ਦੀ ਵੀ ਚੈਕਿੰਗ ਕੀਤੀ ਜਾ ਰਹੀ ਹੈ। ਇਸ ਦੇ ਨਾਲ ਨਾਲ ਪੰਜਾਬ ਦੀਆਂ ਖੁਫ਼ੀਆ ਏਜੰਸੀਆਂ ਨੂੰ ਇਨਪੁਟਸ ਮਿਲੇ ਹਨ ਕਿ ਪੰਜਾਬ ਦਾ ਮਾਹੌਲ ਖਰਾਬ ਕਰਨ ਵਾਲੇ ਫਿਰ ਤੋਂ ਪੰਜਾਬ ’ਚ ਕਿਸੇ ਸਰਕਾਰੀ ਇਮਾਰਤ ਜਾਂ ਫਿਰ ਥਾਣਾ-ਚੌਕੀ ਨੂੰ ਨਿਸ਼ਾਨਾ ਬਣਾ ਸਕਦੇ ਹਨ। ਜਿਸ ਤੋਂ ਬਾਅਦ ਲਿਖਤੀ ਰੂਪ ’ਚ ਫਿਰ ਤੋਂ ਸਰਕਾਰੀ ਇਮਾਰਤਾਂ, ਥਾਣਿਆਂ ਅਤੇ ਚੌਂਕੀਆਂ ਦੇ ਬਾਹਰ ਸੁਰੱਖਿਆ ਵਧਾ ਦਿੱਤੀ ਗਈ ਹੈ। ਸਨਅਤੀ ਸ਼ਹਿਰ ਦੇ ਹਰ ਥਾਣੇ ’ਚ ਹੁਕਮ ਜਾਰੀ ਕੀਤੇ ਗਏ ਸਨ ਕਿ ਸੁਰੱਖਿਆ ਨੂੰ ਯਕੀਨੀ ਬਣਾਇਆ ਜਾਵੇ ਅਤੇ ਥਾਣੇ ਦੇ ਬਾਹਰ ਰੇਤੇ ਦੀਆਂ ਬੋਰੀਆਂ ਲਾ ਕੇ ਬੰਕਰ ਬਣਾਏ ਜਾਣ। ਇਸ ਦੇ ਨਾਲ ਨਾਲ ਜੋ ਚੌਕੀਆਂ ਤੇ ਥਾਣੇ ਬਾਹਰੀ ਇਲਾਕਿਆਂ ’ਚ ਬਣੇ ਹੋਏ ਹਨ, ਉਨ੍ਹਾਂ ਦੇ ਸੁਰੱਖਿਆ ਪ੍ਰਬੰਧ ਵੀ ਸਖਤ ਕੀਤੇ ਜਾਣ। ਹਰ ਸਰਕਾਰੀ ਇਮਾਰਤ ਦੀ ਸੁਰੱਖਿਆ ਦੁਬਾਰਾ ਚੈਕ ਕੀਤੀ ਜਾਵੇ ਤਾਂ ਕਿ ਕੋਈ ਅਣਹੋਣੀ ਨਾ ਹੋ ਸਕੇ।

ਥਾਣਿਆਂ ਦੀ ਸੁਰੱਖਿਆ ਦੇ ਪੁਖ਼ਤਾ ਪ੍ਰਬੰਧ ਦੀਆਂ ਹਦਾਇਤਾਂ: ਡੀਸੀਪੀ

ਡਿਪਟੀ ਕਮਿਸ਼ਨਰ ਆਫ਼ ਪੁਲੀਸ ਵਰਿੰਦਰ ਸਿੰਘ ਬਰਾੜ ਨੇ ਦੱਸਿਆ ਕਿ ਇਹ ਹੁਕਮ ਇਕੱਲੇ ਲੁਧਿਆਣਾ ਕਮਿਸ਼ਨਰੇਟ ਲਈ ਨਹੀਂ ਬਲਕਿ ਪੰਜਾਬ ਦੇ ਸਾਰੇ ਥਾਣਿਆਂ ਤੇ ਸਰਕਾਰੀ ਬਿਲਡਿੰਗਾਂ ਲਈ ਆਏ ਹਨ। ਖੁਫ਼ੀਆਂ ਇਨਪੁੱਟਸ ਤੋਂ ਬਾਅਦ ਸੁਰੱਖਿਆ ਦੁਬਾਰਾ ਚੈਕ ਕੀਤੀ ਜਾ ਰਹੀ ਹੈ। ਸੁਰੱਖਿਆ ਵਿਵਸਥਾ ਨੂੰ ਸਹੀ ਕਰਨ ਦੇ ਹੁਕਮ ਪਹਿਲਾਂ ਹੀ ਚੱਲ ਰਹੇ ਹਨ। ਹੁਣ ਫਿਰ ਪੁਲੀਸ ਨੂੰ ਪੂਰੀ ਤਰ੍ਹਾਂ ਅਲਰਟ ਲਈ ਆਖਿਆ ਗਿਆ ਹੈ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਸ਼ਹਿਰ

View All