ਗਗਨਦੀਪ ਅਰੋੜਾ
ਲੁਧਿਆਣਾ, 23 ਸਤੰਬਰ
ਸਨਅਤੀ ਸ਼ਹਿਰ ਵਿੱਚ ਅੱਜ ਸਵੇਰੇ ਪਏ ਭਰਵੇਂ ਮੀਂਹ ਨਾਲ ਜਿੱਥੇ ਲੁਧਿਆਣਾ ਵਾਸੀਆਂ ਨੂੰ ਹੁੰਮਸ ਤੇ ਗਰਮੀ ਤੋਂ ਰਾਹਤ ਮਿਲੀ ਉੱਥੇ ਹੀ ਕੁੱਝ ਸਮੇਂ ਲਈ ਵਰ੍ਹਿਆ ਇਹ ਮੀਂਹ ਨੀਵੇਂ ਇਲਾਕਿਆਂ ’ਚ ਪਾਣੀ ਭਰਨ ਕਾਰਨ ਲੋਕਾਂ ਲਈ ਮੁਸੀਬਤ ਵੀ ਬਣ ਗਿਆ। ਸ਼ਹਿਰ ਦੇ ਕਈ ਇਲਾਕਿਆਂ ਵਿੱਚ ਸੜਕਾਂ ’ਤੇ ਪਾਣੀ ਭਰ ਗਿਆ।
ਅੱਜ ਸਵੇਰੇ 7 ਵਜੇ ਅਸਮਾਨ ਵਿੱਚ ਹਨੇਰਾ ਛਾ ਗਿਆ, ਤੇਜ਼ ਹਵਾ ਦੇ ਨਾਲ ਅੱਧੇ ਘੰਟੇ ਤੋਂ ਬਾਅਦ ਕਾਫ਼ੀ ਤੇਜ਼ੀ ਨਾਲ ਮੀਂਹ ਵਰ੍ਹਿਆ। ਅੱਜ 56 ਮਿਲੀਮੀਟਰ ਪਏ ਮੀਂਹ ਨੇ ਸ਼ਹਿਰ ਦੀਆਂ ਸੜਕਾਂ ਨੂੰ ਜਲ ਮਗਨ ਕਰ ਦਿੱਤਾ। ਸ਼ਹਿਰ ਦੇ ਨੀਵੇਂ ਇਲਾਕਿਆਂ ਵਿੱਚ ਤਾਂ ਦੇਰ ਸ਼ਾਮ ਤੱਕ ਪਾਣੀ ਖੜ੍ਹਾ ਰਿਹਾ। ਸਨਅਤੀ ਸ਼ਹਿਰ ਵਿੱਚ ਸਵੇਰ ਤੋਂ ਹੀ ਅਸਮਾਨ ਵਿੱਚ ਕਾਲੇ ਬੱਦਲ ਛਾਏ ਹੋਏ ਸਨ। ਸਵੇਰੇ 7 ਵਜੇ ਕਾਲੇ ਬੱਦਲਾਂ ਕਾਰਨ ਹਨੇਰਾ ਪੈ ਗਿਆ ਤੇ ਇੰਝ ਲੱਗਿਆ ਜਿਵੇਂ ਕਿ ਸਵੇਰੇ ਦਾ ਸਮਾਂ ਨਹੀਂ ਬਲਕਿ ਰਾਤ ਦਾ ਸਮਾਂ ਹੋਵੇ। ਕਰੀਬ 7 ਵਜੇ ਦੇ ਆਸ-ਪਾਸ ਮੀਂਹ ਪੈਣਾ ਸ਼ੁਰੂ ਹੋ ਗਿਆ। ਸਵੇਰੇ 7 ਵਜੇ ਤੋਂ ਲੈ ਕੇ 7.40 ਤੱਕ ਮੀਂਹ ਪਿਆ ਤੇ ਮੀਂਹ ਦੇ ਨਾਲ ਹਨੇਰੀ ਵੀ ਚੱਲੀ। ਮੀਂਹ ਕਾਫ਼ੀ ਤੇਜ਼ ਸੀ, ਜਿਸ ਕਰਕੇ ਸ਼ਹਿਰ ਦੇ ਜ਼ਿਆਦਾਤਰ ਇਲਾਕਿਆਂ ਵਿੱਚ ਪਾਣੀ ਖੜ੍ਹਾ ਹੋ ਗਿਆ। ਸਨਅਤੀ ਸ਼ਹਿਰ ਦੇ ਜਨਕਪੁਰੀ, ਟਰਾਂਸਪੋਰਟ ਨਗਰ, ਪੁਰਾਣੀ ਜੀਟੀ ਰੋਡ, ਰਾਹੋਂ ਰੋਡ, ਬਸਤੀ ਜੋਧੇਵਾਲ, ਹੈਬੋਵਾਲ, ਸਰਦਾਰ ਨਗਰ, ਬਾਜਵਾ ਨਗਰ, ਗੁਰਦੇਵ ਨਗਰ, ਦੀਪਕ ਹਸਪਤਾਲ ਵਾਲਾ ਸਰਾਭਾ ਨਗਰ ਰੋਡ, ਕਿਚਲੂ ਨਗਰ, ਜੱਸੀਆ ਰੋਡ, ਜਵਾਲਾ ਸਿੰਘ ਚੌਕ, ਚੂਹੜਪੁਰ ਰੋਡ, ਘੰਟਾ ਘਰ ਚੌਕ, ਮਾਤਾ ਰਾਣੀ ਚੌਕ, ਸੁੰਦਰ ਨਗਰ, ਮਾਧੋਪੁਰੀ, ਗਊਸ਼ਾਲਾ ਰੋਡ ਆਦਿ ਇਲਾਕਿਆਂ ਵਿੱਚ ਪਾਣੀ ਭਰਿਆ ਹੋਣ ਕਾਰਨ ਲੋਕਾਂ ਨੂੰ ਕਾਫ਼ੀ ਪ੍ਰੇਸ਼ਾਨੀ ਹੋਈ।
ਸਕੂਲਾਂ ਦੇ ਵਿਦਿਆਰਥੀ ਟਰੈਫਿਕ ਜਾਮ ਵਿੱਚ ਫਸੇ
ਲੁਧਿਆਣਾ ਸ਼ਹਿਰ ਵਿੱਚ ਸਵੇਰੇ 7 ਵਜੇ ਦਾ ਸਮਾਂ ਸਕੂਲ ਜਾਣ ਦਾ ਸੀ, ਜਿਸ ਕਰ ਕੇ ਮੀਂਹ ਕਾਰਨ ਸਕੂਲੀ ਵਿਦਿਆਰਥੀ ਕਾਫ਼ੀ ਪ੍ਰੇਸ਼ਾਨ ਹੋਏ। ਮੀਂਹ ਤੇਜ਼ ਹੋਣ ਕਾਰਨ ਸਕੂਲ ਦੇ ਆਸ-ਪਾਸ ਪਾਣੀ ਇਕੱਠਾ ਹੋ ਗਿਆ, ਜਿਸ ਕਾਰਨ ਵਿਦਿਆਰਥੀ ਮੀਂਹ ਵਿੱਚ ਤਾਂ ਗਿੱਲੇ ਹੋਏ ਹੀ ਨਾਲ ਹੀ ਪਾਣੀ ਵਿੱਚੋਂ ਲੰਘ ਕੇ ਸਕੂਲ ਜਾਣਾ ਵੀ ਉਨ੍ਹਾਂ ਲਈ ਪ੍ਰੇਸ਼ਾਨੀ ਦਾ ਕਾਰਨ ਬਣਿਆ। ਇਸ ਤੋਂ ਇਲਾਵਾ ਸਕੂਲਾਂ ਦੇ ਬਾਹਰ ਗੱਡੀਆਂ ਜ਼ਿਆਦਾ ਹੋਣ ਕਾਰਨ ਜ਼ਿਆਦਾਤਰ ਸਕੂਲਾਂ ਦੇ ਬਾਹਰ ਟਰੈਫਿਕ ਜਾਮ ਲੱਗਿਆ ਰਿਹਾ।