Hi-Tech 'Monsoon War Room: ਹਾਈਟੈੱਕ ਕੰਟਰੋਲ ਸੈਂਟਰ ਦੀ ਸ਼ਹਿਰ ’ਤੇ 24 ਘੰਟੇ ਨਜ਼ਰ ਰਹੇਗੀ
1700 ਸੀ ਸੀ ਟੀ ਵੀ ਕੈਮਰਿਆਂ ਵਾਲਾ ‘ਮੌਨਸੂਨ ਵਾਰ ਰੂਮ’ ਸਥਾਪਤ ਕੀਤਾ; ਮੌਨਸੂਨ ਲਈ ਜਲਦੀ ਸ਼ੁਰੂ ਕਰਾਂਗੇ ਹੈਲਪਲਾਈਨ: ਬੈਂਸ
ਮੌਨਸੂਨ ਦੇ ਸੀਜ਼ਨ ਦੌਰਾਨ ਸ਼ਹਿਰ ਵਾਸੀਆਂ ਨੂੰ ਜਲ-ਥਲ ਅਤੇ ਹੋਰ ਮੁਸ਼ਕਲਾਂ ਤੋਂ ਨਿਜਾਤ ਦਿਵਾਉਣ ਲਈ ਨਗਰ ਨਿਗਮ ਲੁਧਿਆਣਾ ਵੱਲੋਂ ਆਧੁਨਿਕ ਅਤੇ ਹਾਈਟੈੱਕ ‘ਮੌਨਸੂਨ ਵਾਰ ਰੂਮ’ ਸਥਾਪਤ ਕੀਤਾ ਗਿਆ ਹੈ। ਇਹ ਵਿਸ਼ੇਸ਼ ਕੰਟਰੋਲ ਸੈਂਟਰ ਸ਼ਹਿਰ ਵਿੱਚ ਲੱਗੇ 1700 ਸੀ ਸੀ ਟੀ ਵੀ ਕੈਮਰਿਆਂ ਰਾਹੀਂ 24 ਘੰਟੇ ਲਾਈਵ ਨਜ਼ਰ ਰੱਖੇਗਾ। ਪੰਜਾਬ ਦੇ ਸਥਾਨਕ ਸਰਕਾਰਾਂ ਬਾਰੇ ਮੰਤਰੀ ਹਰਜੋਤ ਸਿੰਘ ਬੈਂਸ ਨੇ ਬੀਤੇ ਦਿਨ ਨਗਰ ਨਿਗਮ ਦੇ ਜ਼ੋਨ-ਡੀ, ਸਰਾਭਾ ਨਗਰ ਵਿੱਚ ਬਣੇ ਇੰਟੀਗ੍ਰੇਟਿਡ ਕਮਾਂਡ ਐਂਡ ਕੰਟਰੋਲ ਸੈਂਟਰ (ਆਈ ਸੀ ਸੀ ਸੀ) ਵਿੱਚ ਜਾ ਕੇ ਇਸ ਵਾਰ ਰੂਮ ਦਾ ਬਾਰੀਕੀ ਨਾਲ ਨਿਰੀਖਣ ਕੀਤਾ। ਨਿਰੀਖਣ ਤੋਂ ਬਾਅਦ ਕੈਬਨਿਟ ਮੰਤਰੀ ਸ੍ਰੀ ਬੈਂਸ ਨੇ ਦੱਸਿਆ ਕਿ ਇਸ ਵਾਰ ਰੂਮ ਦੀਆਂ ਵੱਡੀਆਂ ਸਕਰੀਨਾਂ ’ਤੇ ਸ਼ਹਿਰ ਦੇ ਨੀਵੇਂ ਇਲਾਕਿਆਂ, ਮੁੱਖ ਚੌਕਾਂ ਅਤੇ ਸੰਵੇਦਨਸ਼ੀਲ ਡਰੇਨਾਂ ਦੀ ਲਾਈਵ ਐੱਚ ਡੀ ਫੁਟੇਜ ਦਿਖਾਈ ਦੇਵੇਗੀ। ਇਸ ਪ੍ਰਣਾਲੀ ਦੀ ਮਦਦ ਨਾਲ ਜਿੱਥੇ ਵੀ ਪਾਣੀ ਭਰਨ ਦੀ ਸਮੱਸਿਆ ਆਵੇਗੀ, ਉਸ ਦਾ ਸਕਿੰਟਾਂ ਵਿੱਚ ਪਤਾ ਲੱਗ ਜਾਵੇਗਾ ਅਤੇ ਨਿਗਮ ਦੀਆਂ ਫੀਲਡ ਟੀਮਾਂ ਨੂੰ ਤੁਰੰਤ ਮੌਕੇ ’ਤੇ ਰਵਾਨਾ ਕੀਤਾ ਜਾ ਸਕੇਗਾ। ਇਸ ਨਾਲ ਰਾਹਤ ਕਾਰਜਾਂ ਦਾ ਸਮਾਂ ਘੰਟਿਆਂ ਤੋਂ ਘਟ ਕੇ ਮਿੰਟਾਂ ਵਿੱਚ ਰਹਿ ਜਾਵੇਗਾ।
