ਟ੍ਰਿਬਿਊਨ ਨਿਊਜ਼ ਸਰਵਿਸ
ਲੁਧਿਆਣਾ, 10 ਅਗਸਤ
ਸਨਅਤੀ ਸ਼ਹਿਰ ਦੀ ਪੁਲੀਸ ਨੇ ਇੱਕ ਅਜਿਹੇ ਤਸਕਰ ਨੂੰ ਗ੍ਰਿਫ਼ਤਾਰ ਕੀਤਾ ਹੈ, ਜੋ ਸਿਰਫ਼ ਇੱਕ ਹਜ਼ਾਰ ਰੁਪਏ ਦੀ ਦਿਹਾੜੀ ਲਈ ਹੈਰੋਇਨ ਤਸਕਰੀ ਦਾ ਧੰਦਾ ਕਰਦਾ ਸੀ। ਮੁਲਜ਼ਮ ਉਸ ਸਮੇਂ ਕਮਿਸ਼ਨਰੇਟ ਪੁਲੀਸ ਸੀਆਈਏ-2 ਦੇ ਹੱਥੇ ਚੜ੍ਹ ਗਿਆ ਜਦੋਂ ਮੁਲਜ਼ਮ ਮੋਟਰਸਾਈਕਲ ’ਤੇ ਸਵਾਰ ਹੋ ਕੇ ਸਪਲਾਈ ਕਰਨ ਲਈ ਜਾ ਰਿਹਾ ਸੀ। ਮੁਲਜ਼ਮ ਨੂੰ ਮੁਹੱਲਾ ਗੋਪਾਲ ਨਗਰ ਚੌਕ ਕੋਲ ਕਾਬੂ ਕਰ ਉਸ ਦੇ ਕਬਜ਼ੇ ’ਚੋਂ 30 ਗ੍ਰਾਮ ਹੈਰੋਇਨ ਦੇ ਨਾਲ ਨਾਲ ਨਸ਼ਾ ਤਸਕਰੀ ਦੇ ਧੰਦੇ ’ਚ ਵਰਤਿਆ ਜਾਂਦਾ ਮੋਟਰਸਾਈਕਲ ਬਰਾਮਦ ਕੀਤਾ ਹੈ। ਪੁਲੀਸ ਨੇ ਇਸ ਮਾਮਲੇ ’ਚ ਮੁਹੱਲਾ ਗੋਪਾਲ ਨਗਰ ਵਾਸੀ ਕਰਨਜੀਤ ਸਿੰਘ ਉਰਫ਼ ਸੋਨੂੰ ਖ਼ਿਲਾਫ਼ ਐਨਡੀਪੀਐਸ ਐਕਟ ਤਹਿਤ ਕੇਸ ਦਰਜ ਕਰ ਅਦਾਲਤ ’ਚ ਪੇਸ਼ ਕੀਤਾ ਹੈ, ਜਿੱਥੋਂ ਉਸ ਦਾ ਇੱਕ ਰੋਜ਼ਾ ਰਿਮਾਂਡ ਲੈ ਕੇ ਪੜਤਾਲ ਸ਼ੁਰੂ ਕਰ ਦਿੱਤੀ ਹੈ।
ਸੀਆਈਏ-2 ਦੇ ਇੰਚਾਰਜ ਇੰਸਪੈਕਟਰ ਬੇਅੰਤ ਜੁਨੇਜਾ ਨੇ ਦੱਸਿਆ ਕਿ ਪੁਲੀਸ ਨੇ ਗੋਪਾਲ ਨਗਰ ਚੌਕ ਕੋਲ ਨਾਕਾਬੰਦੀ ਕੀਤੀ ਹੋਈ ਸੀ। ਇਸੇ ਦੌਰਾਨ ਪੁਲੀਸ ਨੂੰ ਸੂਚਨਾ ਮਿਲੀ ਕਿ ਮੁਲਜ਼ਮ ਮੋਟਰਸਾਈਕਲ ’ਤੇ ਸਵਾਰ ਹੋ ਕੇ ਹੈਰੋਇਨ ਦੀ ਸਪਲਾਈ ਕਰਨ ਲਈ ਜਾ ਰਿਹਾ ਹੈ। ਪੁਲੀਸ ਨੇ ਮੁਲਜ਼ਮਾਂ ਨੂੰ ਕਾਬੂ ਕਰ ਹੈਰੋਇਨ ਬਰਾਮਦ ਕਰ ਲਈ। ਪੁਲੀਸ ਪੜਤਾਲ ’ਚ ਪਤਾ ਲੱਗਿਆ ਹੈ ਕਿ ਮੁਲਜ਼ਮ ਜਮਾਲਪੁਰ ਦੇ ਹਰਪ੍ਰੀਤ ਸਿੰਘ ਉਰਫ਼ ਹੈਪੀ ਤੋਂ ਇੱਕ ਹਜ਼ਾਰ ਰੁਪਏ ਦਿਹਾੜੀ ਲੈਂਦਾ ਹੈ ਤੇ ਉਸ ਦੇ ਕਹਿਣ ’ਤੇ ਹੀ ਹੈਰੋਇਨ ਸਪਲਾਈ ਕਰਦਾ ਸੀ। ਮੁਲਜ਼ਮ ਹੈਰੋਇਨ ਸਪਲਾਈ ਕਰਨ ਭੇਜਦਾ ਸੀ ਤੇ ਕਿੱਥੋਂ ਲਿਆਉਣੀ ਹੈ, ਇਹ ਵੀ ਦੱਸਦਾ ਸੀ। ਰੋਜ਼ਾਨਾ ਉਸ ਨੂੰ ਇੱਕ ਹਜ਼ਾਰ ਰੁਪਏ ਦਿਹਾੜੀ ਦਿੱਤੀ ਜਾਂਦੀ ਸੀ। ਪੁਲੀਸ ਨੇ ਮੁਲਜ਼ਮ ਹੈਪੀ ਨੂੰ ਵੀ ਮਾਮਲੇ ’ਚ ਨਾਮਜ਼ਦ ਕਰ ਲਿਆ ਹੈ।