ਸਿਹਤ ਵਿਭਾਗ ਦੀ ਟੀਮ ਵੱਲੋਂ ਮਠਿਆਈ ਫੈਕਟਰੀ ’ਤੇ ਛਾਪਾ
ਗੰਦਗੀ ਵਿਚਾਲੇ ਬਣਾੲੀ ਜਾ ਰਹੀ ਤਿੰਨ ਕੁਇੰਟਲ ਮਠਿਆੲੀ ਜ਼ਬਤ; ਟੀਮ ਨੇ ਸੈਂਪਲ ਭਰੇ
ਰੱਖੜੀ ਤੋਂ ਪਹਿਲਾਂ ਫੂਡ ਸੇਫਟੀ ਵਿਭਾਗ ਨੇ ਅੱਜ ਜੱਸੀਆਂ ਰੋਡ ਸਥਿਤ ਆਮੇਵੀ ਸਵੀਟਸ ਫੈਕਟਰੀ ’ਚ ਛਾਪਾ ਮਾਰ ਕੇ ਕਰੀਬ ਤਿੰਨ ਕੁਇੰਟਲ ਮਠਿਆਈ ਜ਼ਬਤ ਕੀਤੀ ਗਈ। ਵਿਭਾਗੀ ਟੀਮ ਨੂੰ ਫੈਕਟਰੀ ਵਿੱਚ ਮਠਿਆਈ ਤਿਆਰ ਕਰਨ ਦੌਰਾਨ ਸਾਫ਼-ਸਫ਼ਾਈ ਦੇ ਮਾਪਦੰਡਾਂ ਦੀ ਅਣਦੇਖੀ ਮਿਲੀ। ਮੌਕੇ ਤੋਂ ਵੱਖ-ਵੱਖ ਤਰ੍ਹਾਂ ਦੀਆਂ ਮਠਿਆਈ ਦੇ ਸੈਂਪਲ ਵੀ ਲਏ ਗਏ ਹਨ, ਜਿਨ੍ਹਾਂ ਨੂੰ ਜਾਂਚ ਲਈ ਲੈਬ ਭੇਜਿਆ ਜਾਵੇਗਾ। ਰਿਪੋਰਟ ਦੇ ਆਧਾਰ ’ਤੇ ਫੈਕਟਰੀ ਸੰਚਾਲਕ ਖ਼ਿਲਾਫ਼ ਅਗਲੇਰੀ ਕਾਰਵਾਈ ਕੀਤੀ ਜਾਵੇਗੀ।
ਫ਼ੂਡ ਸੇਫ਼ਟੀ ਵਿਭਾਗ ਦੇ ਅਧਿਕਾਰੀਆਂ ਨੂੰ ਸੂਚਨਾ ਮਿਲੀ ਸੀ ਕਿ ਜੱਸੀਆਂ ਰੋਡ ਸਥਿਤ ਫੈਕਟਰੀ ਵਿੱਚ ਕਥਿਤ ਤੌਰ ’ਤੇ ਗੰਦਗੀ ਵਿਚਾਲੇ ਮਿਠਾਈਆਂ ਤਿਆਰ ਕੀਤੀਆਂ ਜਾ ਰਹੀਆਂ ਹਨ। ਸ਼ਿਕਾਇਤ ਦੇ ਆਧਾਰ ’ਤੇ ਟੀਮ ਨੇ ਅੱਜ ਅਚਾਨਕ ਫੈਕਟਰੀ ’ਚ ਚੈਕਿੰਗ ਕੀਤੀ। ਇਸ ਦੌਰਾਨ ਵੱਡੀ ਮਾਤਰਾ ’ਚ ਤਿਆਰ ਮਠਿਆਈ ਮਿਲੀਆਂ। ਅਧਿਕਾਰੀਆਂ ਮੁਤਾਬਕ ਮੌਕੇ ’ਤੇ ਸਾਫ਼-ਸਫ਼ਾਈ ਦੀ ਸਥਿਤੀ ਬਹੁਤ ਖ਼ਰਾਬ ਸੀ। ਜਾਂਚ ਦੌਰਾਨ ਵਿਭਾਗ ਨੇ ਕਰੀਬ ਤਿੰਨ ਕੁਇੰਟਲ ਮਠਿਆਈ ਕਬਜ਼ੇ ਵਿੱਚ ਲੈ ਲਈ। ਇਨ੍ਹਾਂ ਮਠਿਆਈਆਂ ਦੇ ਸੈਂਪਲ ਲੈ ਕੇ ਜਾਂਚ ਲਈ ਭੇਜੇ ਜਾ ਰਹੇ ਹਨ। ਅਧਿਕਾਰੀਆਂ ਨੇ ਦੱਸਿਆ ਕਿ ਮੌਕੇ ’ਤੇ ਮਿਲੀ ਮਠਿਆਈ ਨੂੰ ਫਿਲਹਾਲ ਖਾਣ ਯੋਗ ਨਹੀਂ ਮੰਨਿਆ ਜਾ ਰਿਹਾ। ਵਿਭਾਗ ਵੱਲੋਂ ਇਨ੍ਹਾਂ ਨੂੰ ਨਸ਼ਟ ਕਰਵਾਉਣ ਦੀ ਪ੍ਰਕਿਰਿਆ ਵੀ ਸ਼ੁਰੂ ਕੀਤੀ ਜਾਵੇਗੀ।