ਕੈਬਨਿਟ ਮੰਤਰੀ ਨੇ ਐਲਾਨ ਕੀਤਾ ਕਿ ਜਲਦੀ ਹੀ ਸਮਰਪਿਤ ਮੌਨਸੂਨ ਹੈਲਪਲਾਈਨ ਨੰਬਰ ਜਾਰੀ ਕੀਤਾ ਜਾਵੇਗਾ। ਸ਼ਹਿਰ ਦੇ ਲੋਕ ਇਸ ਨੰਬਰ ’ਤੇ ਜਲ-ਥਲ, ਜਾਮ ਜਾਂ ਸੀਵਰੇਜ ਓਵਰਫਲੋਅ ਦੀ ਸ਼ਿਕਾਇਤ ਦਰਜ ਕਰਵਾ ਸਕਣਗੇ। ਹਰੇਕ ਸ਼ਿਕਾਇਤ ਨੂੰ ਡਿਜੀਟਲ ਨਕਸ਼ੇ ’ਤੇ ਜੀਓ-ਟੈਗ ਕਰ ਕੇ ਸਭ ਤੋਂ ਨੇੜਲੀ ਟੀਮ ਨੂੰ ਸੌਂਪਿਆ ਜਾਵੇਗਾ ਅਤੇ ਹੱਲ ਹੋਣ ਤੱਕ ਨਿਗਰਾਨੀ ਰੱਖੀ ਜਾਵੇਗੀ। ਇਸ ਉਪਰੰਤ ਮੰਤਰੀ ਹਰਜੋਤ ਬੈਂਸ ਨੇ ਨਿਗਮ ਅਧਿਕਾਰੀਆਂ ਨਾਲ ਉੱਚ-ਪੱਧਰੀ ਸਮੀਖਿਆ ਮੀਟਿੰਗ ਕੀਤੀ ਅਤੇ ਮੌਨਸੂਨ ਨਾਲ ਨਜਿੱਠਣ ਲਈ ‘ਐਕਸ਼ਨ ਪਲਾਨ’ ਤਿਆਰ ਕੀਤਾ। ਉਨ੍ਹਾਂ ਅਧਿਕਾਰੀਆਂ ਨੂੰ ਬੁੱਢੇ ਦਰਿਆ ਅਤੇ ਮੁੱਖ ਸੀਵਰੇਜ ਲਾਈਨਾਂ ਦੀ ਸਫ਼ਾਈ (ਡੀਸਿਲਟਿੰਗ) ਮੁਕੰਮਲ ਕਰਨ, ਹਾਦਸਿਆਂ ਨੂੰ ਰੋਕਣ ਲਈ ਸਾਰੇ ਮੈਨਹੋਲਜ਼ ਨੂੰ ਢਕਣ, ਰੋਡ ਜਾਲੀਆਂ ਸਾਫ਼ ਕਰਨ ਅਤੇ ਟੁੱਟੀਆਂ ਸੜਕਾਂ ਦੀ ਤੁਰੰਤ ਮੁਰੰਮਤ ਦੇ ਸਖ਼ਤ ਨਿਰਦੇਸ਼ ਦਿੱਤੇ। ਉਨ੍ਹਾਂ ਤਾਕੀਦ ਕੀਤੀ ਕਿ ਐਮਰਜੈਂਸੀ ਡਿਊਟੀ ਵਿੱਚ ਲਾਪ੍ਰਵਾਹੀ ਬਰਦਾਸ਼ਤ ਨਹੀਂ ਹੋਵੇਗੀ। ਇਸ ਮੌਕੇ ਮੇਅਰ ਪ੍ਰਿੰਸੀਪਲ ਇੰਦਰਜੀਤ ਕੌਰ, ਨਿਗਮ ਕਮਿਸ਼ਨਰ ਓਜਸਵੀ ਅਲੰਕਾਰ, ਸੀਨੀਅਰ ਡਿਪਟੀ ਮੇਅਰ ਰਾਕੇਸ਼ ਪਰਾਸ਼ਰ, ਡਿਪਟੀ ਮੇਅਰ ਪ੍ਰਿੰਸ ਜੌਹਰ, ਜੁਆਇੰਟ ਕਮਿਸ਼ਨਰ ਤਪਨ ਭਨੋਟ ਅਤੇ ਅਸਿਸਟੈਂਟ ਕਮਿਸ਼ਨਰ ਜਸਦੇਵ ਸੇਖੋਂ ਵੀ ਹਾਜ਼ਰ ਸਨ।