ਪੁਰਾਣੀ ਮਠਿਆਈ ਅਤੇ ਚਾਸ਼ਨੀ ਵਰਤਣ ਦੇ ਦੋਸ਼
ਡੀ ਐੱਚ ਓ ਆਸ਼ੀਸ਼ ਚਾਵਲਾ ਨੇ ਦੱਸਿਆ ਕਿ ਜਾਂਚ ਦੌਰਾਨ ਮਠਿਆਈ ਤਿਆਰ ਕਰਨ ਵੇਲੇ ਸਫ਼ਾਈ ਸਬੰਧੀ ਮਾਪਦੰਡਾਂ ਦੀ ਪਾਲਣਾ ਨਹੀਂ ਕੀਤੀ ਜਾ ਰਹੀ ਸੀ। ਮੁੱਢਲੀ ਜਾਣਕਾਰੀ ਦੌਰਾਨ ਸਾਹਮਣੇ ਆਇਆ ਹੈ ਕਿ ਮਠਿਆਈ ਤਿਆਰ ਕਰਨ ਵਿੱਚ ਬੇਹੀ ਮਠਿਆਈ ਅਤੇ ਚਾਸ਼ਨੀ ਦੀ ਵਰਤੋਂ ਕੀਤੀ ਜਾ ਰਹੀ ਸੀ। ਹਾਲਾਂਕਿ ਸਮੱਗਰੀ ਦੀ ਅਸਲ ਗੁਣਵੱਤਾ ਅਤੇ ਖ਼ੁਰਾਕ ਸੁਰੱਖਿਆ ਮਾਪਦੰਡਾਂ ਦੀ ਸਥਿਤੀ ਸੈਂਪਲ ਜਾਂਚ ਤੋਂ ਬਾਅਦ ਹੀ ਸਪੱਸ਼ਟ ਹੋਵੇਗੀ।
ਉਨ੍ਹਾਂ ਕਿਹਾ ਕਿ ਪੁਰਾਣੀ ਜਾਂ ਖ਼ਰਾਬ ਹੋ ਚੁੱਕੀ ਖਾਣ-ਪੀਣ ਵਾਲੀ ਸਮੱਗਰੀ ਦੀ ਵਰਤੋਂ ਸਿਹਤ ਲਈ ਹਾਨੀਕਾਰਕ ਹੋ ਸਕਦੀ ਹੈ। ਇਸ ਲਈ ਸਿਹਤ ਵਿਭਾਗ ਨੇ ਮੌਕੇ ਤੋਂ ਮਠਿਆਈ ਦੇ ਨਮੂਨੇ ਲੈ ਕੇ ਉਨ੍ਹਾਂ ਨੂੰ ਜਾਂਚ ਲਈ ਲੈਬ ਭੇਜਣ ਦੀ ਕਾਰਵਾਈ ਕੀਤੀ ਹੈ।
ਚਲਾਨ ਦੇ ਨਾਲ ਹੋਵੇਗੀ ਕਾਨੂੰਨੀ ਕਾਰਵਾਈ
ਡੀ ਐੱਚ ਓ ਆਸ਼ੀਸ਼ ਚਾਵਲਾ ਮੁਤਾਬਕ ਫੈਕਟਰੀ ਖ਼ਿਲਾਫ਼ ਚਲਾਨ ਦੀ ਕਾਰਵਾਈ ਕੀਤੀ ਜਾਵੇਗੀ। ਸੈਂਪਲ ਦੀ ਲੈਬ ਰਿਪੋਰਟ ਮਿਲਣ ਤੋਂ ਬਾਅਦ ਖ਼ੁਰਾਕ ਸੁਰੱਖਿਆ ਨਿਯਮਾਂ ਤਹਿਤ ਅਗਲੇਰੀ ਕਾਰਵਾਈ ਤੈਅ ਹੋਵੇਗੀ, ਜਦਕਿ ਜ਼ਬਤ ਕੀਤੀ ਗਈ ਮਠਿਆਈ ਨੂੰ ਨਸ਼ਟ ਕਰਵਾਇਆ ਜਾਵੇਗਾ। ਵਿਭਾਗ ਦੀ ਇਸ ਕਾਰਵਾਈ ਤੋਂ ਸਪੱਸ਼ਟ ਹੈ ਕਿ ਤਿਉਹਾਰੀ ਸੀਜ਼ਨ ਵਿੱਚ ਬਾਜ਼ਾਰ ਵਿੱਚ ਵਿਕਣ ਵਾਲੀਆਂ ਮਠਿਆਈ ਦੀ ਗੁਣਵੱਤਾ ਅਤੇ ਸਾਫ਼-ਸਫ਼ਾਈ ਲਈ ਖ਼ੁਰਾਕ ਸੁਰੱਖਿਆ ਵਿਭਾਗ ਨੇ ਚੌਕਸੀ ਵਧਾ ਦਿੱਤੀ ਹੈ।

